ਗਣਤੰਤਰ ਦਿਵਸ ਮੌਕੇ ਭਾਕਿਯੂ ਉਗਰਾਹਾਂ ਵੱਲੋਂ ਟਰੈਕਟਰ ਮਾਰਚ
ਗਣਤੰਤਰ ਦਿਵਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਕੀਤਾ ਟਰੈਕਟਰ ਮਾਰਚ
Publish Date: Tue, 27 Jan 2026 08:28 PM (IST)
Updated Date: Wed, 28 Jan 2026 04:13 AM (IST)

-ਕਿਹਾ, ਕੇਂਦਰ ਦੀਆਂ ਨੀਤੀਆਂ ਲਾਗੂ ਕਰਨ ਦੀ ਥਾਂ ਪੰਜਾਬ ਦੇ ਲੋਕਾਂ ਨਾਲ ਖੜ੍ਹੇ ਭਗਵੰਤ ਮਾਨ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਇਤਿਹਾਸਿਕ ਕਿਸਾਨ ਅੰਦੋਲਨ ਦੌਰਾਨ 26 ਜਨਵਰੀ 2021 ਦੀ ਟਰੈਕਟਰ ਪਰੇਡ ਦੀ ਪੰਜਵੀਂ ਵਰ੍ਹੇਗੰਢ ਉੱਪਰ ਭਾਰਤੀ ਕਿਸਾਨ ਯੂਨੀਅਨ ਨੇ ਜ਼ਿਲ੍ਹੇ ਅੰਦਰ ਕਈ ਥਾਵਾਂ ’ਤੇ ਟਰੈਕਟਰ ਮਾਰਚ ਕੀਤਾ। ਟਰੈਕਟਰ ਮਾਰਚ ਦਾ ਉਦੇਸ਼ ਕੇਂਦਰ ਸਰਕਾਰ ਦੀਆਂ ਨਿੱਜੀਕਰਨ ਤੇ ਕੇਂਦਰੀਕਰਨ ਦੀਆਂ ਨੀਤੀਆਂ ਵਾਪਸ ਕਰਾਉਣ ਲਈ, ਦਿੱਲੀ ਅੰਦੋਲਨ ਦੀਆਂ ਰਹਿੰਦੀਆਂ ਅਤੇ ਹੋਰ ਭਖਦੀਆਂ ਮੰਗਾਂ ਜਿਵੇਂ ਸਾਰੀਆਂ ਫਸਲਾਂ ’ਤੇ ਐਮਐਸਪੀ ਕਾਨੂੰਨ ਲਾਗੂ ਕਰਵਾਉਣਾ, ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਗੁਜ਼ਾਰੇ ਯੋਗ ਘੱਟੋ ਘੱਟ 10 ਹਜਾਰ ਰੁਪਏ ਪ੍ਰਤੀ ਮਹੀਨਾ, ਬੁਢਾਪਾ ਪੈਨਸ਼ਨ, ਕਿਸਾਨਾਂ ਮਜ਼ਦੂਰਾਂ ਦੀ ਕਰਜਾ ਮੁਕਤੀ, ਫਸਲੀ ਬੀਮਾ ਯੋਜਨਾ, ਸ਼ਹੀਦ ਹੋਏ ਕਿਸਾਨਾਂ, ਮਜਦੂਰਾਂ ਦੇ ਪਰਿਵਾਰਾਂ ਦੀ ਮਕੁੰਮਲ ਕਰਜਾ ਖਤਮ ਤੇ ਇਕ ਜੀਅ ਨੂੰ ਸਰਕਾਰੀ ਨੌਕਰੀ, ਲਖੀਮਪੁਰ ਖੀਰੀ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਆਦਿ ਸਾਰੀਆਂ ਮੰਗਾਂ ਨੂੰ ਲਾਗੂ ਕਰਵਾਉਣ ਅਤੇ ਹੁਣ ਦੇ ਹੱਲੇ ਬਿਜਲੀ ਬਿੱਲ , ਬੀਜ ਬਿੱਲ, ਅਤੇ ਕਿਰਤ ਕਾਨੂੰਨ ਰੱਦ ਕਰਨ, ਮਨਰੇਗਾ ਸਕੀਮ ਬਹਾਲ ਰੱਖਣ, ਮੁਕਤ ਵਪਾਰ ਸਮਝੌਤਿਆਂ ਵਿੱਚੋਂ ਖੇਤੀ ਖੇਤਰ ਨੂੰ ਬਾਹਰ ਕਰਵਾਉਣ, ਕੱਚੀਆਂ ਜ਼ਮੀਨਾਂ ਵਾਲੇ ਹੜ੍ਹ ਪੀੜਤਾਂ ਨੂੰ ਵੀ ਯੋਗ ਮੁਆਵਜਾ ਦਿਵਾਉਣ, ਚਾਰ ਲੇਬਰ ਕੋਡ ਰੱਦ ਕਰਵਾਉਣਾ ਸੀ। ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ਤਹਿਤ ਅੱਜ ਬਠਿੰਡਾ ਦੇ ਗੋਨਿਆਣਾ, ਬੱਲੂਆਣਾ, ਲਹਿਰਾ ਬੇਗਾ, ਨਥਾਣਾ, ਰਾਮਪੁਰਾ, ਫੂਲ, ਮੌੜ ਮੰਡੀ, ਤਲਵੰਡੀ ਸਾਬੋ, ਭਗਤਾ ਅਤੇ ਸੰਗਤ ਤੋਂ ਪਿੰਡਾਂ ਤੇ ਸ਼ਹਿਰਾਂ ਵਿੱਚ ਟਰੈਕਟਰ ਮਾਰਚ ਕੀਤੇ ਗਏ। ਅੱਜ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਬਲਕਰਨ ਸਿੰਘ ਬਰਾੜ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬੁਰਜ ਗਿੱਲ ਦੇ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ(ਧਨੇਰ) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਤੇ ਔਰਤ ਜਥੇਬੰਦੀ ਦੇ ਆਗੂ ਹਰਿੰਦਰ ਕੌਰ ਬਿੰਦੂ , ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਪੂਹਲੀ, ਭਾਕਿਯੂ ਏਕਤਾ ਮਾਨਸਾ ਦੇ ਆਗੂ ਬੇਅੰਤ ਸਿੰਘ, ਜਮਹੂਰੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਸੁਖਮੰਦਰ ਸਿੰਘ ਧਾਲੀਵਾਲ, ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਸੁਖਦੇਵ ਸਿੰਘ ਕੁੱਬੇ ਨੇ ਕਿਹਾ ਕਿ ਭਾਵੇਂ ਦਿੱਲੀ ਅੰਦੋਲਨ ਦੌਰਾਨ ਕਿਸਾਨ ਲਹਿਰ ਦੀ ਤਾਕਤ ਅੱਗੇ ਝੁਕਦਿਆਂ ਕੇਂਦਰ ਦੀ ਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਤਾਂ ਵਾਪਸ ਲੈ ਲਏ ਸਨ ਪਰ ਬਾਕੀ ਰਹਿਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਕੀਤੀਆਂ, ਸਗੋਂ ਇਸ ਦੇ ਉਲਟ ਨਿੱਜੀਕਰਨ ਦਾ ਕੁਹਾੜਾ ਹੋਰ ਤੇਜ ਕੀਤਾ ਜਾ ਰਿਹਾ ਹੈ, ਜਿਸ ਦੇ ਖਿਲਾਫ ਦਿੱਲੀ ਅੰਦੋਲਨ ਤੋਂ ਬਾਅਦ ਲਗਾਤਾਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਮੰਗਾਂ ਲਾਗੂ ਕਰਾਉਣ ਲਈ ਟਰੈਕਟਰ ਮਾਰਚ ਤੇ ਹੋਰ ਵੱਖ ਵੱਖ ਤਰ੍ਹਾਂ ਨਾਲ ਅੰਦੋਲਨ ਜਾਰੀ ਹੈ। ਉਨ੍ਹਾਂ ਇਸ ਟਰੈਕਟਰ ਮਾਰਚ ਦੀ ਮਹੱਤਤਾ ਬਾਰੇ ਦੱਸਦਿਆਂ ਕਿ ਜਿਵੇਂ ਪਹਿਲਾਂ ਬਲਦ ਤੇ ਹਲ ਵਾਹੁੰਦਾ ਕਿਸਾਨ ਕਿਸਾਨੀ ਦੇ ਚਿੰਨ੍ਹ ਹਨ। ਉਸੇ ਤਰ੍ਹਾਂ ਹੁਣ ਟਰੈਕਟਰ ਵੀ ਕਿਸਾਨੀ ਏਕਤਾ ਦਾ ਚਿੰਨ੍ਹ ਬਣ ਗਿਆ ਹੈ ਜੋ ਦਿੱਲੀ ਮੋਰਚੇ ਤੋਂ ਬਾਅਦ ਪੂਰੀ ਦੁਨੀਆਂ ਵਿੱਚ ਕਿਸਾਨ ਟਰੈਕਟਰ ਮਾਰਚਾਂ ਰਾਹੀਂ ਆਪਣੇ ਪ੍ਰਦਰਸ਼ਨ ਕਰਦੇ ਹਨ। ਆਗੂਆਂ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਸਾਰੀਆਂ ਮੰਗਾਂ ਲਾਗੂ ਕਰੇ, ਲੋਕ ਵਿਰੋਧੀ ਨਿੱਜੀਕਰਨ ਦੀਆਂ ਨੀਤੀਆਂ ਤੇ ਕਾਨੂੰਨ ਮੜਨੇ ਬੰਦ ਕਰੇ ਨਹੀਂ ਫਿਰ ਕਿਸਾਨਾਂ ਮਜ਼ਦੂਰਾਂ ਦੇ ਰੋਹ ਦਾ ਟਾਕਰਾ ਕਰਨ ਲਈ ਤਿਆਰ ਰਹੇ। ਮੁੱਖ ਮੰਤਰੀ ਦੁਆਰਾ ਕੇਂਦਰ ਦੀਆਂ ਨੀਤੀਆਂ ਅੱਗੇ ਵਧ ਕੇ ਲਾਗੂ ਕਰਨ ਤੇ ਵਿਰੋਧ ਕਰਨ ਦੀ ਸਿਰਫ ਖੇਖਣਬਾਜ਼ੀ ਕਰਨ ਦੀ ਸਖਤ ਨਿੰਦਾ ਕਰਦਿਆਂ ਆਗੂਆਂ ਨੇ ਕਿਹਾ ਕਿ ਕਿ ਭਗਵੰਤ ਮਾਨ ਕੇਂਦਰ ਦੀਆਂ ਨੀਤੀਆਂ ਲਾਗੂ ਕਰਨ ਦੀ ਥਾਂ ਪੰਜਾਬ ਦੇ ਲੋਕਾਂ ਨਾਲ ਖੜ ਕੇ ਕੇਂਦਰੀਕਰਨ, ਨਿੱਜੀਕਰਨ ਦੇ ਵਿਰੁੱਧ ਅਤੇ ਪੰਜਾਬ ਦੇ ਹੱਕਾਂ ਲਈ ਕੇਂਦਰ ਵਿਰੁੱਧ ਅੰਦੋਲਨ ਕਰੇ। ਬਠਿੰਡਾ ਵਿੱਚ ਕੀਤੇ ਟਰੈਕਟਰ ਮਾਰਚਾਂ ’ਚ ਬੀਕੇਯੂ ਡਕਾਉਂਦਾ ਦੇ ਬਲਦੇਵ ਸਿੰਘ ਭਾਈ ਰੂਪਾ ਤੇ ਬੂਟਾ ਸਿੰਘ ਤੁੰਗਵਾਲੀ, ਬੀਕੇਯੂ ਉਗਰਾਹਾਂ ਦੇ ਹਰਜਿੰਦਰ ਸਿੰਘ ਬੱਗੀ ਤੇ ਜਗਸੀਰ ਸਿੰਘ ਝੁੰਬਾ, ਕੁਲ ਹਿੰਦ ਕਿਸਾਨ ਸਭਾ ਦੇ ਜਸਵੀਰ ਸਿੰਘ ਆਕਲੀਆ ਤੇ ਦਰਸ਼ਨ ਸਿੰਘ ਫੁੱਲੋ ਮਿੱਠੀ, ਬੀਕੇਯੂ ਡਕੌਂਦਾ ਧਨੇਰ ਦੇ ਹਰਵਿੰਦਰ ਸਿੰਘ ਕੋਟਲੀ, ਬੀਕੇਯੂ ਮਾਲਵਾ ਦੇ ਜਗਜੀਤ ਸਿੰਘ ਕੋਟ ਸ਼ਮੀਰ, ਮਜ਼ਦੂਰ ਆਗੂ ਮਿੱਠੂ ਸਿੰਘ ਘੁਦਾ ਤੇ ਮੱਖਣ ਸਿੰਘ ਗੁਰੂਸਰ ਨੇ ਵੀ ਹਿੱਸਾ ਲਿਆ।