ਐਫਐਂਡਸੀਸੀ ਕਮੇਟੀ ਦੀ ਮੀਟਿੰਗ ’ਚ ਵਿਕਾਸ ਏਜੰਡੇ ਨੂੰ ਪ੍ਰਵਾਨਗੀ
ਐਫਐਂਡਸੀਸੀ ਕਮੇਟੀ ਦੀ ਮੀਟਿੰਗ ’ਚ 25 ਕਰੋੜ ਰੁਪਏ ਦੇ ਵਿਕਾਸ ਏਜੰਡਿਆਂ ਨੂੰ ਪ੍ਰਵਾਨਗੀ
Publish Date: Tue, 27 Jan 2026 08:19 PM (IST)
Updated Date: Wed, 28 Jan 2026 04:13 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਨਿਗਮ ਵਿਖੇ ਮੇਅਰ ਪਦਮਜੀਤ ਸਿੰਘ ਮਹਿਤਾ ਦੀ ਪ੍ਰਧਾਨਗੀ ਹੇਠ ਵਿੱਤ ਅਤੇ ਠੇਕਾ ਕਮੇਟੀ (ਐੱਫਐਂਡਸੀਸੀ) ਦੀ ਇਕ ਮਹੱਤਵਪੂਰਨ ਮੀਟਿੰਗ ਹੋਈ, ਜਿਸ ਵਿੱਚ ਸ਼ਹਿਰ ਦੇ ਸਮੁੱਚੇ ਵਿਕਾਸ ਨਾਲ ਸਬੰਧਤ ਲਗਭਗ 25 ਕਰੋੜ ਦੇ 12 ਮਹੱਤਵਪੂਰਨ ਏਜੰਡਿਆਂ 'ਤੇ ਵਿਸਥਾਰ ਨਾਲ ਚਰਚਾ ਕਰਦਿਆਂ ਸਰਬ-ਸੰਮਤੀ ਨਾਲ ਪਾਸ ਕੀਤਾ ਗਿਆ। ਇਸ ਦੌਰਾਨ ਮੇਅਰ ਮਹਿਤਾ ਦੇ ਨਾਲ ਕਮਿਸ਼ਨਰ ਮੈਡਮ ਕੰਚਨ, ਸੀਨੀਅਰ ਡਿਪਟੀ ਮੇਅਰ ਸ਼ਾਮ ਲਾਲ ਜੈਨ, ਐਫਐਂਡਸੀਸੀ ਮੈਂਬਰ ਮੈਡਮ ਪ੍ਰਵੀਨ ਗਰਗ, ਰਤਨ ਰਾਹੀ ਤੇ ਉਮੇਸ਼ ਗਰਗ ਗੋਗੀ, ਕਾਰਜਕਾਰੀ ਇੰਜੀਨੀਅਰ ਰਾਜਿੰਦਰ ਕੁਮਾਰ ਤੇ ਨੀਰਜ ਕੁਮਾਰ ਸਮੇਤ ਮੇਅਰ ਦੇ ਪੀਏ ਸੁਰੇਸ਼ ਸੇਤੀਆ ਮੌਜੂਦ ਸਨ। ਮੇਅਰ ਮਹਿਤਾ ਨੇ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੱਤੀ ਕਿ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਹੋਈ ਮੀਟਿੰਗ ’ਚ ਸ਼ਹਿਰ ਦੀਆਂ ਸੜਕਾਂ ਦੇ ਸੁੰਦਰੀਕਰਨ, ਸੀਵਰੇਜ ਸਿਸਟਮ ਨੂੰ ਮਜ਼ਬੂਤ ਕਰਨ ਤੇ ਪੀਣਯੋਗ ਪਾਣੀ ਦੀ ਸਪਲਾਈ ਪ੍ਰਬੰਧਨ ਨਾਲ ਸਬੰਧਤ ਏਜੰਡਿਆਂ 'ਤੇ ਚਰਚਾ ਕੀਤੀ, ਤਾਂ ਜੋ ਆਮ ਲੋਕਾਂ ਨੂੰ ਬਿਹਤਰ ਸਹੂਲਤਾਂ ਮਿਲ ਸਕਣ। ਸੈਨੀਟੇਸ਼ਨ ਸਿਸਟਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ, ਘਰ-ਘਰ ਕੂੜਾ ਇਕੱਠਾ ਕਰਨ ਲਈ 15 ਟਰੈਕਟਰ-ਟਰਾਲੀਆਂ ਖਰੀਦਣ ਸਬੰਧੀ ਏਜੰਡੇ ਪਾਸ ਕੀਤੇ, ਨਾਲ ਹੀ ਸੀਵਰੇਜ ਸਿਸਟਮ ਦੇ ਸੁਚਾਰੂ ਕੰਮਕਾਜ ਲਈ ਦੋ ਜੈਟਿੰਗ ਮਸ਼ੀਨਾਂ ਤੇ ਦੋ ਸੱਕਸ਼ਨ ਮਸ਼ੀਨਾਂ ਵੀ ਖ਼ਰੀਦੀਆਂ ਜਾਣਗੀਆਂ। ਮਹਿਤਾ ਨੇ ਕਿਹਾ ਕਿ ਨਿਗਮ ਦਾ ਟੀਚਾ ਬਠਿੰਡਾ ਨੂੰ ਇਕ ਸਾਫ਼, ਸੁੰਦਰ ਤੇ ਆਧੁਨਿਕ ਸ਼ਹਿਰ ਵਜੋਂ ਵਿਕਸਤ ਕਰਨਾ ਹੈ ਤੇ ਇਸ ਲਈ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।