ਗਣਤੰਤਰਤਾ ਦਿਵਸ ਦੇ ਪ੍ਰੋਗਰਾਮ ਮੌਕੇ ਹਲਕਾ ਵਿਧਾਇਕ ਅਤੇ ਨਗਰ ਕੌਂਸਲ ਪ੍ਰਧਾਨ ਵਿਚਕਾਰ ਤਤਕਾਰ

-ਨਗਰ ਕੌਂਸਲ ਪ੍ਰਧਾਨ ਨੇ ਵਿਧਾਇਕ ’ਤੇ ਲਾਇਆ 30 ਲੱਖ ਰੁਪਏ ਲੈਣ ਦਾ ਦੋਸ਼, ਮੰਡੀ ਨਿਵਾਸੀਆਂ ਨੇ ਉੱਚ ਪੱਧਰੀ ਜਾਂਚ ਦੀ ਕੀਤੀ ਮੰਗ
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਰਣ, ਮੌੜ ਮੰਡੀ ਦੇ ਪੰਜਾਬ ’ਵਰਸਿਟੀ ਕੈਂਪਸ ਮੌੜ ਅੰਦਰ ਮਨਾਏ ਜਾ ਰਹੇ 26 ਜਨਵਰੀ ਗਣਤੰਤਰ ਦਿਵਸ ਦੇ ਸਮਾਗਮ ’ਚ ਕੁਰਸੀ ’ਤੇ ਬੈਠਣ ਬਾਰੇ ਹਲਕਾ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਤੇ ਨਗਰ ਕੌਂਸਲ ਦੇ ਕਰਨੈਲ ਸਿੰਘ ਵਿਚਾਲੇ ਤਕਰਾਰਬਾਜ਼ੀ ਤੋਂ ਸ਼ੁਰੂ ਹੋ ਕੇ ਗੱਲ ਹੱਥੋਪਾਈ ਤੱਕ ਪਹੁੰਚ ਗਈ।
ਇਸ ਵਿਚ ਪ੍ਰਧਾਨ ਕਰਨੈਲ ਸਿੰਘ ਨੇ ਕਿਹਾ ਕਿ ਵਿਧਾਇਕ ਵੱਲੋਂ ਉਸ ਦੇ ਪੁੱਤਰ ਨੂੰ ਘੰਸੁਨ ਮੁੱਕੇ ਮਾਰੇ ਗਏ, ਜਿਸ ਤੋਂ ਬਾਅਦ ਵਿਧਾਇਕ ਦੇ ਸਮਰਥਕਾਂ ਅਤੇ ਨਗਰ ਕੌਂਸਲ ਪ੍ਰਧਾਨ ਵਿਚਕਾਰ ਗੱਲ ਗਾਲੀ ਗਲੋਚ ਤਕ ਪਹੁੰਚ ਗਈ। ਮਾਮਲਾ ਉਸ ਸਮੇਂ ਹੋਰ ਵੀ ਗੰਭੀਰ ਹੋ ਗਿਆ ਜਦ ਨਗਰ ਕੌਂਸਲ ਦੇ ਪ੍ਰਧਾਨ ਕਰਨੈਲ ਸਿੰਘ ਨੇ ਸਥਾਨਕ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਮੌਜੂਦਗੀ ਅਤੇ ਲੋਕਾਂ ਦੇ ਭਾਰੀ ਇਕੱਠ ਵਿਚ ਹਲਕਾ ਵਿਧਾਇਕ ਨੂੰ 30 ਲੱਖ ਰੁਪਏ ਰਿਸ਼ਵਤ ਦੇ ਕੇ ਪ੍ਰਧਾਨਗੀ ਲੈਣ ਦਾ ਦੋਸ਼ ਲਾਇਆ। ਨਗਰ ਕੌਂਸਲ ਪ੍ਰਧਾਨ ਨੇ ਲਲਕਾਰਦੇ ਹੋਏ ਵਾਰ ਵਾਰ ਇਹ ਗੱਲ ਕਹੀ ਕਿ ਜਿਸ ਨੇ ਰਿਕਾਰਡਿੰਗ ਕਰਨੀ ਹੈ ਕਰ ਲਵੋ ਤੁਹਾਡਾ ਵਿਧਾਇਕ 30 ਲੱਖ ਰੁਪਏ ਵਿਚ ਕਰਨੈਲ ਪ੍ਰਧਾਨ ਨੇ ਖਰੀਦਿਆ ਹੈ। ਵਿਧਾਇਕ ਸਮਰਥਕਾਂ ਅਤੇ ਪ੍ਰਧਾਨ ਵਿਚਕਾਰ ਹੋਈ ਇਸ ਤਕਰਾਰ ਵਿਚ ਪੰਡਾਲ ਇਕ ਵਾਰ ਖਿੱਲਰ ਗਿਆ, ਜਿਸ ਤੋਂ ਬਾਅਦ ਕਾਫੀ ਜੱਦੋਜਹਿਦ ਤੋਂ ਬਾਅਦ ਅਧਿਕਾਰੀਆਂ ਨੇ ਦੁਬਾਰਾ ਪ੍ਰੋਗਰਾਮ ਸ਼ੁਰੂ ਕਰਵਾਇਆ। ਇਸ ਉਪਰੰਤ ਪ੍ਰੋਗਰਾਮ ਦੀ ਸਟੇਜ ਤੋਂ ਸਟੇਜ ਸੈਕਟਰੀ ਦੁਆਰਾ ਵਾਰ ਵਾਰ ਅਪੀਲ ਕੀਤੀ ਕਿ ਤਿਰੰਗੇ ਦੀ ਮਾਣ ਮਰਿਆਦਾ ਨੂੰ ਦੇਖਦੇ ਹੋਏ ਸਰੋਤੇ ਆਪਣੀਆਂ ਜਗ੍ਹਾ ਉੱਪਰ ਬੈਠ ਜਾਣ। ਪਰ ਹਲਕਾ ਵਿਧਾਇਕ, ਹਲਕਾ ਵਿਧਾਇਕ ਦੇ ਹਮਾਇਤੀ ਤੇ ਨਗਰ ਕੌਂਸਲ ਦੇ ਪ੍ਰਧਾਨ ਕਾਫੀ ਸਮਾਂ ਉਸ ਸਥਾਨ ਉੱਪਰ ਹੰਗਾਮਾ ਕਰਦੇ ਰਹੇ। ਇਸ ਸਮੇਂ ਪ੍ਰਸ਼ਾਸਨਿਕ ਅਧਿਕਾਰੀ ਤੇ ਪੁਲਿਸ ਪ੍ਰਸ਼ਾਸਨ ਸਖਤ ਕਦਮ ਨਾ ਚੁੱਕਦੇ ਹੋਏ ਸਿਰਫ ਇਕ ਦੂਜੇ ਨੂੰ ਸਮਝਾਉਣ ਦਾ ਯਤਨ ਕਰਦੇ ਰਹੇ।
ਇਸ ਮਾਮਲੇ ਨੂੰ ਲੈ ਕੇ ਨਗਰ ਕੌਂਸਲ ਪ੍ਰਧਾਨ ਕਰਨੈਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਦ ਉਸ ਐਸਡੀਐਮ ਸਾਹਿਬ ਨਾਲ ਝੰਡੇ ਦੀ ਰਸਮ ਕਰਨ ਤੋਂ ਬਾਅਦ ਬੈਠਣ ਲਈ ਆਪਣੀ ਸੀਟ ’ਤੇ ਗਏ ਤਾਂ ਉੱਥੇ ਮੇਰੀ ਸੀਟ ਉੱਪਰ ਵਿਧਾਇਕ ਦਾ ਕੋਈ ਸਮਰਥਕ ਬੈਠਾ ਹੋਇਆ ਸੀ, ਜਿਸ ਨੂੰ ਮੈਂ ਕਿਹਾ ਕਿ ਇਹ ਮੇਰੀ ਸੀਟ ਹੈ ਇਸ ਨੂੰ ਤੁਸੀ ਖਾਲੀ ਕਰ ਦੇਵੋਂ ਤਾਂ ਵਿਧਾਇਕ ਦੇ ਹੋਰ ਸਮਰਥਕਾਂ ਨੇ ਮੇਰੇ ਨਾਲ ਬਦਤਮੀਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੈਨੂੰ ਨਾ ਬਰਦਾਸ਼ਤਯੋਗ ਅਪਸ਼ਬਦ ਬੋਲੇ, ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਵਿਗੜਿਆ ਹੈ। ਵਿਧਾਇਕ ਇਹ ਵੀ ਕਹਿੰਦੇ ਰਹੇ ਹਨ ਕਿ ਇਸ ਪ੍ਰਧਾਨ ਨੂੰ ਮੈਂ ਕੰਮ ਨਹੀ ਕਰਨ ਦੇਵਾਂਗਾ। ਪ੍ਰਧਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਇਸ ਸਾਰੇ ਮਾਮਲੇ ਦੀ ਜਾਂਚ ਕਰਵਾਕੇ ਉਸ ਨੂੰ ਇਨਸਾਫ ਦਵਾਇਆ ਜਾਵੇ। ਜਦ ਇਸ ਮਾਮਲੇ ਸਬੰਧੀ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਦੇ ਨੰਬਰ ’ਤੇ ਉਨ੍ਹਾਂ ਨੂੰ ਵਾਰ ਵਾਰ ਫੋਨ ਕੀਤਾ ਗਿਆ ਤਾਂ ਉਨ੍ਹਾਂ ਨੇ ਫੋਨ ਨਹੀ ਚੁੱਕਿਆ। ਇਸ ਸਾਰੇ ਘਟਨਾਕ੍ਰਮ ਕਰਕੇ ਮੰਡੀ ਨਿਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੰਡੀ ਦੇ ਨਿਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਇਹ ਵਾਰ ਵਾਰ ਕਹਿੰਦੇ ਹਨ ਕਿ ਕਿਸੇ ਵੀ ਭ੍ਰਿਸ਼ਟਾਚਾਰੀ ਨੂੰ ਨਹੀ ਬਖਸ਼ਿਆ ਜਾਵੇਗਾ ਪ੍ਰੰਤੂ ਇਕ ਚੁਣੇ ਹੋਏ ਨੁਮਾਇੰਦੇ ਨੇ ਹਲਕਾ ਵਿਧਾਇਕ ’ਤੇ ਇਸ ਤਰ੍ਹਾਂ ਭ੍ਰਿਸ਼ਟਾਚਾਰ ਦੇ ਸੰਗੀਨ ਦੋਸ਼ ਲਗਾਏ ਹਨ ਤਾਂ ਇਸ ਦੀ ਵੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।