ਵਿਦਿਆਰਥਣਾਂ ਨੇ ਚਾਈਨਾ ਡੋਰ ਖ਼ਿਲਾਫ ਜਾਗਰੂਕਤਾ ਰੈਲੀ ਕੱਢੀ
ਵਿਦਿਆਰਥਣਾਂ ਨੇ ਚਾਈਨਾ ਡੋਰ ਦੇ ਖ਼ਿਲਾਫ ਜਾਗਰੂਕਤਾ ਰੈਲੀ ਕੱਢੀ
Publish Date: Thu, 22 Jan 2026 05:21 PM (IST)
Updated Date: Thu, 22 Jan 2026 05:24 PM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸ਼ਹੀਦ ਮੇਜਰ ਰਵੀ ਇੰਦਰ ਸਿੰਘ ਸੰਧੂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਬਠਿੰਡਾ ਵਿਚ ਚਾਈਨਾ ਡੋਰ ਦੇ ਮਾੜੇ ਪ੍ਰਭਾਵਾਂ ਸਬੰਧੀ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਜ਼ਿਲ੍ਹਾ ਸਿੱਖਿਆ ਅਧਿਕਾਰੀ ਮਮਤਾ ਖੁਰਾਨਾ ਸੇਠੀ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥਣਾਂ ਨੂੰ ਚਾਈਨਾ ਡੋਰ ਦੇ ਇਸਤੇਮਾਲਾ ਨਾਲ ਹੋਣ ਵਾਲੇ ਜਾਨਲੇਵਾ ਹਾਦਸਿਆਂ ਅਤੇ ਇਸ ਨਾਲ ਜੁੜੇ ਸਮਾਜਿਕ ਤੇ ਵਾਤਾਵਰਣੀ ਨੁਕਸਾਨਾਂ ਬਾਰੇ ਜਾਗਰੂਕ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸਵੇਰ ਦੀ ਸਭਾ ਨਾਲ ਹੋਈ। ਸਕੂਲ ਦੇ ਪ੍ਰਿੰਸੀਪਲ ਕੁਲਵਿੰਦਰ ਸਿੰਘ ਢਿੱਲੋਂ, ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਨੇ ਵੱਖ-ਵੱਖ ਸਰਗਰਮੀਆਂ ਰਾਹੀਂ ਇਸ ਵਿਸ਼ੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਵਿਦਿਆਰਥਣਾਂ ਵੱਲੋਂ ਚਾਈਨਾ ਡੋਰ ਨਾਲ ਹੋਣ ਵਾਲੇ ਨੁਕਸਾਨਾਂ ’ਤੇ ਭਾਸ਼ਣ ਵੀ ਦਿੱਤੇ ਗਏ। ਇਸ ਉਪਰੰਤ ਵੋਕੇਸ਼ਨਲ ਅਧਿਆਪਕ ਅਮਨਦੀਪ ਸਿੰਘ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ, ਪ੍ਰਿੰਸੀਪਲ ਅਤੇ ਸਟਾਫ਼ ਦੀ ਹਾਜ਼ਰੀ ਵਿਚ ਵਿਦਿਆਰਥਣਾਂ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦੀ ਸਹੁੰ ਚੁਕਵਾਈ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਮਮਤਾ ਖੁਰਾਨਾ ਸੇਠੀ ਨੇ ਚਾਈਨਾ ਡੋਰ ਨਾਲ ਮਨੁੱਖੀ ਜੀਵਨ, ਪੰਛੀਆਂ ਅਤੇ ਪਸ਼ੂਆਂ ਨੂੰ ਹੋਣ ਵਾਲੇ ਗੰਭੀਰ ਨੁਕਸਾਨਾਂ ’ਤੇ ਪ੍ਰਕਾਸ਼ ਪਾਇਆ। ਉਨ੍ਹਾਂ ਵਿਦਿਆਰਥਣਾਂ ਨੂੰ ਨਾਰੀ ਸ਼ਕਤੀ ਦੀ ਭੂਮਿਕਾ ਸਮਝਾਉਂਦੇ ਹੋਏ ਸਮਾਜ ਵਿਚ ਫੈਲੀਆਂ ਬੁਰਾਈਆਂ ਖ਼ਿਲਾਫ਼ ਜਾਗਰੂਕ ਅਤੇ ਸਰਗਰਮ ਬਣਨ ਦਾ ਸੰਦੇਸ਼ ਦਿੱਤਾ। ਜਾਗਰੂਕਤਾ ਨੂੰ ਜਨ-ਜਨ ਤਕ ਪਹੁੰਚਾਉਣ ਦੇ ਉਦੇਸ਼ ਨਾਲ ਸਕੂਲ ਵੱਲੋਂ ਸ਼ਹਿਰ ਵਿਚ ਰੈਲੀ ਵੀ ਕੱਢੀ ਗਈ। ਵਿਦਿਆਰਥਣਾਂ ਨੇ ‘ਚਾਈਨਾ ਡੋਰ ਦੂਰ ਭਗਾਓ, ਮਨੁੱਖੀ ਜੀਵਨ ਬਚਾਓ’ ਅਤੇ ‘ਪਤੰਗ ਉਡਾਓ, ਪਰ ਜ਼ਿੰਦਗੀ ਨਾ ਗਵਾਓ’ ਵਰਗੇ ਨਾਅਰਿਆਂ ਰਾਹੀਂ ਆਮ ਲੋਕਾਂ ਨੂੰ ਜਾਗਰੂਕ ਕੀਤਾ। ਇਸ ਰੈਲੀ ਵਿਚ ਮਿਸ਼ਨ ਸਮਰਥ 4.0 ਤਹਿਤ ਦੋ ਦਿਨਾਂ ਦੀ ਟ੍ਰੇਨਿੰਗ ਵਿਚ ਸ਼ਾਮਲ ਅਧਿਆਪਕਾਂ ਨੇ ਵੀ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਸਕੂਲ ਸਟਾਫ਼ ਵੱਲੋਂ ਪਰਮਿੰਦਰ ਸਿੰਘ ਡੀਪੀਈ, ਹਰਜਿੰਦਰ ਸਿੰਘ, ਪਰਮਜੀਤ ਕੌਰ ਲੈਕਚਰਾਰ ਪੰਜਾਬੀ, ਲਵਲੀਨ ਲੈਕਚਰਾਰ ਅੰਗਰੇਜ਼ੀ ਅਤੇ ਰਿਸ਼ੂ ਕੁਮਾਰ ਵੀ ਹਾਜ਼ਰ ਸਨ।