ਸੜਕ ਹਾਦਸਿਆਂ ’ਚ ਦੋ ਵਿਅਕਤੀਆਂ ਦੀ ਮੌਤ
ਸੜਕ ਹਾਦਸਿਆਂ ਵਿੱਚ ਦੋ ਵਿਅਕਤੀਆਂ ਦੀ ਮੌਤ
Publish Date: Thu, 22 Jan 2026 05:06 PM (IST)
Updated Date: Thu, 22 Jan 2026 05:09 PM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਅੰਦਰ ਵਾਪਰੇ ਦੋ ਸੜਕ ਹਾਦਸਿਆਂ ਵਿੱਚ ਦੋ ਵਿਅਕਤੀਆਂ ਦੀ ਦੁਖਦਾਈ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਅਣਪਛਾਤੇ ਟਰੱਕ ਚਾਲਕਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਥਾਣਾ ਨਥਾਣਾ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿੱਚ ਚਰਨਜੀਤ ਕੌਰ ਵਾਸੀ ਪਿੰਡ ਲਹਿਰਾ ਬੇਗਾ ਨੇ ਦੱਸਿਆ ਕਿ ਉਸ ਦਾ ਪਤੀ ਗੁਰਪ੍ਰੀਤ ਸਿੰਘ 38 ਸਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਲਹਿਰਾ ਮੁਹੱਬਤ ਵੱਲ ਨੂੰ ਜਾ ਰਿਹਾ ਸੀ ਕਿ ਇਸ ਦੌਰਾਨ ਹੀ ਇੱਕ ਕੈਪਸੂਲ ਘੋੜਾ ਨੰਬਰ ਪੀਬੀ 03ਏਏ 9851 ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੇ ਪਤੀ ਦੀ ਮੌਤ ਹੋ ਗਈ। ਪੀੜਤ ਨੇ ਦੱਸਿਆ ਕਿ ਘੋੜੇ ਦਾ ਚਾਲਕ ਗੱਡੀ ਨੂੰ ਲਾਪ੍ਰਵਾਹੀ ਨਾਲ ਚਲਾ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਥਾਣਾ ਨਥਾਣਾ ਦੇ ਸਹਾਇਕ ਥਾਣੇਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਘੋੜੇ ਦੇ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਤਰ੍ਹਾਂ ਹੀ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿੱਚ ਗੁਰਪ੍ਰੀਤ ਸਿੰਘ ਵਾਸੀ ਜਗ੍ਹਾ ਰਾਮ ਤੀਰਥ ਨੇ ਦੱਸਿਆ ਕਿ ਉਹ ਅਤੇ ਉਸ ਦੇ ਪਿੰਡ ਦਾ ਅਮਰ ਸਿੰਘ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਹੇ ਸਨ ਕਿ ਇਕ ਤੇਜ਼ ਰਫਤਾਰ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਅਮਰ ਸਿੰਘ ਦੀ ਮੌਤ ਹੋ ਗਈ। ਥਾਣਾ ਤਲਵੰਡੀ ਸਾਬੋ ਦੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।