ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਤੋਂ ਫਿਰੌਤੀ ਮੰਗਣ ਵਾਲਾ ਮੁਲਜ਼ਮ ਪੁਲਿਸ ਮੁਕਾਬਲੇ ਦੌਰਾਨ ਜ਼ਖ਼ਮੀ
ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਤੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗਣ ਵਾਲਾ ਮੁਲਜ਼ਮ ਪੁਲਿਸ ਮੁਕਾਬਲੇ ਦੌਰਾਨ ਜ਼ਖ਼ਮੀ
Publish Date: Sat, 17 Jan 2026 06:41 PM (IST)
Updated Date: Sun, 18 Jan 2026 04:13 AM (IST)

* 9 ਤੇ 10 ਜਨਵਰੀ ਨੂੰ ਫੋਨ ਕਰ ਕੇ ਮੰਗੀ ਸੀ ਫਿਰੌਤੀ, ਨਾ ਦੇਣ ’ਤੇ ਜਾਨੋਂ ਮਾਰਨ ਦੀ ਧਮਕੀ * ਪੁਲਿਸ ਵੱਲੋਂ ਕਤਲ ਦੀ ਨੀਅਤ ਨਾਲ ਹਮਲੇ ਦਾ ਹੋਰ ਮਾਮਲਾ ਦਰਜ ਫੋਟੋ:1,3,4 ਕੈਪਸ਼ਨ: ਪੁਲਿਸ ਮੁਕਾਬਲੇ ਵਾਲੀ ਜਗ੍ਹਾ ਪਹੁੰਚ ਕੇ ਘਟਨਾ ਦਾ ਜਾਇਜਾ ਲੈਂਦੇ ਹੋਏ ਐਸਐਸਪੀ ਡਾ. ਜੋਤੀ ਯਾਦਵ ਬੈਂਸ ਕੈਪਸ਼ਨ: ਪੁਲਿਸ ਮੁਕਾਬਲੇ ਦੌਰਾਨ ਮੁਲਜ਼ਮ ਵੱਲੋਂ ਵਰਤਿਆ ਜਾ ਰਿਹਾ ਡਿੱਗਾ ਹੋਇਆ ਮੋਟਰਸਾਈਕਲ ਅਤੇ ਪਿਸਤੌਲ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਜ਼ਿਲ੍ਹੇ ਦੇ ਪਿੰਡ ਗੁਲਾਬਗੜ੍ਹ ਵਾਸੀ ਤੇ ਇਮੀਗ੍ਰੇਸ਼ਨ ਦਾ ਕਾਰੋਬਾਰ ਕਰਨ ਵਾਲੇ ਇਕ ਵਿਅਕਤੀ ਤੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ’ਚ ਨਾਮਜ਼ਦ ਮੁਲਜ਼ਮ ਨੂੰ ਬਠਿੰਡਾ ਪੁਲਿਸ ਨੇ ਸ਼ਨਿਚਰਵਾਰ ਸਵੇਰੇ ਪੁਲਿਸ ਮੁਕਾਬਲੇ ਮਗਰੋਂ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਚੋਰੀ ਦੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਕੋਟਸ਼ਮੀਰ ਤੋਂ ਆਪਣੇ ਪਿੰਡ ਮਾਹੀਨੰਗਲ ਵੱਲ ਜਾ ਰਿਹਾ ਸੀ। ਪੁਲਿਸ ਮੁਕਾਬਲੇ ਦੌਰਾਨ ਉਸ ਦੀ ਲੱਤ ’ਚ ਗੋਲ਼ੀ ਲੱਗੀ ਹੈ। ਪੁਲਿਸ ਅਨੁਸਾਰ ਪਿੰਡ ਕਟਰ ਸਿੰਘ ਵਾਲਾ ਨੇੜੇ ਗਸ਼ਤ ਕਰ ਰਹੀ ਪੁਲਿਸ ਟੀਮ ਨੇ ਜਦੋਂ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਮੁਲਜ਼ਮ ਨੇ ਦੇਸੀ ਪਿਸਤੌਲ ਨਾਲ ਪੁਲਿਸ ਟੀਮ ’ਤੇ ਗੋਲ਼ੀਆਂ ਚਲਾ ਦਿੱਤੀਆਂ। ਪੁਲਿਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਦੌਰਾਨ ਗੋਲ਼ੀ ਲੱਗਣ ਨਾਲ ਮੁਲਜ਼ਮ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਦਾਖ਼ਲ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਪੁਲਿਸ ਟੀਮ ’ਤੇ ਜਾਨਲੇਵਾ ਹਮਲਾ ਕਰਨ ਦਾ ਇਕ ਹੋਰ ਮਾਮਲਾ ਵੀ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਹਸਪਤਾਲ ਤੋਂ ਛੁੱਟੀ ਮਿਲਣ ਉਪਰੰਤ ਮੁਲਜ਼ਮ ਨੂੰ ਪੁਲਿਸ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਮੁਕਾਬਲੇ ਤੋਂ ਬਾਅਦ ਮੌਕੇ ਦਾ ਜਾਇਜ਼ਾ ਲੈਣ ਪਹੁੰਚੀ ਐੱਸਐੱਸਪੀ ਬਠਿੰਡਾ ਡਾ. ਜੋਤੀ ਯਾਦਵ ਬੈਂਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਬੇਅੰਤ ਸਿੰਘ ਵਾਸੀ ਪਿੰਡ ਗੁਲਾਬਗੜ੍ਹ ਜ਼ਿਲ੍ਹਾ ਬਠਿੰਡਾ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਇਮੀਗ੍ਰੇਸ਼ਨ ਦਾ ਕਾਰੋਬਾਰ ਕਰਦਾ ਹੈ। ਉਸ ਦੇ ਸੈਂਟਰ ਦੁਬਈ ਤੇ ਮੋਹਾਲੀ ’ਚ ਹਨ। ਉਸ ਨੇ ਆਪਣੇ ਬਿਆਨ ’ਚ ਦੱਸਿਆ ਕਿ 9 ਤੇ 10 ਜਨਵਰੀ ਨੂੰ ਉਸ ਦੇ ਦੁਬਈ ਸਥਿਤ ਮੋਬਾਈਲ ਨੰਬਰ 00971544541313 ’ਤੇ ਮੋਬਾਈਲ ਨੰਬਰ 86993-77059 ਤੋਂ ਦੋ ਵਾਰ ਵ੍ਹਟਸਐਪ ਕਾਲ ਆਈ। ਕਾਲ ਕਰਨ ਵਾਲੇ ਅਣਪਛਾਤੇ ਵਿਅਕਤੀ ਨੇ ਉਸ ਤੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਅਤੇ ਪੈਸੇ ਨਾ ਦੇਣ ਦੀ ਸੂਰਤ ’ਚ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸ ਸਬੰਧੀ ਸ਼ਿਕਾਇਤਕਰਤਾ ਵੱਲੋਂ ਥਾਣਾ ਸਦਰ ਬਠਿੰਡਾ ’ਚ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਗਿਆ। ਪੁਲਿਸ ਨੇ ਤਕਨੀਕੀ ਮਾਹਿਰਾਂ ਦੀ ਮਦਦ ਨਾਲ ਧਮਕੀ ਭਰੀਆਂ ਕਾਲਾਂ ਕਰਨ ਵਾਲੇ ਵਿਅਕਤੀ ਦੀ ਪਛਾਣ ਸੇਵਕ ਸਿੰਘ ਵਾਸੀ ਪਿੰਡ ਮਾਹੀਨੰਗਲ, ਜ਼ਿਲ੍ਹਾ ਬਠਿੰਡਾ ਵਜੋਂ ਕੀਤੀ। ਜਾਂਚ ਦੌਰਾਨ ਐੱਸਆਈ ਚਮਕੌਰ ਸਿੰਘ ਵੱਲੋਂ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਮੁਲਜ਼ਮ ਨੂੰ ਨਾਮਜ਼ਦ ਕੀਤਾ ਗਿਆ। ਐੱਸਐੱਸਪੀ ਨੇ ਦੱਸਿਆ ਕਿ ਸ਼ਨਿਚਰਵਾਰ ਸਵੇਰੇ ਸਬ-ਇੰਸਪੈਕਟਰ ਧਰਮਵੀਰ ਸਿੰਘ ਇੰਚਾਰਜ ਚੌਕੀ ਇੰਡਸਟਰੀਅਲ ਏਰੀਆ ਪੁਲਿਸ ਟੀਮ ਨਾਲ ਮੁਲਜ਼ਮ ਦੀ ਭਾਲ ਕਰ ਰਹੇ ਸਨ। ਇਸ ਦੌਰਾਨ ਮੁਖ਼ਬਰ ਤੋਂ ਸੂਚਨਾ ਮਿਲੀ ਕਿ ਮੁਲਜ਼ਮ ਲਾਲ ਰੰਗ ਦੀ ਹੀਰੋ ਪੈਸ਼ਨ ਮੋਟਰਸਾਈਕਲ ’ਤੇ ਪਿੰਡ ਕਟਰ ਸਿੰਘ ਵਾਲਾ ਤੋਂ ਪਿੰਡ ਕੋਟਸ਼ਮੀਰ ਵੱਲ ਕੱਚੇ ਰਸਤੇ ਰਾਹੀਂ ਆ ਰਿਹਾ ਹੈ। ਨਾਕਾਬੰਦੀ ਦੌਰਾਨ ਰੁਕਣ ਦਾ ਇਸ਼ਾਰਾ ਕਰਨ ’ਤੇ ਉਸਨੇ 12 ਬੋਰ ਦੇ ਦੇਸੀ ਕੱਟੇ ਨਾਲ ਪੁਲਿਸ ’ਤੇ ਫਾਇਰਿੰਗ ਕਰ ਦਿੱਤੀ। ਜਵਾਬੀ ਕਾਰਵਾਈ ’ਚ ਪੁਲਿਸ ਦੀ ਗੋਲ਼ੀ ਮੁਲਜ਼ਮ ਦੀ ਸੱਜੀ ਲੱਤ ’ਚ ਲੱਗੀ ਤੇ ਉਹ ਜ਼ਖ਼ਮੀ ਹੋ ਗਿਆ। ਜ਼ਖ਼ਮੀ ਹਾਲਤ ’ਚ ਮੁਲਜ਼ਮ ਨੂੰ ਕਾਬੂ ਕਰ ਕੇ ਸਿਵਲ ਹਸਪਤਾਲ ਬਠਿੰਡਾ ਦਾਖ਼ਲ ਕਰਵਾਇਆ ਗਿਆ। ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਚੋਰੀ ਤੇ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ। ਐੱਸਐੱਸਪੀ ਡਾ. ਜੋਤੀ ਯਾਦਵ ਨੇ ਦੱਸਿਆ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਫਿਰੌਤੀ ਮਾਮਲੇ ਵਿੱਚ ਹੋਰ ਕੌਣ-ਕੌਣ ਸ਼ਾਮਲ ਹੈ। ਨਾਲ ਹੀ ਵਰਤੇ ਗਏ ਮੋਬਾਈਲ ਨੰਬਰ ਅਤੇ ਕਾਲ ਡਿਟੇਲ ਦੀ ਤਕਨੀਕੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਕਾਨੂੰਨ-ਵਿਵਸਥਾ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ।