ਐਨਐਚ-54 ਦੇ 6-ਲੇਨ ਪ੍ਰੋਜੈਕਟ ਦਾ ਸਥਲ ਨਿਰੀਖਣ, ਕੰਮ ਅੰਤਿਮ ਪੜਾਅ ’ਚ

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਨੈਸ਼ਨਲ ਹਾਈਵੇਅ–54 ’ਤੇ ਜੋਧਪੁਰ ਰੋਮਾਣਾ ਬਠਿੰਡਾ ਤੋਂ ਸੰਗਤ ਕਲਾਂ-ਮੰਡੀ ਡੱਬਵਾਲੀ ਸੈਕਸ਼ਨ ਦੇ 6-ਲੇਨ ਅੱਪਗ੍ਰੇਡੇਸ਼ਨ ਪ੍ਰਾਜੈਕਟ ਦਾ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ (ਐੱਨਐੱਚਏਆਈ) ਵੱਲੋਂ ਸਥਲ ਨਿਰੀਖਣ ਕੀਤਾ ਗਿਆ। ਇਸ ਮੌਕੇ ਐੱਨਐੱਚਏਆਈ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਾਜੈਕਟ ਦਾ ਕੰਮ ਲਗਭਗ ਪੂਰਾ ਹੋ ਚੁੱਕਾ ਹੈ ਅਤੇ ਸੜਕ ਨੂੰ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ। ਇਹ ਪ੍ਰਾਜੈਕਟ ਅੰਮ੍ਰਿਤਸਰ–ਬਠਿੰਡਾ–ਜਾਮਨਗਰ ਆਰਥਿਕ ਕੌਰੀਡੋਰ ਦਾ ਇਕ ਅਹਿਮ ਹਿੱਸਾ ਹੈ, ਜਿਸ ਦਾ ਮੁੱਖ ਉਦੇਸ਼ ਪੰਜਾਬ ਅਤੇ ਪੱਛਮੀ ਭਾਰਤ ਦਰਮਿਆਨ ਆਰਥਿਕ ਕਨੈਕਟਿਵਟੀ ਨੂੰ ਮਜ਼ਬੂਤ ਕਰਨਾ ਹੈ। ਇਹ ਸੈਕਸ਼ਨ ਬਠਿੰਡਾ ਜ਼ਿਲ੍ਹੇ ਦੇ ਜੋਧਪੁਰ ਰੋਮਾਣਾ ਪਿੰਡ ਤੋਂ ਸ਼ੁਰੂ ਹੋ ਕੇ ਮੰਡੀ ਡੱਬਵਾਲੀ ਤਕ ਜਾਂਦਾ ਹੈ, ਜਿਸ ਦੀ ਕੁੱਲ ਲੰਬਾਈ 27.40 ਕਿਲੋਮੀਟਰ ਹੈ। ਪ੍ਰਾਜੈਕਟ ਤਹਿਤ ਮੌਜੂਦਾ ਹਾਈਵੇ ਨੂੰ 6-ਲੇਨ ਵਿਚ ਅੱਪਗ੍ਰੇਡ ਕੀਤਾ ਗਿਆ ਹੈ, ਤਾਂ ਜੋ ਟ੍ਰੈਫਿਕ ਨੂੰ ਹੋਰ ਸੁਰੱਖਿਅਤ, ਸੁਗਮ ਅਤੇ ਤੇਜ਼ ਬਣਾਇਆ ਜਾ ਸਕੇ। ਐੱਨਐੱਚਏਆਈ ਅਧਿਕਾਰੀਆਂ ਅਨੁਸਾਰ ਕੁੱਲ ਲੰਬਾਈ ਵਿੱਚੋਂ ਕੇਵਲ 0.310 ਕਿਲੋਮੀਟਰ ਦਾ ਕੰਮ ਜ਼ਮੀਨ ਅਧਿਗ੍ਰਹਣ ਨਾਲ ਜੁੜੇ ਇਕ ਮਾਮਲੇ ਕਾਰਨ ਬਾਕੀ ਹੈ, ਜਿਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਹਿਮਤੀ ਦੇ ਆਧਾਰ ’ਤੇ ਹੱਲ ਕੀਤਾ ਜਾ ਰਿਹਾ ਹੈ। ਭਾਵੇਂ ਇਹ ਕੰਮ ਬਾਕੀ ਹੈ, ਪਰ ਪੂਰੇ ਰੂਟ ਨੂੰ ਟ੍ਰੈਫਿਕ ਲਈ ਖੋਲ੍ਹ ਦਿੱਤਾ ਗਿਆ ਹੈ, ਜਿਸ ਨਾਲ ਸੜਕ ਵਰਤੋਂਕਾਰਾਂ ਨੂੰ ਬਿਨਾਂ ਰੁਕਾਵਟ ਆਵਾਜਾਈ ਦੀ ਸਹੂਲਤ ਮਿਲ ਰਹੀ ਹੈ। ਪਿੰਡ ਜੱਸੀ ਬਾਗਵਾਲੀ ਵਿਖੇ ਸਥਿਤ ਟੋਲ ਪਲਾਜ਼ਾ ਨੂੰ ਵੀ ਆਧੁਨਿਕ ਇਲੈਕਟ੍ਰਾਨਿਕ ਟੋਲ ਕਲੈਕਸ਼ਨ ਪ੍ਰਣਾਲੀ ਨਾਲ ਪੂਰੀ ਤਰ੍ਹਾਂ ਚਾਲੂ ਕਰ ਦਿੱਤਾ ਗਿਆ ਹੈ।
ਇਹ ਕੌਰੀਡੋਰ ਉਦਯੋਗਿਕ ਦ੍ਰਿਸ਼ਟੀ ਤੋਂ ਵੀ ਬਹੁਤ ਮਹੱਤਵਪੂਰਨ ਹੈ, ਕਿਉਂਕਿ ਇਹ ਲੁਧਿਆਣਾ ਅਤੇ ਜਲੰਧਰ ਵਿੱਚ ਪ੍ਰਸਤਾਵਿਤ ਕਈ ਉਦਯੋਗਿਕ ਕਲਸਟਰਾਂ ਨੂੰ ਜੋੜਦਾ ਹੈ। ਲੁਧਿਆਣਾ ਵਿਚ ਤੇਲ ਨਿਕਾਸੀ ਯੂਨਿਟ, ਵਾਇਰ ਡ੍ਰਾਇੰਗ, ਟਰੈਕਟਰ ਪਾਰਟਸ, ਸ਼ੀਟ ਮੈਟਲ, ਗਾਰਮੈਂਟਸ, ਆਟੋ ਪਾਰਟਸ, ਸਿਲਾਈ ਮਸ਼ੀਨ ਅਤੇ ਪ੍ਰਿੰਟਿੰਗ–ਪੈਕੇਜਿੰਗ ਸਮੇਤ ਅੱਠ ਉਦਯੋਗਿਕ ਕਲਸਟਰ ਵਿਕਸਿਤ ਕੀਤੇ ਜਾਣੇ ਹਨ। ਇਸੇ ਤਰ੍ਹਾਂ ਜਲੰਧਰ ਵਿਚ ਸਪੋਰਟਸ ਗੁੱਡਜ਼, ਹੈਂਡ ਟੂਲਜ਼, ਸਰਜੀਕਲ ਉਪਕਰਣ, ਰਬਰ ਗੁੱਡਜ਼, ਲੈਦਰ–ਫੁੱਟਵੇਅਰ, ਆਟੋ ਪਾਰਟਸ, ਖੇਤੀਬਾੜੀ ਯੰਤਰ ਅਤੇ ਜਨਰਲ ਇੰਜੀਨੀਅਰਿੰਗ ਸਮੇਤ 9 ਉਦਯੋਗਿਕ ਕਲਸਟਰ ਪ੍ਰਸਤਾਵਿਤ ਹਨ। ਇਨ੍ਹਾਂ ਉਦਯੋਗਿਕ ਕੇਂਦਰਾਂ ਨੂੰ ਬਿਹਤਰ ਸੜਕ ਕਨੈਕਟਿਵਟੀ ਮਿਲਣ ਨਾਲ ਮਾਲ ਢੁਆਈ ਆਸਾਨ ਹੋਵੇਗੀ, ਲਾਜਿਸਟਿਕ ਖ਼ਰਚੇ ਘਟਣਗੇ ਅਤੇ ਖੇਤਰ ਵਿਚ ਉਦਯੋਗਿਕ ਵਿਕਾਸ ਨਾਲ ਨਿਵੇਸ਼ ਨੂੰ ਵੱਡਾ ਉਤਸ਼ਾਹ ਮਿਲੇਗਾ। ਨਾਲ ਹੀ ਇਹ ਹਾਈਵੇ ਅੰਮ੍ਰਿਤਸਰ, ਸੁਲਤਾਨਪੁਰ ਲੋਧੀ ਅਤੇ ਤਲਵੰਡੀ ਸਾਬੋ ਵਰਗੇ ਪ੍ਰਮੁੱਖ ਧਾਰਮਿਕ ਅਤੇ ਸੈਰ-ਸਪਾਟਾ ਸਥਾਨਾਂ ਦੀ ਕਨੈਕਟੀਵਿਟੀ ਨੂੰ ਵੀ ਹੋਰ ਬਿਹਤਰ ਬਣਾਏਗਾ। ਐੱਨਐੱਚਏਆਈ ਅਧਿਕਾਰੀਆਂ ਨੇ ਕਿਹਾ ਕਿ ਇਹ ਪ੍ਰਾਜੈਕਟ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦੇ ਨਾਲ-ਨਾਲ ਖੇਤਰੀ ਵਿਕਾਸ ਨੂੰ ਤੇਜ਼ੀ ਦੇਵੇਗਾ ਅਤੇ ਵਿਸ਼ਵ-ਪੱਧਰੀ ਸੜਕ ਬੁਨਿਆਦੀ ਢਾਂਚੇ ਦੇ ਨਿਰਮਾਣ ਵੱਲ ਇਕ ਮਹੱਤਵਪੂਰਨ ਕਦਮ ਸਾਬਤ ਹੋਵੇਗਾ।