ਸੁੱਖ ਸ਼ਾਂਤੀ ਤੇ ਸ਼ਹਿਰ ਦੀ ਤਰੱਕੀ ਲਈ ਟਰੱਸਟ ’ਚ ਪਾਠ ਦੇ ਭੋਗ ਪਾਏ
ਸੁੱਖ ਸ਼ਾਂਤੀ ਅਤੇ ਸ਼ਹਿਰ ਦੀ
Publish Date: Fri, 09 Jan 2026 08:14 PM (IST)
Updated Date: Fri, 09 Jan 2026 08:15 PM (IST)
- ਸ਼ਹਿਰ ਦਾ ਵਿਕਾਸ, ਤਰੱਕੀ ਤੇ ਆਪਸੀ ਭਾਈਚਾਰੇ ਨੂੰ ਵਧਾਉਣਾ ਮੁੱਖ ਮਨੋਰਥ : ਭੱਲਾ
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸੁੱਖ ਸ਼ਾਂਤੀ ਸ਼ਹਿਰ ਦੀ ਤਰੱਕੀ ਲਈ ਨਗਰ ਸੁਧਾਰ ਟਰੱਸਟ ਦੇ ਦਫਤਰ ਵਿਚ ਅੱਜ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ। ਇਸ ਮੌਕੇ ਗ੍ਰੰਥੀ ਸਿੰਘ ਵੱਲੋਂ ਅਮਨ ਸ਼ਾਂਤੀ ਅਤੇ ਲੋਕਾਂ ਦੀ ਤਰੱਕੀ ਲਈ ਅਰਦਾਸ ਕੀਤੀ, ਉੱਥੇ ਹੀ ਨਗਰ ਸੁਧਾਰ ਟਰੱਸਟ ਨੂੰ ਹੋਰ ਕੰਮ ਕਰਨ ਦਾ ਬਲ ਬਖਸ਼ਣ ਦੀ ਬੇਨਤੀ ਕੀਤੀ ਗਈ। ਇਸ ਮੌਕੇ ਚਾਹ ਪਕੌੜਿਆਂ ਅਤੇ ਹੋਰ ਵਸਤਾਂ ਦੇ ਲੰਗਰ ਲਾਏ ਗਏ, ਜਿੱਥੇ ਵੱਡੀ ਗਿਣਤੀ ਲੋਕਾਂ ਨੇ ਲੰਗਰ ਛਕਿਆ। ਇਸ ਮੌਕੇ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਨਗਰ ਸੁਧਾਰ ਟਰੱਸਟ ਸ਼ਹਿਰ ਦੇ ਵਿਕਾਸ ਲਈ ਸ਼ਲਾਘਾਯੋਗ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸੋਚ ਹੀ ਤਰੱਕੀ ਅਤੇ ਵਿਕਾਸ ਹੈ। ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਨੇ ਕਿਹਾ ਕਿ ਸਾਲ 2025 ਦੌਰਾਨ ਪੰਜਾਬ ਸਰਕਾਰ ਨੇ ਬਠਿੰਡਾ ਸ਼ਹਿਰ ਨੂੰ ਕਈ ਵੱਡੇ ਪ੍ਰਾਜੈਕਟ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਬਠਿੰਡਾ ਦਾ ਇੱਕੋ ਇੱਕ ਨਗਰ ਸੁਧਾਰ ਟਰਸੱਟ ਰਿਹਾ ਹੈ, ਜਿਸ ਨੇ ਆਪਣਾ ਸਰਕਾਰੀ ਤੌਰ ’ਤੇ ਪੈਟਰੋਲ ਪੰਪ ਲਗਾਇਆ ਹੈ, ਜਿਸ ਨੂੰ ਸਫਲਤਾ ਨਾਲ ਚਲਾਇਆ ਜਾ ਰਿਹਾ ਹੈ। ਭੱਲਾ ਨੇ ਕਿਹਾ ਕਿ ਇਸ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਇਨਕਲੇਵ ਦੀ ਮਨਜ਼ੂਰੀ ਵੀ ਸਰਕਾਰ ਵੱਲੋਂ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪਲਾਂਟ ਤੇ ਵਪਾਰਕ ਥਾਵਾਂ ਲੈਣ ਦੇ ਚਾਹਵਾਨ ਲੋਕ 10 ਜਨਵਰੀ ਤਕ ਆਪਣੀ ਆਰਜ਼ੀਆਂ ਦੇ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਬਲੂ ਫੋਕਸ ਪ੍ਰਾਜੈਕਟ ਅਤੇ ਸੈਰਗਾਹ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਹ ਦੋਵੇਂ ਪ੍ਰਾਜੈਕਟ ਸ਼ਹਿਰ ਦੀ ਸੁੰਦਰਤਾ ਨੂੰ ਚਾਰ ਚੰਨ ਲਾ ਰਹੇ ਹਨ। ਚੇਅਰਮੈਨ ਨੇ ਕਿਹਾ ਕਿ ਨਗਰ ਸੁਧਾਰ ਟਰੱਸਟ ਦੇ ਦਫਤਰ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ ਹਨ ਅਤੇ ਪਰਮਾਤਮਾ ਅੱਗੇ ਸ਼ਹਿਰ ਦੀ ਤਰੱਕੀ ਅਤੇ ਵਿਕਾਸ ਲਈ ਅਰਦਾਸ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਲ 2026 ਦੌਰਾਨ ਪਹਿਲਾਂ ਨਾਲੋਂ ਵੀ ਵੱਧ ਮਿਹਨਤ ਨਾਲ ਕੰਮ ਕੀਤੇ ਜਾਣਗੇ ਅਤੇ ਪੰਜਾਬ ਸਰਕਾਰ ਤੋਂ ਹੋਰ ਵੀ ਪ੍ਰਾਜੈਕਟ ਸ਼ਹਿਰ ਲਈ ਲਿਆਂਦੇ ਜਾਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਤਰੱਕੀ, ਵਿਕਾਸ ਅਤੇ ਆਪਸੀ ਭਾਈਚਾਰਾ ਵਧਾਉਣਾ ਹੀ ਉਨ੍ਹਾਂ ਦਾ ਮੁੱਖ ਮਨੋਰਥ ਹੈ।