ਪ੍ਰੀਮੀਅਰ ਲੀਗ 12 ਤੋਂ ਸ਼ੁਰੂ, ਬਾਲੀਵੁੱਡ ਤੇ ਕ੍ਰਿਕਟ ਸਿਤਾਰਿਆਂ ਦਾ ਹੋਵੇਗਾ ਮਹਾਂ ਸੰਗਮ
ਬਠਿੰਡਾ ਪ੍ਰੀਮੀਅਰ ਲੀਗ 12 ਜਨਵਰੀ ਤੋਂ ਸ਼ੁਰੂ, ਬਾਲੀਵੁੱਡ ਅਤੇ ਕ੍ਰਿਕਟ ਸਿਤਾਰਿਆਂ ਦਾ ਹੋਵੇਗਾ ਮਹਾਂ ਸੰਗਮ
Publish Date: Fri, 09 Jan 2026 06:05 PM (IST)
Updated Date: Fri, 09 Jan 2026 06:06 PM (IST)

- ਕੁਆਰਟਰ ਫਾਈਨਲ, ਸੈਮੀਫਾਈਨਲ ਤੇ ਫਾਈਨਲ ਵਿਚ ਜੇਤੂ ਟੀਮਾਂ ਨੂੰ ਦਿੱਤੇ ਜਾਣਗੇ ਆਕਰਸ਼ਕ ਇਨਾਮ : ਮੇਅਰ ਮਹਿਤਾ ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਬਠਿੰਡਾ ਵਿਚ 12 ਜਨਵਰੀ ਤੋਂ ਪਹਿਲੀ ਵਾਰ ਖੇਡਾਂ, ਮਨੋਰੰਜਨ ਅਤੇ ਨਸ਼ਾ ਵਿਰੋਧੀ ਲਹਿਰ ਦਾ ਇਤਿਹਾਸਕ ਸੰਗਮ ‘ਬਠਿੰਡਾ ਪ੍ਰੀਮੀਅਰ ਲੀਗ’ ਤਹਿਤ ਕਰਵਾਇਆ ਜਾ ਰਿਹਾ ਹੈ। ਇਸ ਲੀਗ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਰੰਗਲਾ ਪੰਜਾਬ ਦ੍ਰਿਸ਼ਟੀਕੋਣ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪ੍ਰੇਰਨਾ ਹੇਠ ਸ਼ੁਰੂ ਕੀਤਾ ਗਿਆ ਹੈ। ਇਸ ਦੀ ਅਗਵਾਈ ਬਠਿੰਡਾ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਕਰ ਰਹੇ ਹਨ। ਮੇਅਰ ਮਹਿਤਾ ਨੇ ਦੱਸਿਆ ਕਿ ਇਹ ਲੀਗ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਇਕ ਸ਼ਕਤੀਸ਼ਾਲੀ ਕਦਮ ਹੈ। ਇਤਿਹਾਸਕ ਮੌਕੇ ਬਾਲੀਵੁੱਡ ਅਭਿਨੇਤਰੀਆਂ ਅਮੀਸ਼ਾ ਪਟੇਲ ਅਤੇ ਜ਼ਰੀਨ ਖਾਨ ਪੇਸ਼ਕਾਰੀ ਕਰਨਗੀਆਂ, ਜਦਕਿ ਨੂਰਾਂ ਸਿਸਟਰਜ਼, ਮਾਸਟਰ ਸਲੀਮ ਅਤੇ ਮਾਸ਼ਾ ਅਲੀ ਸੁਰੀਲੀ ਗਾਇਕੀ ਨਾਲ ਦਰਸ਼ਕਾਂ ਨੂੰ ਮੋਹਿਤ ਕਰਨਗੇ। ਅੰਤਰਰਾਸ਼ਟਰੀ ਕ੍ਰਿਕਟਰ ਹਰਭਜਨ ਸਿੰਘ ਵੀ ਇਸ ਸਮਾਗਮ ਵਿਚ ਮੌਜੂਦ ਹੋਣਗੇ। ਇਸ ਦੌਰਾਨ ਬਠਿੰਡਾ ਦੇ 50 ਵਾਰਡਾਂ ਦੀਆਂ 50 ਟੀਮਾਂ ਇਸ ਪ੍ਰੀਮੀਅਰ ਲੀਗ ਵਿਚ ਭਾਗ ਲੈਣਗੀਆਂ ਅਤੇ ਦਸ ਪੂਲ ਬਣਾਏ ਗਏ ਹਨ, ਹਰ ਪੂਲ ਵਿਚ 10 ਮੈਚ ਹੋਣਗੇ। ਇਸ ਮੌਕੇ ਕੁੱਲ 115 ਮੁਕਾਬਲੇ ਕਰਵਾਏ ਜਾਣਗੇ, ਜੋ ਹਰੇਕ ਸ਼ਨਿਚਰਵਾਰ ਅਤੇ ਐਤਵਾਰ ਨੂੰ ਖੇਡੇ ਜਾਣਗੇ। ਕੁਆਰਟਰ ਫਾਈਨਲ, ਸੈਮੀਫਾਈਨਲ ਅਤੇ ਫਾਈਨਲ ਵਿੱਚ ਜੇਤੂ ਟੀਮਾਂ ਨੂੰ ਆਕਰਸ਼ਕ ਇਨਾਮ ਦਿੱਤੇ ਜਾਣਗੇ। ਇਸ ਦੌਰਾਨ ਦਰਸ਼ਕਾਂ ਲਈ ਐਂਟਰੀ ਮੁਫ਼ਤ ਹੈ, ਪਰ ਪਾਸ ਦੀ ਵਿਵਸਥਾ ਕੀਤੀ ਗਈ ਹੈ। ਪਾਸ ਮੇਅਰ ਦਫ਼ਤਰ, ਵਾਰਡ ਕੌਂਸਲਰ ਜਾਂ ਹੱਲ-ਸਥਾਨੀਕ ਪਹੁੰਚ ਸਥਾਨਾਂ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰੀਮੀਅਰ ਲੀਗ ਬਠਿੰਡਾ ਨੂੰ ਨਸ਼ਾ ਮੁਕਤ ਬਣਾਉਣ ਅਤੇ ਨੌਜਵਾਨਾਂ ਵਿੱਚ ਖੇਡਾਂ ਦੀ ਸ਼ੌਕ ਅਤੇ ਉਤਸ਼ਾਹ ਵਧਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗੀ।