ਬਠਿੰਡਾ ’ਚ ਲਗਾਤਾਰ ਦੂਜੇ ਦਿਨ ਕੋਲਡ ਡੇ, ਜਨਵਰੀ ਦੀ ਸ਼ੁਰੂਆਤ ’ਚ ਕੜਾਕੇ ਦੀ ਠੰਢ
ਬਠਿੰਡਾ ਵਿੱਚ ਲਗਾਤਾਰ ਦੂਜੇ ਦਿਨ ਕੋਲਡ ਡੇ, ਜਨਵਰੀ ਦੀ ਸ਼ੁਰੂਆਤ ਵਿੱਚ ਕੜਾਕੇ ਦੀ ਠੰਢ
Publish Date: Thu, 08 Jan 2026 06:05 PM (IST)
Updated Date: Thu, 08 Jan 2026 06:06 PM (IST)

- ਵੱਧ ਤੋਂ ਵੱਧ ਤਾਪਮਾਨ 10 ਡਿਗਰੀ ਤੋਂ ਹੇਠਾਂ, ਧੁੰਦ ਤੇ ਨਮੀ ਨਾਲ ਵਧੀ ਠੰਢ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਬਠਿੰਡਾ ਜ਼ਿਲ੍ਹੇ ਵਿੱਚ ਸਾਲ 2026 ਦੀ ਜਨਵਰੀ ਦੀ ਸ਼ੁਰੂਆਤ ਨਾਲ ਹੀ ਕੜਾਕੇ ਦੀ ਠੰਢ ਨੇ ਲੋਕਾਂ ਨੂੰ ਬੇਹਾਲ ਕਰ ਦਿੱਤਾ ਹੈ। ਜ਼ਿਲ੍ਹੇ ਵਿੱਚ ਲਗਾਤਾਰ ਦੂਜੇ ਦਿਨ ਕੋਲਡ ਡੇ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਜਦੋਂ ਵੱਧ ਤੋਂ ਵੱਧ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਹੇਠਾਂ ਚਲਾ ਜਾਵੇ ਤਾਂ ਉਸ ਸਥਿਤੀ ਨੂੰ ਕੋਲਡ ਡੇ ਦੀ ਸ੍ਰੇਣੀ ਵਿੱਚ ਰੱਖਿਆ ਜਾਂਦਾ ਹੈ। ਦਸੰਬਰ ਦਾ ਪੂਰਾ ਮਹੀਨਾ ਠੰਢ ਤਾਂ ਰਿਹਾ, ਪਰ ਕੋਲਡ ਡੇ ਦੀ ਸਥਿਤੀ ਨਹੀਂ ਬਣੀ ਸੀ। ਹੁਣ ਜਨਵਰੀ ਦੇ ਪਹਿਲੇ ਹਫ਼ਤੇ ਵਿੱਚ ਹੀ ਠੰਡ ਨੇ ਆਪਣੇ ਤਿੱਖੇ ਤੇਵਰ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ 7 ਜਨਵਰੀ 2026 ਨੂੰ ਬਠਿੰਡਾ ਦਾ ਘੱਟ ਤੋਂ ਘੱਟ ਤਾਪਮਾਨ 4.6 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 10.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੌਰਾਨ ਨਮੀ 94 ਫੀਸਦੀ ਅ ਰਹੀ। ਹਵਾ ਦੀ ਗਤੀ ਬਹੁਤ ਘੱਟ, ਸਿਰਫ਼ 0.8 ਕਿਲੋਮੀਟਰ ਪ੍ਰਤੀ ਘੰਟਾ ਰਹੀ, ਜਦਕਿ ਹਲਕੀ ਧੁੱਪ ਨਿਕਲੀ । ਉੱਧਰ 8 ਜਨਵਰੀ ਨੂੰ ਵੀ ਜ਼ਿਲ੍ਹੇ ਵਿੱਚ ਕੋਲਡ ਡੇ ਦੀ ਸਥਿਤੀ ਬਣੀ ਰਹੀ। ਇਸ ਦਿਨ ਘੱਟ ਤੋਂ ਘੱਟ ਤਾਪਮਾਨ 6.0 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 9.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕੋਲਡ ਡੇ ਦੀ ਸ੍ਰੇਣੀ ਵਿੱਚ ਆਉਂਦਾ ਹੈ। ਇਸ ਦਿਨ ਵੀ ਵੱਧ ਤੋਂ ਵੱਧ ਨਮੀ 94 ਫੀਸਦੀ ਅਤੇ ਘੱਟ ਤੋਂ ਘੱਟ ਨਮੀ 86 ਫੀਸਦੀ ਰਹੀ। ਹਵਾ ਦੀ ਗਤੀ 0.9 ਕਿਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ। ਠੰਢੀ ਹਵਾ ਅਤੇ ਵਧੀ ਨਮੀ ਕਾਰਨ ਲੋਕ ਸਾਰਾ ਦਿਨ ਠਿਠੁਰਦੇ ਨਜ਼ਰ ਆਏ। ਲਗਾਤਾਰ ਦੋ ਦਿਨ ਕੋਲਡ ਡੇ ਰਹਿਣ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਸਵੇਰੇ ਅਤੇ ਸ਼ਾਮ ਦੇ ਸਮੇਂ ਸੜਕਾਂ ’ਤੇ ਆਵਾਜਾਈ ਘੱਟ ਦੇਖਣ ਨੂੰ ਮਿਲੀ। ਬਾਜ਼ਾਰਾਂ ਵਿੱਚ ਵੀ ਦਿਨ ਭਰ ਰੌਣਕ ਘੱਟ ਰਹੀ, ਜਦਕਿ ਸ਼ਾਮ ਢਲਦੇ ਹੀ ਲੋਕ ਘਰਾਂ ਵਿੱਚ ਹੀ ਰਹਿਣ ਨੂੰ ਤਰਜੀਹ ਦਿੰਦੇ ਨਜ਼ਰ ਆਏ। ਮੌਸਮ ਵਿਸ਼ੇਸ਼ਕਾਂ ਦਾ ਕਹਿਣਾ ਹੈ ਕਿ ਉੱਤਰ ਭਾਰਤ ਵਿੱਚ ਚੱਲ ਰਹੀ ਸ਼ੀਤ ਲਹਿਰ ਅਤੇ ਘਣੀ ਨਮੀ ਕਾਰਨ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਹਵਾ ਦੀ ਗਤੀ ਘੱਟ ਹੋਣ ਅਤੇ ਧੁੱਪ ਨਾ ਨਿਕਲਣ ਨਾਲ ਠੰਢ ਦਾ ਅਸਰ ਹੋਰ ਵੀ ਵਧ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਵੀ ਸਵੇਰੇ ਅਤੇ ਸ਼ਾਮ ਦੇ ਸਮੇਂ ਠੰਢ ਅਤੇ ਕੋਹਰਾ ਬਣੇ ਰਹਿਣ ਦੀ ਸੰਭਾਵਨਾ ਹੈ। - ਠੰਢ ਤੇ ਸ਼ੀਤ ਲਹਿਰ ਦੇ ਮਾੜੇ ਪ੍ਰਭਾਵ ਤੋਂ ਜ਼ਿਲ੍ਹਾ ਵਾਸੀ ਰਹਿਣ ਸਾਵਧਾਨ : ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਜ਼ਿਲ੍ਹਾ ਵਾਸੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਠੰਢ ਦੇ ਮਾੜੇ ਪ੍ਰਭਾਵਾਂ ਤੋਂ ਸਾਵਧਾਨ ਰਹਿਣ। ਉਨ੍ਹਾਂ ਕਿਹਾ ਕਿ ਸਰਦੀਆਂ ਵਿੱਚ ਪੌਸਟਿਕ ਆਹਾਰ ਦੇ ਨਾਲ-ਨਾਲ ਗਰਮ ਕੱਪੜੇ ਪਹਿਣਾ ਲਾਜ਼ਮੀ ਬਣਾਉਣ। ਇਸ ਮੌਕੇ ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਪੈਣ ਵਾਲੀ ਧੁੰਦ ਦੇ ਮੱਦੇਨਜ਼ਰ ਆਵਾਰਾ ਪਸ਼ੂਆਂ ਦੇ ਰਿਫ਼ਲੈਕਟਰ ਲਗਾਉਣਾ ਲਾਜ਼ਮੀ ਬਣਾਉਣ ਤਾਂ ਜੋ ਪਸ਼ੂਆਂ ਕਾਰਨ ਵਾਪਰਨ ਵਾਲੀਆਂ ਅਣਹੋਣੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਪ-ਮਹਾਂਦੀਪ ਦੇ ਖੇਤਰ ਵਿੱਚ ਉੱਤਰ ਤੋਂ ਆਉਣ ਵਾਲੀਆਂ ਠੰਢੀਆਂ ਹਵਾਵਾਂ ਦੇ ਨਾਲ ਬਹੁਤ ਘੱਟ ਤਾਪਮਾਨ ਦੀ ਮੌਜੂਦਗੀ ਤੇ ਠੰਢ ਦੇ ਮਾੜੇ ਪ੍ਰਭਾਵ ਦੇ ਕਾਰਨ ਬਹੁਤ ਜ਼ਿਆਦਾ ਸ਼ੀਤ ਲਹਿਰਾਂ ਦਾ ਖੇਤੀਬਾੜੀ, ਸਿਹਤ, ਪਸ਼ੂਆਂ ਦੀ ਖੁਰਾਕ, ਵਾਤਾਵਰਣ ਤੇ ਮਹੱਤਵਪੂਰਨ ਪ੍ਰਭਾਵ ਪੈਣ ਦਾ ਖ਼ਦਸਾ ਬਣਿਆ ਰਹਿੰਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਗਾਮੀ ਠੰਢ ਤੇ ਸ਼ੀਤ ਲਹਿਰ ਨਾਲ ਸਮਾਜਿਕ-ਆਰਥਿਕਤਾ ਅਤੇ ਹੋਰ ਸਬੰਧਤ ਸੈਕਟਰ ਇਸ ਨਾਲ ਸਬਜ਼ੀ ਵਿਕਰੇਤਾਵਾਂ ਸਮੇਤ ਸੇਵਾ ਖੇਤਰ ਖਾਸ ਤੌਰ ਤੇ ਗਰੀਬ ਲੋਕ ਪ੍ਰਭਾਵਿਤ ਹੋ ਸਕਦੇ ਹਨ। ਰਿਕਸ਼ਾ ਚਾਲਕ, ਡੇਲੀ ਵੇਜ ਵਰਕਰ ਅਤੇ ਰੋਡ ਸਾਈਡ ਕਿਓਸਕ ਓਪਰੇਟਰ, ਕੋਲਡ ਵੇਵ ਰਿਸਕ ਰਿਡਕਸ਼ਨ ਨਾਲ ਸਬੰਧਤ ਮੁੱਦਿਆਂ ਨਾਲ ਨਜਿੱਠਣ ਲਈ ਐਨਸੀਐਮਏ ਨੇ ਸ਼ੀਤ ਲਹਿਰ ਤੇ ਠੰਢ ਦੀ ਰੋਕਥਾਮ ਅਤੇ ਪ੍ਰਬੰਧਨ ਕਾਰਜ ਯੋਜਨਾ ਦੀ ਤਿਆਰੀ ਲਈ ਰਾਸ਼ਟਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਿਨ੍ਹਾਂ ਦੀ ਪਾਲਣਾ ਕਰਨਾ ਸਾਡੇ ਸਭ ਲਈ ਅਹਿਮ ਹੈ। --