ਤਲਵੰਡੀ ਸਾਬੋ ’ਚ 43 ਫੀਸਦੀ ਵੋਟ ਹੋਈ ਪੋਲ
ਤਲਵੰਡੀ ਸਾਬੋ ਹਲਕੇ ਅੰਦਰ ਕਰੀਬ 43 ਫੀਸਦੀ ਵੋਟ ਪੋਲ ਹੋਈ
Publish Date: Sun, 14 Dec 2025 08:12 PM (IST)
Updated Date: Mon, 15 Dec 2025 04:09 AM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਪਿੰਡਾਂ ਅੰਦਰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ। ਭਾਵੇਂ ਅਫਵਾਹਾਂ ਦਾ ਬਜ਼ਾਰ ਥੋੜਾ ਗਰਮ ਰਿਹਾ ਪਰ ਨਿਰਧਾਰਤ ਸਮੇਂ ਤਕ ਵੋਟਾਂ ਪੈਣ ਸਮੇਂ ਪੋਲਿੰਗ ਬੂਥਾਂ ’ਤੇ ਸ਼ਾਂਤੀ ਬਣੀ ਰਹੀ। ਸੰਘਣੀ ਧੁੰਦ ਕਾਰਨ ਸਵੇਰੇ ਵੋਟਾਂ ਪਾਉਣ ਲਈ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਨਹੀਂ ਲੱਗੀਆਂ ਅਤੇ ਖਾਸ ਕਰਕੇ 12 ਵਜੇ ਦੇ ਕਰੀਬ ਵੀ ਪਿੰਡਾਂ ਅੰਦਰ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਨਹੀਂ ਵੇਖੀਆਂ ਗਈਆਂ। ਇੰਝ ਜਾਪ ਰਿਹਾ ਸੀ ਕਿ ਲੋਕਾਂ ਨੂੰ ਵੋਟਾਂ ਲਈ ਰੁਚੀ ਘੱਟ ਹੈ ਤੇ ਸ਼ਾਮ ਨਿਰਧਾਰਤ ਸਮੇਂ ਤਕ ਇਲਾਕੇ ਅੰਦਰ ਕਰੀਬ 43 ਫੀਸਦੀ ਵੋਟ ਪੋਲ ਹੋਈ। ਬਜ਼ੁਰਗਾਂ ਵਿਚ ਵੋਟਾਂ ਪਾਉਣ ਦਾ ਉਤਸ਼ਾਹ ਬਣਿਆ ਰਿਹਾ। ਪ੍ਰਸ਼ਾਸਨ ਵੱਲੋਂ ਇਲਾਕੇ ਦੇ 157 ਬੂਥਾਂ 'ਤੇ ਪੂਰੇ ਪ੍ਰਬੰਧ ਕੀਤੇ ਹੋਏ ਸਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ 'ਤੇ ਇੰਨਾਂ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਗਿਆ। ਵੋਟਾਂ ਪੈਣ ਦਾ ਕੰਮ ਨੇਪਰੇ ਚੜ੍ਹਨ ਤੋਂ ਬਾਅਦ ਹੁਣ ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕ ਨਤੀਜਿਆਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।