ਹੋਟਲ ’ਚ ਛਾਪੇਮਾਰੀ ਦੌਰਾਨ 10 ਵਿਅਕਤੀ ਕਾਬੂ
ਹੋਟਲ ’ਚ ਕਿੱਟੀ ਪਾਰਟੀ ਦੇ ਬਹਾਨੇ ਕਰਵਾਇਆ ਜਾ ਰਿਹਾ ਸੀ ਨਜਾਇਜ਼ ਧੰਦਾ
Publish Date: Mon, 01 Dec 2025 08:48 PM (IST)
Updated Date: Tue, 02 Dec 2025 04:12 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਠਿੰਡਾ ਸ਼ਹਿਰ ’ਚ ਗੋਨਿਆਣਾ ਰੋਡ ’ਤੇ ਬਣੇ ਨਾਮੀ ਹੋਟਲ ’ਚ ਕਿੱਟੀ ਪਾਰਟੀ ਦੀ ਆੜ ’ਚ ਆਰਕੈਸਟਰਾਂ ਦਾ ਕੰਮ ਕਰਦੀਆਂ ਲੜਕੀਆਂ ਤੋਂ ਨਜਾਇਜ਼ ਧੰਦਾ ਕਰਵਾਉਣ ਦੇ ਮਾਮਲੇ ’ਚ ਥਾਣਾ ਕੋਤਵਾਲੀ ਦੀ ਪੁਲਿਸ ਨੇ ਹੋਟਲ ਮਾਲਕ ਸਮੇਤ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਪੀ ਸਿਟੀ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਐਤਵਾਰ ਸ਼ਾਮ ਨੂੰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ਦੇ ਗੋਨਿਆਣਾ ਰੋਡ ’ਤੇ ਬਣੇ ਇਕ ਨਿੱਜੀ ਹੋਟਲ ਵਿਚ ਕਿੱਟੀ ਪਾਰਟੀ ਦੀ ਆੜ ’ਚ ਆਰਕੈਸਟਰਾਂ ਦਾ ਕੰਮ ਕਰਦੀਆਂ ਲੜਕੀਆਂ ਤੋਂ ਨਜਾਇਜ਼ ਧੰਦਾ ਕਰਵਾਇਆ ਜਾ ਰਿਹਾ ਸੀ। ਪੁਲਿਸ ਪਾਰਟੀ ਨੇ ਜਦ ਇਸ ਸਬੰਧ ’ਚ ਹੋਟਲ ’ਚ ਛਾਪੇਮਾਰੀ ਕੀਤੀ ਤਾਂ ਉਥੋ ਹੋਟਲ ਮਾਲਕ ਪੰਕਜ ਵਾਸੀ ਸੰਗਤ ਮੰਡੀ ਹਾਲ ਆਬਾਦ ਬਠਿੰਡਾ ਸਮੇਤ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੱਸਿਆ ਕਿ ਬਾਕੀ ਦੇ ਫੜ੍ਹੇ ਦੋਸ਼ੀਆਂ ’ਚ ਤਿੰਨ ਵਿਅਕਤੀ ਗਿੱਦੜਬਾਹਾ, 3 ਵਿਅਕਤੀ ਰਾਜਸਥਾਨ ਦੇ ਸ਼ਹਿਰ ਹਨੂੰਮਾਨਗੜ੍ਹ , ਇਕ ਵਿਅਕਤੀ ਪਿੰਡ ਵਿਰਕ ਕਲਾਂ ਤੇ ਇਕ ਵਿਅਕਤੀ ਜੀਰਕਪੁਰ ਦਾ ਰਹਿਣ ਵਾਲਾ ਹੈ। ਉਨ੍ਹਾਂ ਦੱਸਿਆ ਕਿ ਹੋਟਲ ਦੇ ਮਾਲਕ ਪੰਕਜ ਦਾ ਭਰਾ ਮੌਕੇ ’ਤੇ ਨਹੀਂ ਮਿਲਿਆ, ਜਿਸ ਦੀ ਗ੍ਰਿਫ਼ਤਾਰੀ ਲਈ ਉਸ ਦੀ ਭਾਲ ਕੀਤੀ ਜਾ ਰਹੀ ਹੈ। ਬਠਿੰਡਾ ਪੁਲਿਸ ਪਿਛਲੇ ਕਾਫ਼ੀ ਸਮੇਂ ਤੋਂ ਹੋਟਲਾਂ ’ਤੇ ਲਗਾਤਾਰ ਛਾਪੇਮਾਰੀ ਕਰਕੇ ਉਥੇ ਹੁੰਦੀਆਂ ਗਲਤ ਗਤੀਵਿਧੀਆਂ ’ਚ ਸ਼ਾਮਲ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਹੀ ਉਕਤ ਹੋਟਲ ’ਚ ਛਾਪੇਮਾਰੀ ਕੀਤੀ ਗਈ ਸੀ।