ਜਾਗਾਂਗੇ ਜਗਾਵਾਂਗੇ-ਵਾਤਾਵਰਣ ਬਚਾਵਾਂਗੇ’ ਦੇ ਨਾਅਰਿਆਂ ਨਾਲ ਗੂੰਜਿਆ ਸਕੂਲ ਦਾ ਕੰਪਲੈਕਸ
ਜਾਗਾਂਗੇ ਜਗਾਵਾਂਗੇ-ਵਾਤਾਵਰਣ ਬਚਾਵਾਂਗੇ’ ਦੇ ਨਾਹਰਿਆਂ ਨਾਲ ਗੂੰਜਿਆ ਸਕੂਲ ਦਾ ਕੰਪਲੈਕਸ
Publish Date: Sat, 22 Nov 2025 05:57 PM (IST)
Updated Date: Sat, 22 Nov 2025 05:58 PM (IST)

- ਭਾਈ ਘਨੱਈਆ ਕੈਂਸਰ ਰੋਕੋ ਸੁਸਾਇਟੀ ਵੱਲੋਂ ਕਰਵਾਇਆ ਗਿਆ ਜਾਗਰੂਕਤਾ ਸੈਮੀਨਾਰ ਮਨਦੀਪ ਸਿੰਘ ਮੱਕੜ, ਪੰਜਾਬੀ ਜਾਗਰਣ ਗੋਨਿਆਣਾ : ਪਿੰਡ ਚੰਦਭਾਨ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨੇ ਅਧਿਆਪਕਾਂ ਅਤੇ ਸਮੁੱਚੇ ਸਟਾਫ ਸਮੇਤ ਵਾਅਦਾ ਕੀਤਾ ਕਿ ਉਹ ਵਾਤਾਵਰਣ ਦੀ ਸੰਭਾਲ ਲਈ ਵੱਧ ਤੋਂ ਵੱਧ ਬੂਟੇ ਲਾਉਣਗੇ, ਪਟਾਕੇ ਅਤੇ ਆਤਿਸ਼ਬਾਜੀ ਤੋਂ ਗੁਰੇਜ ਕਰਨਗੇ, ਪ੍ਰਦੂਸ਼ਣ ਨਹੀਂ ਫੈਲਾਉਣਗੇ। ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵੱਲੋਂ ਸੰਸਥਾਪਕ ਗੁਰਪ੍ਰੀਤ ਸਿੰਘ ਚੰਦਬਾਜਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਗਰੁੱਪ ਆਫ ਫੈਮਲੀਜ਼ ਬਰੈਂਪਟਨ (ਕੈਨੇਡਾ) ਦੇ ਸਹਿਯੋਗ ਨਾਲ ਉਪਰੋਕਤ ਸਕੂਲ ਵਿਖੇ ਕਰਵਾਏ ਗਏ ਜਾਗਰੂਕਤਾ ਸੈਮੀਨਾਰ ਦੌਰਾਨ ਸੁਸਾਇਟੀ ਦੇ ਪ੍ਰੈੱਸ ਸਕੱਤਰ, ਉੱਘੇ ਸਮਾਜ ਸੇਵੀ, ਵਾਤਾਵਰਨ ਪ੍ਰੇਮੀ, ਸਮਾਜ ਸੁਧਾਰਕ ਅਤੇ ਚਿੰਤਕ ਗੁਰਿੰਦਰ ਸਿੰਘ ਮਹਿੰਦੀਰੱਤਾ ਬਤੌਰ ਮੁੱਖ ਵਕਤਾ ਪੁੱਜੇ। ਉਨ੍ਹਾਂ ਅਨੇਕਾਂ ਮਿਸਾਲਾਂ ਦਿੰਦਿਆਂ ਦੱਸਿਆ ਕਿ ਧਾਰਮਿਕ ਅਸਥਾਨਾਂ ਅਤੇ ਵਿੱਦਿਅਕ ਅਦਾਰਿਆਂ ਤੋਂ ਵੀ ਜ਼ਿਆਦਾ ਗਿਣਤੀ ਮੈਡੀਕਲ ਦੁਕਾਨਾਂ ਅਤੇ ਹਸਪਤਾਲਾਂ ਦੀ ਹੋਣ ਦਾ ਖਮਿਆਜ਼ਾ ਸਾਨੂੰ ਭੁਗਤਣਾ ਪੈ ਰਿਹਾ ਹੈ ਅਤੇ ਨਵੀਂ ਪੀੜ੍ਹੀ ਨੂੰ ਵੀ ਇਸ ਦਾ ਖਮਿਆਜ਼ਾ ਜ਼ਰੂਰ ਭੁਗਤਣਾ ਪਵੇਗਾ। ਉਨ੍ਹਾਂ ਅੰਕੜਿਆਂ ਸਹਿਤ ਦਲੀਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੁਦਰਤ ਨਾਲ ਖਿਲਵਾੜ ਅਤੇ ਵਾਤਾਵਰਨ ਪਲੀਤ ਕਰਨ ਵਾਲੀਆਂ ਸਾਡੀਆਂ ਆਦਤਾਂ ਕਾਰਨ ਭਿਆਨਕ ਬਿਮਾਰੀਆਂ ਦੀ ਆਮਦ ਹੋ ਰਹੀ ਹੈ। ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦਰਿਆਵਾਂ ਦੇ ਪਲੀਤ ਹੋ ਰਹੇ ਪਾਣੀਆਂ, ਧਰਤੀ ਹੇਠਲੇ ਡੂੰਘੇ ਹੋ ਰਹੇ ਪਾਣੀ, ਜੰਗਲਾਂ ਦੀ ਘੱਟ ਰਹੀ ਗਿਣਤੀ, ਜਲਗਾਹਾਂ ਦੇ ਰਕਬੇ ਦੀ ਘਾਟ, ਹਵਾ ਦੇ ਪ੍ਰਦੂਸ਼ਣ ਦਾ ਪੈਮਾਨਾ, ਜਲਵਾਯੂ ਪਰਿਵਰਤਨ, ਰੇਹਾਂ ਅਤੇ ਸਪਰੇਆਂ, ਸ਼ੋਰ ਪ੍ਰਦੂਸ਼ਣ, ਪਟਾਕੇ/ਆਤਿਸ਼ਬਾਜੀਆਂ ਅਤੇ ਪਰਾਲੀ ਨੂੰ ਲੱਗਦੀਆਂ ਅੱਗਾਂ ਦਾ ਧੂੰਆਂ, ਵਾਹਨਾ ਦਾ ਪ੍ਰਦੂਸ਼ਣ ਵਰਗੀਆਂ ਅਨੇਕਾਂ ਉਦਾਹਰਨਾ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਜੇਕਰ ਅਜੇ ਵੀ ਨਾ ਸੰਭਲੇ ਤਾਂ ਆਉਣ ਵਾਲਾ ਸਮਾਂ ਬੜਾ ਭਿਆਨਕ ਅਤੇ ਖਤਰਨਾਕ ਹੋਵੇਗਾ। ਪਹਿਲਾ ਮਾ. ਜਗਦੇਵ ਢਿੱਲੋਂ ਨੇ ਮੁੱਖ ਬੁਲਾਰੇ ਸਮੇਤ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਆਖ ਕੇ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਉਪਰਾਲਿਆਂ ਅਤੇ ਸੇਵਾ ਕਾਰਜਾਂ ਤੋਂ ਜਾਣੂ ਕਰਵਾਇਆ ਅਤੇ ਅਖੀਰ ਵਿੱਚ ਸਕੂਲ ਮੁਖੀ ਪਿ੍ੰਸੀਪਲ ਇਕਬਾਲ ਸਿੰਘ ਚਹਿਲ ਨੇ ਮੰਨਿਆ ਕਿ ਉਨ੍ਹਾਂ ਦੇ ਸਕੂਲ ਵਿੱਚ ਇਸ ਤੋਂ ਪਹਿਲਾਂ ਅਜਿਹਾ ਕੋਈ ਵੀ ਵਾਤਾਵਰਨ ਸਬੰਧੀ ਗਿਆਨਵਰਧਕ ਸੈਮੀਨਾਰ ਨਹੀਂ ਹੋਇਆ। ਸੁਸਾਇਟੀ ਦੇ ਸਰਗਰਮ ਮੈਂਬਰ ਵਰਿੰਦਰਪਾਲ ਸਿੰਘ ਅਰਨੇਜਾ ਮੁਤਾਬਿਕ ਇਸ ਮੌਕੇ ਬੱਚਿਆਂ ਨੂੰ ਜਾਗਰੂਕਤਾ ਵਾਲੀਆਂ ਕਾਪੀਆਂ ਵੀ ਮੁਫ਼ਤ ਵੰਡੀਆਂ ਗਈਆਂ। ਉਨ੍ਹਾਂ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਦਭਾਨ ਦਾ ਸਮੁੱਚਾ ਕੰਪਲੈਕਸ ‘ਜਾਗਾਂਗੇ ਜਗਾਵਾਂਗੇ-ਵਾਤਾਵਰਨ ਬਚਾਵਾਂਗੇ’ ਦੇ ਨਾਅਰਿਆਂ ਨਾਲ ਗੂੰਜ਼ ਉੱਠਿਆ। ਸਮਾਗਮ ਦੌਰਾਨ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਰਾਮ ਪ੍ਰਤਾਪ, ਸੰਦੀਪ ਸਿੰਘ ਸਰਪੰਚ, ਬਿੰਦਰ ਸਿੰਘ ਖੋਖਰ, ਮਾ. ਅਵਤਾਰ ਸਿੰਘ, ਵੀਰਪਾਲ ਕੌਰ ਕਮੇਟੀ ਮੈਂਬਰ ਆਦਿ ਸਮੇਤ ਸਮੁੱਚੇ ਸਟਾਫ ਦਾ ਪੂਰਨ ਸਹਿਯੋਗ ਰਿਹਾ।