ਆਕਸਫੋਰਡ ਸਕੂਲ ਦੇ ਬੱਚਿਆਂ ਨੇ ਖ਼ੂਨਦਾਨ ਸਬੰਧੀ ਕੀਤੀ ਇਕੱਤਰਤਾ
ਵਿਚਾਰ ਚਰਚਾਆਕਸਫੋਰਡ ਸਕੂਲ ਦੇ ਬੱਚਿਆਂ ਨੇ ਖੂਨਦਾਨ ਸਬੰਧੀ ਚਰਚਾ ਕੀਤੀ
Publish Date: Sat, 22 Nov 2025 05:25 PM (IST)
Updated Date: Sat, 22 Nov 2025 05:28 PM (IST)

ਕਿਹਾ, ਖ਼ੂਨਦਾਨ ਕਰਨ ਵਾਲੇ ਲੋਕ ਬਹੁਤ ਜਜ਼ਬੇ ਵਾਲੇ ਹੁੰਦੇ ਹਨ ਵੀਰਪਾਲ ਭਗਤਾ, ਪੰਜਾਬੀ ਜਾਗਰਣ ਬਠਿੰਡਾ : ਆਕਸਫੋਰਡ ਸਕੂਲ ਆਫ ਐਜੂਕੇਸ਼ਨ ਭਗਤਾ ਭਾਈਕਾ ਵੱਲੋਂ ਜਿੱਥੇ ਚੰਗੀ ਵਿੱਦਿਆ ਦੀ ਪ੍ਰਾਪਤੀ, ਖੇਡਾਂ ਅਤੇ ਸਰਗਰਮੀਆਂ ਰਾਹੀਂ ਸਕੂਲੀ ਬੱਚਿਆਂ ਨੂੰ ਦੇਸ਼ ਦੇ ਚੰਗੇ ਨਾਗਰਿਕ ਬਣਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਉੱਥੇ ਸਕੂਲ ਦੇ ਚੇਅਰਮੈਨ ਹਰਗੁਰਪ੍ਰੀਤ ਸਿੰਘ ਗਗਨ, ਪ੍ਰਧਾਨ ਗੁਰਮੀਤ ਸਿੰਘ ਗਿੱਲ, ਵਾਈਸ ਚੇਅਰਮੈਨ ਪਰਮਪਾਲ ਸਿੰਘ ਸੈਰੀ ਢਿੱਲੋਂ ਅਤੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਦੱਸਿਆ ਕਿ ਸਕੂਲ ਵੱਲੋਂ ਵੱਖ-ਵੱਖ ਵਿਸ਼ਿਆਂ ’ਤੇ ਸਕੂਲੀ ਬੱਚਿਆਂ ਦੀ ਵਿਚਾਰ ਚਰਚਾ ਕਰਵਾਈ ਜਾ ਰਹੀ ਹੈ। ਵਿਦਿਆਰਥੀਆਂ ਵੱਲੋਂ ਖ਼ੂਨਦਾਨ ’ਤੇ ਕੀਤੀ ਵਿਚਾਰ ਚਰਚਾ ਨੂੰ ਪਾਠਕਾਂ ਦੇ ਰੂਬਰੂ ਕੀਤਾ ਜਾ ਰਿਹਾ ਹੈ। - ਖ਼ੂਨਦਾਨ ਕਰਨ ਵਾਲੇ ਲੋਕ ਬਹੁਤ ਜਜ਼ਬੇ ਵਾਲੇ ਹੁੰਦੇ ਹਨ ਆਕਸਫੋਰਡ ਸਕੂਲ ਆਫ ਆਜੂਕੇਸ਼ਨ ਭਗਤਾ ਭਾਈਕਾ ਦੀ ਦਸਵੀਂ ਕਲਾਸ ਦੇ ਵਿਦਿਆਰਥੀ ਮਨਸੀਰਤ ਸਿੰਘ ਪਿੰਡ ਬਾਜਾਖਾਨਾ ਨੇ ਕਿਹਾ ਕਿ ਖ਼ੂਨਦਾਨ ਸ਼ਬਦ ਤੋਂ ਸਾਨੂੰ ਸਪੱਸ਼ਟ ਹੁੰਦਾ ਹੈ ਕਿ ਸਾਨੂੰ ਖ਼ੂਨਦਾਨ ਕਰਨਾ ਚਾਹੀਦਾ ਹੈ। ਆਪਣੇ ਸਰੀਰ ਵਿਚ ਖ਼ੂਨ ਦੀ ਮਾਤਰਾ ਨੂੰ ਸਹੀ ਰੱਖਣ ਲਈ ਸਾਨੂੰ ਫ਼ਲ ਜਾਂ ਹਰੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਚੰਗੇ ਸਰੀਰ ਵਿਚ ਹੀ ਚੰਗੀ ਮਾਨਸਿਕਤਾ ਦਾ ਵਾਸ ਹੁੰਦਾ ਹੈ। ਜੇਕਰ ਸਾਨੂੰ ਕਿਸੇ ਸਮੇਂ ਖ਼ੂਨ ਦੀ ਲੋੜ ਪੈ ਵੀ ਜਾਵੇ ਤਾਂ ਸਾਨੂੰ ਘਬਰਾਉਣਾ ਨਹੀਂ ਚਾਹੀਦਾ। ਖ਼ੂਨਦਾਨ ਕਰਨ ਵਾਲੇ ਮੁੰਡੇ ਜਾਂ ਕੁੜੀਆਂ ਬਹੁਤ ਜਜ਼ਬੇ ਵਾਲੇ ਹੁੰਦੇ ਹਨ। ਜੇਕਰ ਆਪਣੇ ਏਨੇ ਵੱਡੇ ਸਰੀਰ ਵਿੱਚੋਂ ਇਕ ਬੋਤਲ ਖ਼ੂਨ ਦੀ ਕੱਢ ਲਈ ਜਾਵੇਗੀ ਤਾਂ ਇਸ ਨਾਲ ਸਾਡਾ ਕੁਝ ਨਹੀਂ ਵਿਗੜਨ ਲੱਗਾ ਸਗੋਂ ਸਾਨੂੰ ਹੋਰ ਦੀ ਜ਼ਰੂਰਤ ਪੂਰੀ ਕਰਨ ਲਈ ਦੁਆਵਾਂ ਹੀ ਮਿਲਣਗੀਆਂ। ਇਸ ਲਈ ਸਾਨੂੰ ਇਨ੍ਹਾਂ ਕੈਪਾਂ ਵਿਚ ਜਰੂਰ ਸ਼ਾਮਲ ਹੋਣਾ ਚਾਹੀਦਾ ਹੈ ਤੇ ਜਿਨ੍ਹਾਂ ਅਸੀਂ ਕਿਸੇ ਦੀ ਮਦਦ ਕਰ ਸਕਦੇ ਹਾਂ ਜ਼ਰੂਰ ਕਰਨੀ ਚਾਹੀਦੀ ਹੈ। - ਦਾਨ ਕੀਤੇ ਖ਼ੂਨ ਨਾਲ ਕਿਸੇ ਦੀ ਜਾਨ ਬਚ ਸਕਦੀ ਹੈ ਆਕਸਫੋਰਡ ਸਕੂਲ ਭਗਤਾ ਭਾਈ ਦੀ ਦਸਵੀਂ ਕਲਾਸ ਦੇ ਵਿਦਿਆਰਥੀ ਰਤਨ ਸਿੰਘ ਪਿੰਡ ਭਗਤਾ ਭਾਈਕਾ ਨੇ ਕਿਹਾ ਕਿ ਖ਼ੂਨਦਾਨ ਸ਼ਬਦ ਦਾ ਅਰਥ ਹੈ ਕਿ ਆਪਣਾ ਖ਼ੂਨਦਾਨ ਕਰਨਾ ਹੈ। ਸਾਡੇ ਪਿੰਡਾਂ ਵਿਚ ਬਹੁਤ ਸਾਰੇ ਕੈਂਪ ਲੱਗਦੇ ਹਨ। ਜਿੱਥੇ ਅਸੀਂ ਖ਼ੂਨਦਾਨ ਕਰ ਸਕਦੇ ਹਾਂ। ਇਹ ਖ਼ੂਨਦਾਨ ਕਰਨਾ ਆਪਣੇ ਲਈ ਤਾਂ ਇਕ ਛੋਟੀ ਚੀਜ਼ ਹੈ, ਪਰ ਸਾਡੇ ਦਾਨ ਕੀਤੇ ਖ਼ੂਨ ਨਾਲ ਕਿਸੇ ਦੀ ਜਾਨ ਬਚ ਸਕਦੀ ਹੈ। ਜਿਹੜੇ ਵਿਅਕਤੀ ਦਾ ਕਿਸੇ ਐਕਸੀਡੈਂਟ ਕਰਕੇ ਬਹੁਤ ਖ਼ੂਨ ਨਿਕਲ ਜਾਂਦਾ ਹੈ, ਉਸ ਨੂੰ ਜਲਦੀ ਖ਼ੂਨ ਚੜ੍ਹਾਉਣ ਦੀ ਲੋੜ ਹੁੰਦੀ ਹੈ। ਏਨੀ ਛੇਤੀ ਖ਼ੂਨ ਦਾ ਪ੍ਰਬੰਧ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਇਸ ਸਮੇਂ ਵਿਚ ਸਾਡਾ ਦਾਨ ਕੀਤਾ ਖ਼ੂਨ ਹੀ ਕੰਮ ਆਉਦਾ ਹੈ ਤੇ ਸਾਡਾ ਦਾਨ ਕੀਤਾ ਹੋਇਆ ਖ਼ੂਨ ਕਿਸੇ ਵਿਅਕਤੀ ਦੀ ਜਾਨ ਬਚਾ ਲੈਂਦਾ ਹੈ। ਖ਼ੂਨਦਾਨ ਕਰਨ ਦੀ ਪ੍ਰਕਿਰਿਆ ਵੀ ਸੌਖੀ ਨਹੀਂ ਹੁੰਦੀ। ਸਾਨੂੰ ਖੂਨਦਾਨ ਕਰਦੇ ਸਮੇਂ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਜਿਵੇਂ ਕਿ ਜਦੋਂ ਅਸੀਂ ਖ਼ੂਨਦਾਨ ਕਰਨ ਲਈ ਜਾਂਦੇ ਹਾਂ ਤਾਂ ਸਾਡਾ ਸਰੀਰ ਤੰਦਰੁਸਤ ਹੋਣਾ ਚਾਹੀਦਾ ਹੈ। ਸਾਨੂੰ ਖ਼ੂਨਦਾਨ ਕੈਪਾਂ ਵਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। - ਖ਼ੂਨਦਾਨ ਮਨੁੱਖਤਾ ਦੀ ਸਭ ਤੋਂ ਸੁੰਦਰ ਤੇ ਪਵਿੱਤਰ ਸੇਵਾ ਆਕਸਫੋਰਡ ਸਕੂਲ ਭਗਤਾ ਭਾਈ ਦੀ ਦਸਵੀਂ ਕਲਾਸ ਦੀ ਵਿਦਿਆਰਥਣ ਨਵਰੀਤ ਕੌਰ ਪਿੰਡ ਭਗਤਾ ਭਾਈਕਾ ਦਾ ਕਹਿਣਾ ਹੈ ਕਿ ਖ਼ੂਨਦਾਨ ਮਨੁੱਖਤਾ ਦੀ ਸਭ ਤੋਂ ਸੁੰਦਰ ਤੇ ਪਵਿੱਤਰ ਸੇਵਾ ਹੈ। ਖ਼ੂਨਦਾਨ ਕਰਨ ਨਾਲ ਕਿਸੇ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ। ਇਸ ਲਈ ਇਸ ਨੂੰ ਜੀਵਨ ਦਾਨ ਵੀ ਕਿਹਾ ਜਾਂਦਾ ਹੈ। ਜਦੋਂ ਕਿਸੇ ਹਾਦਸੇ ਵਿਚ ਜਖ਼ਮੀ ਵਿਅਕਤੀ ਜਾਂ ਕਿਸੇ ਬਿਮਾਰ ਨੂੰ ਖ਼ੂਨ ਦੀ ਲੋੜ ਪੈਂਦੀ ਹੈ ਤਾਂ ਖ਼ੂਨ ਦਾਤਾ ਉਸ ਲਈ ਇਕ ਮਸੀਹਾ ਸਾਬਤ ਹੁੰਦਾ ਹੈ। ਖ਼ੂਨਦਾਨ ਕਰਨ ਨਾਲ ਸਾਨੂੰ ਕੋਈ ਨੁਕਸਾਨ ਨਹੀਂ ਹੁੰਦਾ। ਇਸ ਨਾਲ ਸਰੀਰ ਵਿਚ ਨਵਾਂ ਤੇ ਤਾਜ਼ਾ ਖ਼ੂਨ ਬਣਦਾ ਹੈ, ਜਿਸ ਨਾਲ ਸਿਹਤ ਠੀਕ ਰਹਿੰਦੀ ਹੈ। ਹਰ ਸਿਹਤਮੰਦ ਵਿਅਕਤੀ ਸਾਲ ਵਿਚ ਤਿੰਨ ਜਾਂ ਚਾਰ ਵਾਰ ਖ਼ੂਨ ਦਾਨ ਕਰ ਸਕਦਾ ਹੈ। ਵਿਦਿਆਰਥੀ ਹੋਣ ਦੇ ਨਾਤੇ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਖ਼ੂਨਦਾਨ ਕਰਨਾ ਸਿਰਫ਼ ਸੇਵਾ ਨਹੀਂ, ਸਗੋਂ ਇਕ ਜ਼ਿੰਮੇਵਾਰੀ ਹੈ। ਅਸੀਂ ਜਦੋਂ ਖ਼ੂਨਦਾਨ ਕਰਦੇ ਹਾਂ, ਤਾਂ ਕਿਸੇ ਅਣਜਾਣ ਵਿਅਕਤੀ ਦੀ ਜਿੰਦਗੀ ਬਚਦੀ ਹੈ। ਉਹ ਵਿਅਕਤੀ ਕਿਸੇ ਦਾ ਪੁੱਤਰ, ਧੀ, ਮਾਂ ਜਾਂ ਪਿਤਾ ਹੋ ਸਕਦਾ ਹੈ। ਸੋਚੋ, ਜੇ ਸਾਡੇ ਖੂਨ ਦੀਆਂ ਕੁਝ ਬੂੰਦਾਂ ਕਿਸੇ ਦੇ ਘਰ ਦੀ ਖੁਸ਼ੀ ਵਾਪਿਸ ਲਿਆ ਸਕਦੀਆਂ ਹਨ, ਤਾਂ ਇਸ ਤੋਂ ਵੱਡੀ ਖੁਸ਼ੀ ਹੋਰ ਕੀ ਹੋ ਸਕਦੀ ਹੈ ? ਆਓ ਅਸੀਂ ਸਭ ਮਿਲ ਕੇ ਇਹ ਸਹੁੰ ਚੁੱਕੀਏ – “ਮੈਂ ਹਰ ਸਾਲ ਖ਼ੂਨਦਾਨ ਕਰਾਂਗਾ, ਕਿਉਂਕਿ ਇਕ ਬੂੰਦ ਖ਼ੂਨ ਕਿਸੇ ਦੀ ਜ਼ਿੰਦਗੀ ਬਚਾ ਸਕਦੀ ਹੈ।” - ਜਿਊਦੇ ਰਹਿਣ ਲਈ ਖ਼ੂਨ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ ਆਕਸਫੋਰਡ ਸਕੂਲ ਭਗਤਾ ਭਾਈ ਦੀ ਦਸਵੀਂ ਕਲਾਸ ਦੇ ਵਿਦਿਆਰਥੀ ਮਨਵੀਰ ਸ਼ਰਮਾ ਪਿੰਡ ਕੋਠਾ ਗੁਰੂਕਾ ਦਾ ਕਹਿਣਾ ਹੈ ਕਿ ਜਦੋਂ ਕਿਸੇ ਵਿਅਕਤੀ ਦੇ ਸਰੀਰ ਵਿਚ ਖ਼ੂਨ ਘੱਟ ਹੁੰਦਾ ਹਾਂ ਤਾਂ ਉਨ੍ਹਾਂ ਨੂੰ ਖ਼ੂਨ ਦੀ ਲੋੜ ਹੁੰਦੀ ਹੈ। ਖ਼ੂਨ ਸਾਡੇ ਸਰੀਰ ਵਿਚ ਚੰਗੀ ਖ਼ੁਰਾਕ ਖਾਣ ਨਾਲ ਹੀ ਵੱਧਦਾ ਹੈ। ਖ਼ੂਨ ਵੀ ਕਈ ਪ੍ਰਕਾਰ ਦਾ ਹੁੰਦਾ ਹੈ ਜਿਵੇਂ ਏ ਪਾਜ਼ੇਟਿਵ, ਬੀ ਪਾਜ਼ੇਟਿਵ, ਏਬੀ ਪਾਜ਼ੇਟਿਵ ਆਦਿ। ਜੇ ਕਿਸੇ ਬੰਦੇ ਨੂੰ ਖ਼ੂਨਦਾਨ ਕਰਨਾ ਹੁੰਦਾ ਹੈ ਤਾਂ ਪਹਿਲਾਂ ਉਸਦਾ ਬਲੱਡ ਗਰੁੱਪ ਪਤਾ ਕਰਨਾ ਪੈਂਦਾ ਹੈ। ਮਨੁੱਖ ਨੂੰ ਜਿਊਦੇ ਰਹਿਣ ਖ਼ੂਨ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ। ਖ਼ੂਨ ਦੀ ਮਾਤਰਾ ਸਹੀ ਰੱਖਣ ਲਈ ਮਨੁੱਖ ਨੂੰ ਫ਼ਲ ਅਤੇ ਸਬਜ਼ੀਆਂ ਖਾਣੀਆਂ ਚਾਹੀਦੀਆ ਹਨ, ਜਿਸ ਨਾਲ ਖ਼ੂਨ ਵੱਧਦਾ ਹੈ। ਖ਼ੂਨ ਤੋਂ ਬਿਨਾਂ ਵਿਅਕਤੀ ਜਿਉਂਦਾ ਨਹੀਂ ਰਹਿ ਸਕਦਾ। ਦੁਰਘਟਨਾ ਗ੍ਰਸਤ ਵਿਅਕਤੀਆਂ ਨੂੰ ਵੀ ਵਧੇਰੇ ਕਰਕੇ ਖ਼ੂਨ ਦੀ ਲੋੜ ਪੈਂਦੀ ਹੈ, ਕਿਉਂਕਿ ਉਨ੍ਹਾਂ ਦਾ ਖ਼ੂਨ ਵਹਿ ਚੁੱਕਾ ਹੁੰਦਾ ਹੈ। ਕਈ ਵਾਰ ਕਿਸੇ ਘੱਟ ਖ਼ੂਨ ਵਾਲੇ ਮਰੀਜ਼ ਨੂੰ ਮੌਕੇ ਤੇ ਖ਼ੂਨ ਨਾ ਮਿਲੇ ਤਾਂ ਉਸ ਦੀ ਮੌਤ ਹੋ ਸਕਦੀ ਹੈ। ਇਸ ਲਈ ਸਾਨੂੰ ਖ਼ੂਨਦਾਨ ਕਰਨਾ ਚਾਹੀਦਾ ਹੈ। ਖ਼ੂਨਦਾਨ ਕਰਨ ਨਾਲ ਕਿਸੇ ਮਰੀਜ਼ ਦੀ ਅਣਮੁੱਲੀ ਜਾਨ ਬਚ ਸਕਦੀ ਹੈ। - ਅਸੀਂ ਖ਼ੂਨਦਾਨ ਕਰ ਕੇ ਕਿਸੇ ਨੂੰ ਮਰਨ ਤੋਂ ਬਚਾ ਸਕਦੇ ਹਾਂ ਆਕਸਫੋਰਡ ਸਕੂਲ ਭਗਤਾ ਭਾਈ ਦੀ ਦਸਵੀਂ ਕਲਾਸ ਦੀ ਵਿਦਿਆਰਥਣ ਅਭੀਨੂਰ ਕੌਰ ਪਿੰਡ ਕੋਠੇ ਮਹਿਲਰ ਨੇ ਕਿਹਾ ਕਿ ਖ਼ੂਨਦਾਨ ਇਕ ਅਜਿਹੀ ਸੇਵਾ ਹੈ , ਜਿਸ ਨਾਲ ਇਕ ਇਨਸਾਨ ਨੂੰ ਫਿਰ ਤੋਂ ਜ਼ਿੰਦਗੀ ਮਿਲ ਸਕਦੀ ਹੈ। ਆਪਣਾ ਖ਼ੂਨਦਾਨ ਕਰਨ ਨਾਲ ਸਾਡੀ ਸਿਹਤ ਨੂੰ ਤਾਂ ਕੋਈ ਵੀ ਨੁਕਸਾਨ ਨਹੀਂ ਹੋਵੇਗਾ, ਪਰ ਜਿਸਨੂੰ ਖ਼ੂਨ ਦੀ ਲੋੜ ਹੈ ਉਸਨੂੰ ਮੁੜ ਇਕ ਨਵੀਂ ਜ਼ਿੰਦਗੀ ਮਿਲ ਜਾਵੇਗੀ। 18 ਸਾਲ ਤੋਂ ਉੱਪਰ ਜਿਸ ਨੂੰ ਕੋਈ ਬਿਮਾਰੀ ਨਹੀਂ ਹੈ ਉਹ ਖ਼ੂਨਦਾਨ ਕਰ ਸਕਦਾ ਹੈ। ਕਈ ਵਾਰ ਖ਼ੂਨ ਨਾ ਮਿਲਣ ਕਾਰਨ ਲੋਕਾਂ ਨੂੰ ਆਪਣੀ ਜ਼ਿੰਦਗੀ ਗਵਾਉਣੀ ਪੈਂਦੀ ਹੈ ਅਤੇ ਅਸੀਂ ਖ਼ੂਨਦਾਨ ਕਰਕੇ ਕਿਸੇ ਨੂੰ ਮਰਨ ਤੋਂ ਬਚਾ ਸਕਦੇ ਹਾਂ। ਖ਼ੂਨਦਾਨ ਕਰਨ ਨਾਲ ਨਵਾਂ ਖ਼ੂਨ ਬਣਦਾ ਹੈ, ਜਿਸ ਨਾਲ ਸਾਡੀ ਸਿਹਤ ਬਣੀ ਰਹਿੰਦੀ ਹੈ, ਪਰ ਖ਼ੂਨਦਾਨ ਕਰਨ ਦੇ ਬਹੁਤ ਨੁਕਸਾਨ ਵੀ ਹਨ ਜਿਵੇਂ ਜੇਕਰ ਕੋਈ ਐੱਚਆਈਵੀ ਪਾਜਟਿਵ ਵਿਅਕਤੀ ਆਪਣਾ ਖ਼ੂਨਦਾਨ ਕਰਦਾ ਹੈ ਤਾਂ ਜਿਸ ਇਨਸਾਨ ਨੂੰ ਇਹ ਖ਼ੂਨ ਮਿਲਦਾ ਹੈ ਤਾਂ ਉਸਨੂੰ ਵੀ ਇਹ ਬਿਮਾਰੀ ਹੋ ਜਾਂਦੀ ਹੈ। ਖ਼ੂਨਦਾਨ ਦਾ ਮਕਸਦ ਸੇਵਾ ਹੈ ਅਤੇ ਇਹ ਇਕ ਪਵਿੱਤਰ ਸੇਵਾ ਹੈ। ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਜਿਸਨੂੰ ਖ਼ੂਨ ਦੀ ਜ਼ਰੂਰਤ ਹੈ ਅਸੀਂ ਉਸਨੂੰ ਖ਼ੂਨ ਦੇ ਕੇ ਉਸਦੀ ਮਦਦ ਕਰੀਏ। - ਤੁਹਾਡੇ ਖ਼ੂਨ ਦੀ ਇੱਕ ਬੂੰਦ ਕਿਸੇ ਦੀ ਜ਼ਿੰਦਗੀ ਬਚਾ ਸਕਦੀ ਹੈ ਆਕਸਫੋਰਡ ਸਕੂਲ ਭਗਤਾ ਭਾਈ ਦੀ ਦਸਵੀਂ ਕਲਾਸ ਦੀ ਵਿਦਿਆਰਥਣ ਮਾਨਵੀ ਕਾਮਰਾ ਪਿੰਡ ਭਗਤਾ ਭਾਈਕਾ ਦਾ ਕਹਿਣਾ ਹੈ ਕਿ ਖ਼ੂਨਦਾਨ ਦਾ ਅਰਥ ਹੈ ਕਿਸੇ ਮਰੀਜ਼ ਜਾਂ ਜ਼ਰੂਰਤਮੰਦ ਵਿਅਕਤੀ ਨੂੰ ਆਪਣਾ ਖ਼ੂਨਦਾਨ ਕਰਨਾ। ਇਹ ਮਨੁੱਖ ਦਾ ਸਭ ਤੋਂ ਉੱਚਾ ਅਤੇ ਪਵਿੱਤਰ ਕੰਮ ਹੈ ਕਿਉਂਕਿ ਇਸ ਨਾਲ ਕਿਸੇ ਵਿਅਕਤੀ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ। ਖ਼ੂਨਦਾਨ ਕਰਨ ਵਾਲਾ ਵਿਅਕਤੀ ਸੱਚੇ ਅਰਥਾਂ ਵਿਚ ਜੀਵਨਦਾਤਾ ਹੁੰਦਾ ਹੈ। ਹਰ ਸਿਹਤਮੰਦ ਵਿਅਕਤੀ ਜਿਸ ਦੀ ਉਮਰ 18 ਤੋਂ 60 ਸਾਲ ਦੇ ਵਿਚਕਾਰ ਹੈ ਅਤੇ ਜਿਸਦਾ ਵਜ਼ਨ ਘੱਟੋ-ਘੱਟ 45 ਕਿਲੋਗਰਾਮ ਹੈ, ਉਹ ਆਪਣਾ ਖ਼ੂਨਦਾਨ ਕਰ ਸਕਦਾ ਹੈ। ਖ਼ੂਨਦਾਨ ਕਰਨ ਤੋਂ ਪਹਿਲਾਂ ਡਾਕਟਰੀ ਜਾਂਚ ਕੀਤੀ ਜਾਂਦੀ ਹੈ ਤਾਂ ਜੋ ਯਕੀਨ ਹੋ ਸਕੇ ਕਿ ਖ਼ੂਨਦਾਤਾ ਪੂਰੀ ਤਰਾਂ ਤੰਦਰੁਸਤ ਹੈ। ਸਿਹਤਮੰਦ ਮਹਿਲਾਵਾਂ ਵੀ ਖ਼ੂਨਦਾਨ ਕਰ ਸਕਦੀਆਂ ਹਨ। ਖ਼ੂਨਦਾਨ ਦੇ ਫਾਇਦੇ ਵੀ ਬਹੁਤ ਹਨ। ਖ਼ੂਨ ਦੇਣ ਨਾਲ ਸਾਡੇ ਸਰੀਰ ਵਿੱਚ ਨਵਾਂ ਤੇ ਤਾਜ਼ਾ ਖ਼ੂਨ ਬਣਦਾ ਹੈ, ਜਿਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਖ਼ੂਨਦਾਨ ਸਾਡੀ ਮਨੋਵਿਗਿਆਨਿਕ ਖੁਸ਼ੀ ਵਧਾਉਂਦਾ ਹੈ ਕਿਉਂ ਅਸੀਂ ਜਾਣਦੇ ਹਾਂ ਕਿ ਸਾਡੀ ਥੋੜ੍ਹੀ ਜਿਹੀ ਮਦਦ ਕਿਸੇ ਦੀ ਜ਼ਿੰਦਗੀ ਬਚਾ ਸਕਦੀ ਹੈ। ਖ਼ੂਨ ਦਾਨ ਦੇ ਨਾਲ ਸਮਾਜ ਵਿਚ ਏਕਤਾ ਤੇ ਭਾਈਚਾਰਕ ਭਾਵਨਾ ਵਧਦੀ ਹੈ। ਇਹ ਮਨੁੱਖ ਨੂੰ ਦਿਲੋਂ ਖੁਸ਼ੀ ਅਤੇ ਆਤਮ-ਸੰਤੁਸ਼ਟੀ ਦਿੰਦਾ ਹੈ। ਹਰ ਸਾਲ ਵਿਸ਼ਵ ਖ਼ੂਨਦਾਨ ਦਿਵਸ ਮਨਾਇਆ ਜਾਂਦਾ ਹੈ ਤਾਂ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਖ਼ੂਨਦਾਨ ਲਈ ਵੱਖ-ਵੱਖ ਕੈਂਪ ਵੀ ਲਗਾਏ ਜਾਂਦੇ ਹਨ। ਜੇ ਹਰ ਵਿਅਕਤੀ ਸਾਲ ਵਿੱਚ ਇੱਕ ਵਾਰ ਖ਼ੂਨ ਦਾਨ ਕਰੇ, ਤਾਂ ਕਿਸੇ ਨੂੰ ਵੀ ਖ਼ੂਨ ਦੀ ਕਮੀ ਕਾਰਨ ਆਪਣੀ ਜ਼ਿੰਦਗੀ ਨਾ ਗਵਾਉਣੀ ਪਵੇ। ਹਰ ਸਿਹਤਮੰਦ ਵਿਅਕਤੀ ਨੂੰ ਸਮੇਂ-ਸਮੇਂ ’ਤੇ ਖ਼ੂਨਦਾਨ ਕਰਨਾ ਚਾਹੀਦਾ ਹੈ ਅਤੇ ਹੋਰਾਂ ਨੂੰ ਵੀ ਇਸ ਨੇਕੀ ਦੇ ਕੰਮ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ, ਕਿਉਂਕਿ ਤੁਹਾਡੇ ਖ਼ੂਨ ਦੀ ਇਕ ਬੂੰਦ ਕਿਸੇ ਦੀ ਜ਼ਿੰਦਗੀ ਬਚਾ ਸਕਦੀ ਹੈ। - ਖ਼ੂਨਦਾਨ ਮਨੁੱਖਤਾ ਦੀ ਸੇਵਾ ਦਾ ਕੰਮ ਹੈ ਆਕਸਫੋਰਡ ਸਕੂਲ ਭਗਤਾ ਭਾਈ ਦੀ ਦਸਵੀਂ ਕਲਾਸ ਦੀ ਵਿਦਿਆਰਥਣ ਗੁਰਨੂਰ ਕੌਰ ਪਿੰਡ ਆਕਲੀਆ ਨੇ ਕਿਹਾ ਕਿ ਖ਼ੂਨਦਾਨ ਮਨੁੱਖਤਾ ਦਾ ਸਭ ਤੋਂ ਵਧੀਆ ਕੰਮ ਹੈ। ਇਹ ਇਕ ਅਜਿਹਾ ਦਾਨ ਹੈ ਜੋ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਹੈ। ਅੱਜ ਦੇ ਸਮੇਂ ਵਿਚ ਬਹੁਤ ਲੋਕਾਂ ਨੂੰ ਖ਼ੂਨ ਦੀ ਲੋੜ ਪੈਂਦੀ ਹੈ। ਖ਼ੂਨਦਾਨ ਕਰਨ ਨਾਲ ਨਾ ਸਿਰਫ਼ ਕਿਸੇ ਦੀ ਜ਼ਿੰਦਗੀ ਬਚਦੀ ਹੈ, ਸਗੋਂ ਸਿਹਤ ਵੀ ਚੰਗੀ ਰਹਿੰਦੀ ਹੈ ਕਿਉਂਕਿ ਸਰੀਰ ਵਿਚ ਨਵਾਂ ਖ਼ੂਨ ਬਣਦਾ ਹੈ ਜੋ ਸਿਹਤ ਲਈ ਚੰਗਾ ਹੈ। ਡਾਕਟਰਾਂ ਅਨੁਸਾਰ ਸਿਹਤਮੰਦ ਆਦਮੀ ਤਿੰਨ ਤੋਂ ਛੇ ਮਹੀਨੇ ਵਿਚ ਖ਼ੂਨਦਾਨ ਕਰ ਸਕਦਾ ਹੈ। ਅੱਜ ਕੱਲ੍ਹ ਤਾਂ ਕਈ ਹਸਪਤਾਲਾਂ ਵਿਚ ਖ਼ੂਨਦਾਨ ਦੇ ਕੈਂਪ ਲਗਾਏ ਜਾਂਦੇ ਹਨ ਅਤੇ ਲੋਕਾਂ ਨੂੰ ਇਸ ਵਧੀਆ ਕਾਰਜ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਹਰ ਨੌਜਵਾਨ ਨੂੰ ਚਾਹੀਦਾ ਹੈ ਉਹ ਇਸ ਵਿਚ ਹਿੱਸਾ ਲਵੇ ਕਿਉਂਕਿ ਇਸ ਨਾਲ ਕਿਸੇ ਨੂੰ ਨਵੀਂ ਜ਼ਿੰਦਗੀ ਮਿਲਦੀ ਹੈ। ਖ਼ੂਨਦਾਨ ਮਨੁੱਖਤਾ ਦੀ ਸੇਵਾ ਦਾ ਕੰਮ ਹੈ। ਇਕ ਬੰਦੇ ਦਾ ਖ਼ੂਨ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਹੈ। ਇਸ ਲਈ ਸਾਨੂੰ ਖ਼ੂਨਦਾਨ ਕਰਨਾ ਹੀ ਚਾਹੀਦਾ ਹੈ ਕਿਉਂਕਿ ਇਸ ਨਾਲ ਸਾਡਾ ਜਾਂਦਾ ਕੁਝ ਵੀ ਨਹੀਂ, ਪਰ ਪ੍ਰਾਪਤ ਅਣਮੁੱਲੀ ਖੁਸ਼ੀ ਕਰ ਸਕਦੇ ਹਾਂ। - ਖ਼ੂਨਦਾਨ ਇੱਕ ਮਹਾਨ ਤੇ ਪਵਿੱਤਰ ਦਾਨ ਹੈ ਆਕਸਫੋਰਡ ਸਕੂਲ ਭਗਤਾ ਭਾਈ ਦੀ ਦਸਵੀਂ ਕਲਾਸ ਦੀ ਵਿਦਿਆਰਥਣ ਅਰਮਾਨਜੋਤ ਕੌਰ ਪਿੰਡ ਲਧਾਈਕੇ ਨੇ ਆਖਿਆ ਕਿ ਖ਼ੂਨਦਾਨ ਇਕ ਮਹਾਨ ਅਤੇ ਪਵਿੱਤਰ ਦਾਨ ਹੈ। ਖ਼ੂਨ ਮਨੁੱਖ ਦੇ ਜੀਵਨ ਦਾ ਅਹਿਮ ਹਿੱਸਾ ਹੈ। ਜਿਵੇਂ ਪਾਣੀ ਤੋਂ ਬਿਨਾਂ ਜੀਵਨ ਨਹੀਂ, ਉਸੇ ਤਰ੍ਹਾਂ ਖ਼ੂਨ ਤੋਂ ਬਿਨਾਂ ਸਰੀਰ ਦਾ ਕੋਈ ਵੀ ਅੰਗ ਕੰਮ ਨਹੀਂ ਕਰ ਸਕਦਾ। ਜੇਕਰ ਕਿਸੇ ਦੀ ਦੁਰਘਟਨਾ ਹੋ ਜਾਵੇ, ਆਪ੍ਰੇਸ਼ਨ ਦੌਰਾਨ ਖ਼ੂਨ ਵੱਧ ਨਿਕਲ ਜਾਵੇ, ਉਸ ਸਮੇਂ ਖ਼ੂਨਦਾਨੀ ਦਾ ਦਿੱਤਾ ਹੋਇਆ ਖ਼ੂਨ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਹੈ। ਖ਼ੂਨਦਾਨ ਕਰਨਾ ਇਕ ਮਨੁੱਖਤਾ ਭਰਿਆ ਕਰਤੱਵ ਹੈ ਇਸ ਨਾਲ ਸਾਨੂੰ ਨਾ-ਸਿਰਫ਼ ਹੋਰਾਂ ਦੀ ਜ਼ਿੰਦਗੀ ਬਚਾਉਣ ਦਾ ਮੌਕਾ ਮਿਲਦਾ ਹੈ, ਸਗੋਂ ਅੰਦਰੋਂ ਇਕ ਆਤਮਿਕ ਸੰਤੁਸ਼ਟੀ ਵੀ ਪ੍ਰਾਪਤ ਹੁੰਦੀ ਹੈ ਕਿ ਸਾਡੇ ਖ਼ੂਨ ਦੇਣ ਨਾਲ ਕਿਸੇ ਦੀਆਂ ਅੱਖਾਂ ਵਿਚ ਖੁਸ਼ੀ ਦੇ ਹੰਝੂ ਆਏ ਹਨ। ਖ਼ੂਨਦਾਨ ਕਰਨ ਨਾਲ ਖ਼ੂਨ ਦੇਣ ਵਾਲੇ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਕਿਉਂਕਿ ਕੁਝ ਦਿਨਾਂ ਬਾਅਦ ਸਰੀਰ ਨਵਾਂ ਖ਼ੂਨ ਬਣਾ ਲੈਂਦਾ ਹੈ। ਖ਼ਾਸ ਤੌਰ ਤੇ ਦੇਸ਼ ਦੇ ਨੌਜਵਾਨਾਂ ਨੂੰ ਅੱਗੇ ਆ ਕੇ ਲੋੜਵੰਦਾਂ ਨੂੰ ਖ਼ੂਨਦਾਨ ਕਰਨਾ ਚਾਹੀਦਾ ਹੈ ਕਿਉਂਕਿ ਉਹ ਤੰਦਰੁਸਤ ਹੁੰਦੇ ਹਨ ਅਤੇ ਉਨ੍ਹਾਂ ਦਾ ਖ਼ੂਨ ਹੋਰਾਂ ਲਈ ਜੀਵਨਦਾਇਕ ਸਾਬਿਤ ਹੁੰਦਾ ਹੈ। ਇਹ ਇਕ ਅਜਿਹੀ ਸੇਵਾ ਹੈ ਜੋ ਕਿਸੇ ਵੀ ਧਰਮ, ਜਾਤ ਅਤੇ ਭੇਦਭਾਵ ਤੋਂ ਉੱਪਰ ਹੈ। ਇਹ ਮਨੁੱਖਤਾ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ। ਇਸ ਲਈ ਸਾਨੂੰ ਸਮੇਂ-ਸਮੇਂ ’ਤੇ ਖ਼ੂਨਦਾਨ ਕਰਨਾ ਚਾਹੀਦਾ ਹੈ ਅਤੇ ਹੋਰਾਂ ਨੂੰ ਵੀ ਇਸ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।