ਵਿਧਾਇਕ ਨੇ ਖੇਡ ਮੈਦਾਨਾਂ ਦੇ ਰੱਖੇ ਨੀਂਹ ਪੱਥਰ
ਵਿਧਾਇਕ ਜਗਸੀਰ ਸਿੰਘ ਨੇ ਕਈ ਪਿੰਡਾਂ ਵਿੱਚ ਖੇਡ ਮੈਦਾਨਾ ਦੇ ਰੱਖੇ ਨੀਂਹ ਪੱਥਰ
Publish Date: Sat, 22 Nov 2025 05:15 PM (IST)
Updated Date: Sat, 22 Nov 2025 05:16 PM (IST)

ਮਨਦੀਪ ਸਿੰਘ ਮੱਕੜ, ਪੰਜਾਬੀ ਜਾਗਰਣ ਗੋਨਿਆਣਾ : ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਦੇ ਚੁੰਗਲ ਤੋਂ ਬਚਾਉਣ ਲਈ ਪਿੰਡਾਂ ਵਿੱਚ ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਹਨ। ਇਸ ਤਹਿਤ ਹਲਕਾ ਭੁੱਚੋ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਵੱਲੋਂ ਪਿੰਡ ਖਿਆਲੀਵਾਲਾ, ਭੋਖੜਾ, ਸਿਵੀਆਂ, ਨੇਹੀਆਂ ਵਾਲਾ, ਮਹਿਮਾ ਸਰਜਾ ਅਤੇ ਕਿਲੀ ਨਿਹਾਲ ਸਿੰਘ ਵਾਲਾ ਵਿੱਚ ਖੇਡ ਮੈਦਾਨਾ ਦੇ ਨੀਂਹ ਪੱਥਰ ਰੱਖੇ ਗਏ। ਉਨ੍ਹਾਂ ਦੱਸਿਆ ਕਿ ਫੁੱਟਬਾਲ , ਕ੍ਰਿਕੇਟ, ਵਾਲੀਬਾਲ, ਕਬੱਡੀ, ਅਤੇ ਬਾਸਕਟ ਬਾਲ ਦੇ ਖੇਡ ਮੈਦਾਨ ਬਨਾਉਣ ਲਈ ਪੰਜਾਬ ਸਰਕਾਰ ਨੇ ਲੱਖਾਂ ਰੁਪਏ ਦੀਆਂ ਗ੍ਰਾਂਟਾਂ ਜਾਰੀ ਕੀਤੀਆਂ ਹਨ। ਖਿਡਾਰੀਆਂ ਲਈ ਮੈਦਾਨ ਤਿਆਰ ਕਰਕੇ ਪਿੰਡ ਵਾਸੀਆਂ ਲਈ ਸੈਰ ਕਰਨ ਲਈ ਟਰੈਕ ਵੀ ਬਣਾਏ ਜਾ ਰਹੇ ਹਨ। ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਵੀ ਲਾਏ ਜਾਣਗੇ ਅਤੇ ਲਾਈਟ ,ਪਾਣੀ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਪਿੰਡਾਂ ਦੀਆਂ ਪੰਚਾਇਤਾਂ ਅਤੇ ਪਤਵੰਤੇ ਸੱਜਣਾਂ ਨੇ ਪੰਜਾਬ ਸਰਕਾਰ ਅਤੇ ਹਲਕਾ ਭੁੱਚੋ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਦਾ ਇਸ ਨੇਕ ਉਪਰਾਲੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਜਿਹੜੇ ਖੇਡ ਮੈਦਾਨ ਬਣਾਏ ਜਾ ਰਹੇ ਹਨ। ਇਸ ਨਾਲ਼ ਪੰਜਾਬ ਦੇ ਨੌਜਵਾਨ ਨਸ਼ਿਆਂ ਤੋਂ ਹੀ ਨਹੀਂ ਬਚਣਗੇ ਬਲਕਿ ਪੰਜਾਬ ਦੇ ਵਿਕਾਸ ਵਿੱਚ ਵੀ ਪੰਜਾਬ ਦੀ ਨੌਜਵਾਨੀ ਇਕ ਅਹਿਮ ਭੂਮਿਕਾ ਨਿਭਾਵੇਗੀ। ਇਸ ਮੌਕੇ ਉਨ੍ਹਾਂ ਨਾਲ ਬਲਕਾਰ ਸਿੰਘ ਭੋਖੜਾ ਚੇਅਰਮੈਨ ਮਾਰਕੀਟ ਕਮੇਟੀ ਗੋਨਿਆਣਾ, ਜਸਵੀਰ ਸਿੰਘ ਜੀਦਾ ਬਲਾਕ ਪ੍ਰਧਾਨ, ਦਵਿੰਦਰ ਸਿੰਘ ਐਸਡੀਓ, ਰੁਪਿੰਦਰਜੀਤ ਸਿੰਘ ਬੀਡੀਪੀ ਓ ਬਲਾਕ ਗੋਨਿਆਣਾ, ਕ੍ਰਿਸ਼ਨ ਕੁਮਾਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਖੜਾ, ਜਗਸੀਰ ਸਿੰਘ ਹੈਡ ਮਾਸਟਰ ਸਰਕਾਰੀ ਪ੍ਰਾਇਮਰੀ ਸਕੂਲ ਭੋਖੜਾ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਹਾਜ਼ਰ ਸਨ।