ਮੇਅਰ ਵੱਲੋਂ ਵਾਰਡ-18 ’ਚ ਪ੍ਰੀਮਿਕਸ ਦੇ ਕੰਮ ਦਾ ਉਦਘਾਟਨ
ਮੇਅਰ ਪਦਮਜੀਤ ਸਿੰਘ ਮਹਿਤਾ ਵੱਲੋਂ ਵਾਰਡ ਨੰਬਰ 18 ’ਚ ਪ੍ਰੀਮਿਕਸ ਦੇ ਕੰਮ ਦਾ ਉਦਘਾਟਨ
Publish Date: Sat, 22 Nov 2025 05:13 PM (IST)
Updated Date: Sat, 22 Nov 2025 05:13 PM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕੌਂਸਲਰ ਬਿਕਰਮ ਕ੍ਰਾਂਤੀ ਦੇ ਵਾਰਡ ਨੰਬਰ 18 ਵਿੱਚ ਸਥਿਤ ਊਧਮ ਸਿੰਘ ਨਗਰ ਵਿੱਚ ਲਗਭਗ 50 ਲੱਖ ਰੁਪਏ ਦੀ ਲਾਗਤ ਨਾਲ ਕੀਤੇ ਜਾ ਰਹੇ ਪ੍ਰੀਮਿਕਸ ਦੇ ਕੰਮ ਦਾ ਰਸਮੀ ਉਦਘਾਟਨ ਕੀਤਾ। ਇਸ ਮੌਕੇ ਵਾਰਡ ਕੌਂਸਲਰ ਬਿਕਰਮ ਕ੍ਰਾਂਤੀ ਦੀ ਪਤਨੀ ਯਸ਼ੋਦਾ ਭੈਣ ਅਤੇ ਇਲਾਕਾ ਨਿਵਾਸੀ ਮੌਜੂਦ ਸਨ। ਇਸ ਦੌਰਾਨ ਮੇਅਰ ਮਹਿਤਾ ਨੇ ਦੱਸਿਆ ਕਿ ਨਗਰ ਨਿਗਮ, ਬਠਿੰਡਾ ਵਾਸੀਆਂ ਲਈ ਬਿਹਤਰ ਸਹੂਲਤਾਂ ਨੂੰ ਯਕੀਨੀ ਬਣਾਉਣ ਹਿਤ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾ ਰਿਹਾ ਹੈ। ਉਨ੍ਹਾਂ ਇਲਾਕੇ ਦਾ ਨਿਰੀਖਣ ਕੀਤਾ, ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਬਠਿੰਡਾ ਨੂੰ ਇੱਕ ਸੁੰਦਰ ਅਤੇ ਆਦਰਸ਼ ਸ਼ਹਿਰ ਵਿੱਚ ਬਦਲਣ ਲਈ ਕਈ ਵੱਡੇ ਪ੍ਰਾਜੈਕਟ ਚੱਲ ਰਹੇ ਹਨ ਅਤੇ ਊਧਮ ਸਿੰਘ ਨਗਰ, ਵਾਰਡ ਨੰਬਰ 18 ਵਿੱਚ ਇੱਕ ਕਮਿਊਨਿਟੀ ਸੈਂਟਰ ਦੀ ਉਸਾਰੀ ਜਲਦੀ ਹੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਕਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਬਠਿੰਡਾ ਵਿੱਚ ਵੀ ਜਲਦੀ ਹੀ ਵੱਡੇ ਵਿਕਾਸ ਕਾਰਜ ਸ਼ੁਰੂ ਹੋਣ ਜਾ ਰਹੇ ਹਨ।