ਚੀਫ ਵਿਪ ਬਲਜਿੰਦਰ ਕੌਰ, ਡੀਸੀ ਤੇ ਐੱਸਐੱਸਪੀ ਵੱਲੋਂ ਕੀਰਤਨ 'ਚ ਸ਼ਿਰਕਤ
ਚੀਫ ਵਿੱਪ ਬਲਜਿੰਦਰ ਕੌਰ, ਡਿਪਟੀ ਕਮਿਸ਼ਨਰ ਅਤੇ
Publish Date: Wed, 19 Nov 2025 08:09 PM (IST)
Updated Date: Thu, 20 Nov 2025 04:08 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਹਿੰਦ ਦੀ ਚਾਦਰ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 23 ਤੋਂ 25 ਨਵੰਬਰ 2025 ਤਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਹੁਤ ਹੀ ਸ਼ਰਧਾ-ਭਾਵਨਾ ਨਾਲ ਮਨਾਏ ਜਾ ਰਹੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਦੇ ਤਹਿਤ ਸਥਾਨਕ ਗੁਰਦੁਆਰਾ ਬੇਰ ਸਾਹਿਬ (ਦੇਗਸਰ) ਪਾਤਸ਼ਾਹੀ ਦਸਵੀਂ ਛਾਉਣੀ ਬੁੱਢਾ ਦਲ ਪੰਜਵਾਂ ਤਖਤ ਵਿਖੇ ਕੀਰਤਨ ਦਰਬਾਰ ਮੌਕੇ ਚੀਫ ਵਿਪ ਤੇ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ, ਡੀਸੀ ਰਾਜੇਸ਼ ਧੀਮਾਨ ਤੇ ਐੱਸਐੱਸਪੀ ਅਮਨੀਤ ਕੌਂਡਲ ਤੇ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਕੀਰਤਨ ਦਰਬਾਰ ਵਿਚ ਰਾਗੀ ਸਿੰਘਾਂ ਵੱਲੋਂ ਗੁਰਬਾਣੀ ਦੇ ਮਧੁਰ ਕੀਰਤਨ ਰਾਹੀਂ ਹਿੰਦ ਦੀ ਚਾਦਰ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੀ ਮਹਿਮਾ ਬਿਆਨ ਕੀਤੀ ਗਈ, ਜਿਸ ਨਾਲ ਪੂਰਾ ਦਰਬਾਰ ਨਾਮ-ਰੰਗ ਅਤੇ ਸ਼ਰਧਾ ਨਾਲ ਭਰਿਆ ਗਿਆ। ਗੁਰੂ ਸਾਹਿਬ ਦੇ ਉਪਦੇਸ਼ਾਂ, ਧਰਮ ਦੀ ਰੱਖਿਆ, ਮਨੁੱਖਤਾ ਦੀ ਸੇਵਾ ਅਤੇ ਸੱਚ ਲਈ ਖੜ੍ਹੇ ਹੋਣ ਨੂੰ ਯਾਦ ਕਰਵਾਉਂਦਿਆਂ ਸੰਗਤ ਨੇ ਸ਼ਾਂਤੀ ਅਤੇ ਚੇਤੇ ਦਾ ਅਨੁਭਵ ਕੀਤਾ। ਕੀਰਤਨ ਦਰਬਾਰ ਸਾਹਿਬ ਮੌਕੇ ਸੰਗਤਾਂ ਨੂੰ ਗੁਰੂ ਤੇਗ ਬਹਾਦਰ ਜੀ ਦੀ ਜੀਵਨ ਗਾਥਾ, ਉਨ੍ਹਾਂ ਦੇ ਆਤਮਕ ਉਪਦੇਸ਼ ਅਤੇ ਸ਼ਹੀਦੀ ਦੇ ਇਤਿਹਾਸਕ ਮਹੱਤਵ ਬਾਰੇ ਵੀ ਜਾਣੂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਦਾ ਬਲਿਦਾਨ ਮਨੁੱਖਤਾ ਲਈ ਅਦੁਤੀ ਮਿਸਾਲ ਹੈ, ਜੋ ਅੱਜ ਵੀ ਸਾਨੂੰ ਸੱਚ, ਹਿੰਮਤ ਤੇ ਸਹੀ ਰਸਤੇ ‘ਤੇ ਤੁਰਨ ਦੀ ਪ੍ਰੇਰਣਾ ਦਿੰਦਾ ਹੈ। ਕੀਰਤਨ ਦਰਬਾਰ ਸ਼ਾਂਤੀ, ਪ੍ਰੇਰਣਾ ਅਤੇ ਸਮੂਹਿਕ ਏਕਤਾ ਦਾ ਸੁਨੇਹਾ ਦੇ ਕੇ ਸਫਲਤਾ ਪੂਰਵਕ ਸੰਪੰਨ ਹੋਇਆ। ਗੁਰਦੁਆਰਾ ਬੇਰ ਸਾਹਿਬ (ਦੇਗਸਰ) ਪਾਤਸ਼ਾਹੀ 10ਵੀਂ ਛਾਉਣੀ ਬੁੱਢਾ ਦਲ ਪੰਜਵਾਂ ਤਖਤ ਵਿਖੇ ਤੋਂ ਹੀ 20 ਨਵੰਬਰ ਨੂੰ ਪਵਿੱਤਰ ਅਰਦਾਸ ਉਪਰੰਤ ਸਵੇਰੇ 7:30 ਵਜੇ ਨਗਰ ਕੀਰਤਨ ਤਲਵੰਡੀ ਸਾਬੋ ਤੋਂ ਬਠਿੰਡਾ, ਭੁੱਚੋ ਮੰਡੀ, ਰਾਮਪੁਰਾ ਹੁੰਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਵੇਗਾ। ਇਸ ਮੌਕੇ ਭਾਰੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।