ਕਾਨੂੰਨੀ ਜਾਗਰੂਕਤਾ ਸੈਮੀਨਾਰ ਕਰਵਾਇਆ
ਕਾਨੂੰਨੀ ਜਾਗਰੂਕਤਾ ਸੈਮੀਨਾਰ ਕਰਵਾਇਆ
Publish Date: Mon, 17 Nov 2025 06:53 PM (IST)
Updated Date: Tue, 18 Nov 2025 04:13 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਕਰੁਨੇਸ਼ ਕੁਮਾਰ, ਜ਼ਿਲ੍ਹਾ ਅਤੇ ਸੈਸ਼ਨ ਜੱਜ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤੇ ਬਲਜਿੰਦਰ ਕੌਰ ਮਾਨ, ਸਿਵਲ ਜੱਜ (ਸੀਨੀਅਰ ਡੀਵੀਜ਼ਨ)-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਵੱਲੋਂ ਕੇਂਦਰੀ ਯੂਨੀਵਰਸਿਟੀ ਘੁੱਦਾ ਦਾ ਦੌਰਾ ਕਰਕੇ ਯੂਨੀਵਰਸਿਟੀ ਦੇ ਲਾਅ ਵਿਭਾਗ ਦੇ ਵਿਦਿਆਰਥੀਆਂ ਨਾਲ ਕਾਨੂੰਨੀ ਸਹਾਇਤਾ ਅਤੇ ਬੱਚਿਆਂ ਦੇ ਹੱਕਾਂ ਬਾਰੇ ਜਾਗਰੂਕਤਾ ਸੈਮੀਨਾਰ ਕਰਵਾਇਆ। ਸੈਮੀਨਾਰ ਦੌਰਾਨ ਕਰੁਨੇਸ਼ ਕੁਮਾਰ ਨੇ ਬਾਲ ਦਿਵਸ ਦੇ ਮਹੱਤਵ ਨੂੰ ਰੌਸ਼ਨ ਕਰਦੇ ਹੋਏ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਦੀ ਸੁਰੱਖਿਆ, ਸਿੱਖਿਆ ਅਤੇ ਸਿਹਤ ਨੂੰ ਯਕੀਨੀ ਬਣਾਉਣਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਵਿਦਿਆਰਥੀਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਉਨ੍ਹਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਉਨ੍ਹਾਂ ਜਰੂਰੀ ਵਰਗਾਂ ਨੂੰ ਤਜਰਬੇਕਾਰ ਵਕੀਲ ਮੁਫ਼ਤ ਪ੍ਰਦਾਨ ਕੀਤੇ ਜਾਂਦੇ ਹਨ, ਜੋ ਕਾਨੂੰਨੀ ਮਾਮਲਿਆਂ ਦਾ ਖਰਚ ਬਰਦਾਸ਼ਤ ਕਰਨ ਯੋਗ ਨਹੀਂ। ਇਸ ਵਿਚ ਔਰਤਾਂ, ਬੱਚੇ, ਸੀਨੀਅਰ ਸਿਟੀਜ਼ਨ, ਐੱਸਸੀ/ਐੱਸਟੀ. ਵਰਗ, ਘੱਟ ਆਮਦਨੀ ਵਾਲੇ ਲੋਕ ਅਤੇ ਅਪਰਾਧ ਪੀੜਤ ਸ਼ਾਮਲ ਹਨ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੌਂਸਲਿੰਗ, ਕਾਨੂੰਨੀ ਮਦਦ ਅਤੇ ਨਿਆਂ ਤੱਕ ਆਸਾਨ ਪਹੁੰਚ ਯਕੀਨੀ ਬਣਾਈ ਜਾਂਦੀ ਹੈ। ਬਲਜਿੰਦਰ ਕੌਰ ਮਾਨ ਨੇ ਪੋਕਸੋ ਐਕਟ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਹਰ ਕਿਸਮ ਦੇ ਯੌਨ ਸ਼ੋਸ਼ਣ ਖ਼ਿਲਾਫ਼ ਬੱਚੇ ਦੇ ਹੱਕ ਦੀ ਕਾਨੂੰਨੀ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਬੱਚੇ ਨੂੰ ਤੁਰੰਤ ਸੁਰੱਖਿਆ, ਮੈਡੀਕਲ ਸਹਾਇਤਾ ਅਤੇ ਕਾਨੂੰਨੀ ਮਦਦ ਮੁਹੱਈਆ ਕਰਾਈ ਜਾਂਦੀ ਹੈ। ਬੱਚੇ ਦਾ ਬਿਆਨ ਸੰਵੇਦਨਸ਼ੀਲ ਢੰਗ ਨਾਲ, ਮਾਪਿਆਂ ਦੀ ਮੌਜੂਦਗੀ ਵਿੱਚ ਲਿਆ ਜਾਂਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਬੱਚੇ ਨਾਲ ਹਿੰਸਾ ਜਾਂ ਸ਼ੋਸ਼ਣ ਦੀ ਘਟਨਾ ਵਾਪਰੇ ਤਾਂ ਤੁਰੰਤ 1098 (ਚਾਇਲਡ ਲਾਈਨ), ਪੁਲਿਸ ਜਾਂ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨਾਲ ਸੰਪਰਕ ਕੀਤਾ ਜਾਵੇ। ਵਿਦਿਆਰਥੀਆਂ ਵੱਲੋਂ ਕਾਨੂੰਨੀ ਸਿੱਖਿਆ, ਬੱਚਿਆਂ ਦੇ ਹੱਕਾਂ ਅਤੇ ਕਾਨੂੰਨੀ ਸਹਾਇਤਾ ਸਬੰਧੀ ਕਈ ਸਵਾਲ ਪੁੱਛੇ ਗਏ, ਜਿਨ੍ਹਾਂ ਦੇ ਸੰਤੁਸ਼ਟੀਪੂਰਵਕ ਜਵਾਬ ਜੱਜ ਸਾਹਿਬਾਂ ਨੇ ਤੁਰੰਤ ਪ੍ਰਦਾਨ ਕੀਤੇ। ਅੰਤ ਵਿਚ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਦਾ ਧੰਨਵਾਦ ਕੀਤਾ।