ਬੁਲਟ ਮੋਟਰਸਾਈਕਲਾਂ ਦੇ ਸਾਈਲੈਂਸ਼ਰ ਲਾਹ ਕੇ ਚਲਾਇਆ ਬੁਲਡੋਜ਼ਰ
ਬੁਲਟ ਮੋਟਰਸਾਈਕਲਾਂ ਦੇ ਸਾਈਲੈਸ਼ਰ ਲਾਹ ਕੇ ਚਲਾਇਆ ਬੁਲਡੋਜ਼ਰ
Publish Date: Sat, 15 Nov 2025 06:24 PM (IST)
Updated Date: Sat, 15 Nov 2025 06:26 PM (IST)

ਮਨਜੀਤ ਨਰੂਆਣਾ, ਪੰਜਾਬੀ ਜਾਗਰਣ ਬਠਿੰਡਾ : ਜ਼ਿਲ੍ਹਾ ਟ੍ਰੈਫਿਕ ਪੁਲਿਸ ਨੇ ਮੋਡੀਫਾਈਡ ਵਾਹਨਾਂ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਤਿੰਨ–ਪਹੀਆ, ਮੋਟਰਸਾਈਕਲ, ਗੱਡੀਆਂ ਤੋਂ ਇਲਾਵਾ ਮੋਡੀਫਾਈਡ ਜੀਪਾਂ ਅਤੇ ਹੋਰ ਵਾਹਨਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਗਈ। ਇਸ ਤੋਂ ਇਲਾਵਾ ਕਾਰਵਾਈ ਕਰਦੇ ਹੋਏ ਸੜਕਾਂ ’ਤੇ ਪਟਾਕੇ ਵਜਾ ਰਹੇ ਮੋਡੀਫਾਈਡ ਸਾਈਲੈਂਸਰਾਂ ਵਾਲੇ ਬੁਲੇਟ ਮੋਟਰਸਾਈਕਲਾਂ ਦੇ ਸਾਈਲੈਂਸਰਾਂ ਨੂੰ ਲੁਹਾ ਕੇ ਉਨ੍ਹਾਂ ‘ਤੇ ਬਲਡੋਜ਼ਰ ਚਲਾਇਆ ਗਿਆ। ਡੀਐੱਸਪੀ ਮਨਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਐੱਸਐੱਸਪੀ ਅਮਨੀਤ ਕੌਡਲ ਨੇ ਸ਼ਹਿਰ ’ਚ ਟ੍ਰੈਫਿ਼ਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਟ੍ਰੈਫਿਕ ਪੁਲਿਸ ਨੂੰ ਹੁਕਮ ਦਿੱਤੇ ਹਨ। ਇਸ ਦੇ ਮੱਦੇਨਜ਼ਰ ਪੁਲਿਸ ਨੇ ਜ਼ਿਆਦਾਤਰ ਬੁਲਟ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਰੋਕ ਕੇ ਉਨ੍ਹਾਂ ਦੇ ਮੋਡੀਫਾਈਡ ਸਾਈਲੈਂਸਰਾਂ ਨੂੰ ਉਤਾਰ ਕੇ ਜਿੱਥੇ ਉਨ੍ਹਾਂ ’ਤੇ ਬੁਲਡੋਜ਼ਰ ਚਲਾਇਆ ਗਿਆ, ਉੱਥੇ ਉਨ੍ਹਾਂ ਦੇ ਚਾਲਾਨ ਵੀ ਕੱਟੇ। ਹਾਜੀਰਤਨ ਚੌਕ ਨੇੜੇ ਨਾਕੇਬੰਦੀ ਦੌਰਾਨ ਕਈ ਜੁਗਾੜੂ ਮੋਟਰਸਾਈਕਲ ਗੱਡੀਆਂ ਦਾ ਵੀ ਚਾਲਾਨ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਹਾਈ ਕੋਰਟ ਨੇ ਮੋਡੀਫਾਈਡ ਵਾਹਨਾਂ ਬਾਰੇ ਸਖ਼ਤ ਆਦੇਸ਼ ਜਾਰੀ ਕੀਤੇ ਹਨ ਅਤੇ ਪੁਲਿਸ ਪ੍ਰਸ਼ਾਸਨ ਅਦਾਲਤ ਦੇ ਹੁਕਮਾਂ ਨੂੰ ਲਾਗੂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਟ੍ਰੈਫਿਕ ਉਲੰਘਣਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸੜਕਾਂ ’ਤੇ ਕਿਸੇ ਵੀ ਮੋਡੀਫਾਈਡ ਵਾਹਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਕਿਉਂਕਿ ਇਹ ਵਾਹਨ ਆਵਾਜਾਈ ਦੇ ਮਿਆਰਾਂ ਨੂੰ ਪੂਰਾ ਨਹੀਂ ਕਰਦੇ ਅਤੇ ਲੋਕਾਂ ਲਈ ਖ਼ਤਰਾ ਪੈਦਾ ਕਰਦੇ ਹਨ। ਜ਼ਿਆਦਾਤਰ ਛੋਟੇ ਵਾਹਨ ਓਵਰਲੋਡ ਹੁੰਦੇ ਹਨ, ਜਿਸ ਨਾਲ ਹਾਦਸਿਆਂ ਦਾ ਖ਼ਤਰਾ ਵੱਧ ਜਾਂਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮੋਟਰਸਾਈਕਲਾਂ ਖਾਸ ਕਰ ਕੇ ਬੁਲੇਟ ਮੋਟਰਸਾਈਕਲਾਂ ਦੇ ਸਾਈਲੈਂਸਰ ਬਦਲਣ ਅਤੇ ਸੜਕਾਂ ’ਤੇ ਪਟਾਕੇ ਚਲਾਉਣ ਤੋਂ ਗੁਰੇਜ਼ ਕਰਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਜਿਹਾ ਕਰਦੇ ਪਾਏ ਜਾਣ ਵਾਲੇ ਮੋਟਰਸਾਈਕਲ ਸਵਾਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਟ੍ਰੈਫਿਕ ਇੰਚਾਰਜ ਮੇਜਰ ਸਿੰਘ ਨੇ ਕਿਹਾ ਕਿ ਟ੍ਰੈਫਿਕ ਪੁਲਿਸ ਇਸ ਮੁਹਿੰਮ ਨੂੰ ਜਾਰੀ ਰੱਖੇਗੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਪੇਸ਼ ਆਵੇਗੀ।