ਸਿਲਵਰ ਓਕਸ ਸਕੂਲ ਵਿਖੇ ਤੀਜਾ ਸਥਾਪਨਾ ਦਿਵਸ ਮਨਾਇਆ

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਿਲਵਰ ਓਕਸ ਸਕੂਲ ਸੁਸ਼ਾਂਤ ਸਿਟੀ-2 ਬਠਿੰਡਾ ਵਿਖੇ ਤੀਜਾ ਸਥਾਪਨਾ ਦਿਵਸ ‘ਯੁਫੋਰੀਆ’ ਦੇ ਪਹਿਲੇ ਦਿਨ ਨੂੰ ‘ਪ੍ਰਾਰੰਭ’ ‘ਸਕੂਲ ਲਾਈਫ’ ਸਿਰਲੇਖ ਹੇਠ ਵੱਡੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਡਾ. ਕੰਵਲ ਜੀਤ ਸਿੰਘ, ਪ੍ਰੋਫੈਸਰ, ਸਕੂਲ ਆਫ ਐਗਰੀਕਲਚਰ ਸਾਇੰਸ ਐਂਡ ਇੰਜੀਨੀਅਰਿੰਗ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੁਆਰਾ ਦੀਪ ਜਗਾ ਕੇ ਕੀਤੀ ਗਈ। ਉਨ੍ਹਾਂ ਦੇ ਨਾਲ ਪ੍ਰਧਾਨ ਸਰੂਪ ਚੰਦ ਸਿੰਗਲਾ, ਡਾਇਰੈਕਟਰ ਬਰਨਿੰਦਰ ਪਾਲ ਸੇਖੋਂ ਅਤੇ ਪ੍ਰਿੰਸੀਪਲ ਨੀਤੂ ਅਰੋੜਾ ਵੀ ਦੀਵਾ ਜਗਾਉਣ ਦੀ ਰਸਮ ਵਿਚ ਸ਼ਾਮਲ ਹੋਏ। ਇਸ ਮੌਕੇ ਸਕੂਲ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਸਾਰੇ ਮਹਿਮਾਨਾਂ ਦਾ ਗੁਲਦਸਤੇ ਦੇ ਕੇ ਅਤੇ ਬੈਜ ਲਗਾ ਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਭਗਵਾਨ ‘ਗਣੇਸ਼ ਆਰਾਧਨਾ’ ਨਾਲ ਹੋਈ। ਇਸ ਤੋਂ ਬਾਅਦ ਨੰਨ੍ਹੇ-ਮੁੰਨੇ ਬੱਚਿਆਂ ਨੇ ‘ਗਾਈਡਿੰਗ ਸਟਾਰਜ਼’, ‘ਰਿਥਮ ਆਫ ਫੈਸਟੀਵਲਜ਼’ ਅਤੇ ‘ਬੀਟਸ ਆਫ ਡ੍ਰੀਮਜ਼’ ਵਰਗੀਆਂ ਪਿਆਰੀਆਂ ਅਤੇ ਰੋਮਾਂਚਕ ਪੇਸ਼ਕਾਰੀਆਂ ਨਾਲ ਸਾਰੇ ਹਾਜ਼ਰ ਲੋਕਾਂ ਨੂੰ ਮੋਹ ਲਿਆ। ਸਮਾਗਮ ਦੀ ਸਮਾਪਤੀ ਢੋਲ ਦੀਆਂ ਧੁਨਾਂ ’ਤੇ ਭੰਗੜੇ ਦੀ ਜੋਸ਼ੀਲੀ ਪੇਸ਼ਕਾਰੀ ਨਾਲ ਹੋਇਆ। ਸਮਾਗਮ ਦਾ ਇੱਕ ਵਿਸ਼ੇਸ਼ ਆਕਰਸ਼ਣ ਸਕੂਲ ਨਿਊਜ਼ਲੈਟਰ ਦਾ ਰਸਮੀ ਰੂਪ ਵਿਚ ਜਾਰੀ ਕਰਨਾ ਸੀ, ਜੋ ਮੁੱਖ ਮਹਿਮਾਨ, ਪ੍ਰਧਾਨ ਸਰੂਪ ਚੰਦ ਸਿੰਗਲਾ, ਡਾਇਰੈਕਟਰ ਬਰਨਿੰਦਰ ਪੌਲ ਸੇਖੋਂ, ਪ੍ਰਿੰਸੀਪਲ ਨੀਤੂ ਅਰੋੜਾ ਅਤੇ ਹੋਰ ਪ੍ਰਬੰਧਕ ਮੈਂਬਰਾਂ ਵੱਲੋਂ ਕੀਤਾ ਗਿਆ। ਜਮਾਤ ਤੀਜੀ ਦੇ ਵਿਦਿਆਰਥੀਆਂ ਜਕਸ਼ ਅਤੇ ਤਹਿਜ਼ੀਬ ਨੇ ਸਾਲਾਨਾ ਰਿਪੋਰਟ ਪੇਸ਼ ਕੀਤੀ, ਜਿਸ ਵਿਚ ਉਨ੍ਹਾਂ ਨੇ ਸਕੂਲ ਦੀਆਂ ਸਿੱਖਿਆਤਮਿਕ, ਖੇਡਾਂ ਅਤੇ ਸਹਿ–ਪਾਠਕ੍ਰਮ ਸਰਗਰਮੀਆਂ ਵਿਚ ਪ੍ਰਾਪਤੀਆਂ ਬਾਰੇ ਦੱਸਿਆ। ਮੁੱਖ ਮਹਿਮਾਨ ਡਾ. ਕੰਵਲਜੀਤ ਸਿੰਘ ਨੇ ਸਕੂਲ ਪ੍ਰਬੰਧਨ ਅਤੇ ਸਟਾਫ ਵੱਲੋਂ ਬੱਚਿਆਂ ਦੀ ਰਚਨਾਤਮਕਤਾ ਅਤੇ ਪ੍ਰਤਿਭਾ ਨੂੰ ਨਿਖਾਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਬੱਚਿਆਂ ਦੇ ਆਤਮਵਿਸ਼ਵਾਸ ਦੀ ਭਰਪੂਰ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਮਾਪਿਆਂ ਨੂੰ ਬੱਚਿਆਂ ਦੇ ਸਿੱਖਣ ਦੇ ਸਫਰ ਵਿਚ ਧੀਰਜ ਅਤੇ ਹੌਸਲਾ ਬਣਾਈ ਰੱਖਣ ਦੀ ਅਪੀਲ ਕੀਤੀ। ਇਸ ਤੋਂ ਬਾਅਦ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਬੱਚਿਆਂ ਨੂੰ ਅਸੀਸਾਂ ਬਖ਼ਸ਼ੀਆਂ ਅਤੇ ਸਟਾਫ ਵੱਲੋਂ ਕੀਤੇ ਉੱਤਮ ਪ੍ਰਬੰਧ ਦੀ ਤਾਰੀਫ਼ ਕੀਤੀ। ਇਸ ਉਪਰੰਤ ਡਾਇਰੈਕਟਰ ਬਰਨਿੰਦਰ ਪਾਲ ਸੇਖੋਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ। ਸਮਾਗਮ ਦੇ ਅਖੀਰ ਵਿਚ ਪ੍ਰਿੰਸੀਪਲ ਨੀਤੂ ਅਰੋੜਾ ਨੇ ਧੰਨਵਾਦ ਕੀਤਾ ਅਤੇ ਮਹਿਮਾਨਾਂ, ਮਾਪਿਆਂ, ਵਿਦਿਆਰਥੀਆਂ ਅਤੇ ਅਧਿਆਪਕਾਂ ਪ੍ਰਤੀ ਅਭਾਰ ਜਤਾਇਆ। ਸਮਾਗਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ।