ਰਿਸ਼ਤਿਆਂ ਦਾ ਕਤਲ: ਬੱਚੀ ਨੂੰ ਨਸ਼ਾ ਦੇ ਕੇ ਜਬਰ-ਜਨਾਹ ਕਰਦਾ ਸੀ ਮਤਰੇਆ ਨਾਨਾ; ਸਮਾਜਿਕ ਜਥੇਬੰਦੀਆਂ ਦੇ ਦਖ਼ਲ ਤੋਂ ਬਾਅਦ ਪੁਲਿਸ ਨੇ ਲਿਆ ਐਕਸ਼ਨ
ਸਮਾਜਿਕ ਜਥੇਬੰਦੀਆਂ ਦੇ ਸਖ਼ਤ ਵਿਰੋਧ ਅਤੇ ਦਖ਼ਲ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਪੀੜਤ ਬੱਚੀ ਦੀ ਮਾਂ ਨੇ ਦੱਸਿਆ ਕਿ ਮੁਲਜ਼ਮ ਨਸ਼ਾ ਦੇ ਕੇ ਉਸ ਦਾ ਸਰੀਰਕ ਸ਼ੋਸ਼ਣ ਕਰ ਰਿਹਾ ਸੀ। ਲੰਘੀ 26 ਅਪ੍ਰੈਲ ਨੂੰ ਜਦੋਂ ਮਾਂ ਨੇ ਆਪਣੀ ਧੀ ਨੂੰ ਨਸ਼ੀਲਾ ਕੈਪਸੂਲ ਖਾਂਦੇ ਦੇਖਿਆ ਅਤੇ ਸਖ਼ਤੀ ਨਾਲ ਪੁੱਛਗਿੱਛ ਕੀਤੀ, ਤਾਂ ਬੱਚੀ ਨੇ ਰੋਂਦੇ ਹੋਏ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਉਸ ਨਾਲ ਗ਼ਲਤ ਕੰਮ ਕੀਤਾ ਜਾ ਰਿਹਾ ਸੀ।
Publish Date: Mon, 04 May 2026 09:04 AM (IST)
Updated Date: Mon, 04 May 2026 09:06 AM (IST)
ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ : ਇਕ 50 ਸਾਲਾ ਵਿਅਕਤੀ ’ਤੇ ਆਪਣੀ ਹੀ 12 ਸਾਲਾ ਮਤਰੇਈ ਦੋਹਤੀ ਨਾਲ ਪਿਛਲੇ ਦੋ ਸਾਲਾਂ ਤੋਂ ਜਬਰ ਜਨਾਹ ਕਰਨ ਦੇ ਇਲਜ਼ਾਮ ਲੱਗੇ ਹਨ। ਇਸ ਦਾ ਖੁਲਾਸਾ ਬੱਚੀ ਦੀ ਸਿਹਤ ਵਿਗੜਨ ਤੋਂ ਬਾਅਦ ਹੋਇਆ। ਸਮਾਜਿਕ ਜਥੇਬੰਦੀਆਂ ਦੇ ਸਖ਼ਤ ਵਿਰੋਧ ਅਤੇ ਦਖ਼ਲ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਪੀੜਤ ਬੱਚੀ ਦੀ ਮਾਂ ਨੇ ਦੱਸਿਆ ਕਿ ਮੁਲਜ਼ਮ ਨਸ਼ਾ ਦੇ ਕੇ ਉਸ ਦਾ ਸਰੀਰਕ ਸ਼ੋਸ਼ਣ ਕਰ ਰਿਹਾ ਸੀ। ਲੰਘੀ 26 ਅਪ੍ਰੈਲ ਨੂੰ ਜਦੋਂ ਮਾਂ ਨੇ ਆਪਣੀ ਧੀ ਨੂੰ ਨਸ਼ੀਲਾ ਕੈਪਸੂਲ ਖਾਂਦੇ ਦੇਖਿਆ ਅਤੇ ਸਖ਼ਤੀ ਨਾਲ ਪੁੱਛਗਿੱਛ ਕੀਤੀ, ਤਾਂ ਬੱਚੀ ਨੇ ਰੋਂਦੇ ਹੋਏ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਉਸ ਨਾਲ ਗ਼ਲਤ ਕੰਮ ਕੀਤਾ ਜਾ ਰਿਹਾ ਸੀ। ਪੀੜਤਾ ਦੀ ਮਾਂ ਨੇ ਪੁਲਿਸ ਦੀ ਕਾਰਜ ਪ੍ਰਣਾਲੀ ’ਤੇ ਵੀ ਗੰਭੀਰ ਸਵਾਲ ਚੁੱਕੇ ਹਨ। ਉਸ ਦਾ ਦੋਸ਼ ਹੈ ਕਿ ਪੁਲਿਸ ਮੁਲਾਜ਼ਮ ਨੇ ਉਸ ਦੀ ਅਨਪੜਤਾ ਦਾ ਫ਼ਾਇਦਾ ਉਠਾਉਂਦਿਆਂ ਉਸ ਨੂੰ ਡਰਾ-ਧਮਕਾ ਕੇ ਕੋਰੇ ਕਾਗਜ਼ਾਂ ’ਤੇ ਅੰਗੂਠੇ ਲਗਵਾ ਲਏ। ਬਾਅਦ ’ਚ ਉਸ ਨੂੰ ਪਤਾ ਲੱਗਾ ਕਿ ਪੁਲਿਸ ਇਸ ਸੰਗੀਨ ਮਾਮਲੇ ਨੂੰ ਮਹਿਜ਼ ਇਕ ਸਮਝੌਤਾ ਦੱਸ ਕੇ ਰਫ਼ਾ-ਦਫ਼ਾ ਕਰਨਾ ਚਾਹੁੰਦੀ ਸੀ। ਇਸ ਤੋਂ ਬਾਅਦ ਜਦੋਂ ‘ਜਸਟਿਸ ਫਾਰ ਆਲ ਆਰਗੇਨਾਈਜ਼ੇਸ਼ਨ’ ਨੇ ਮਾਮਲੇ ਵਿਚ ਦਖ਼ਲ ਦਿੱਤਾ, ਤਾਂ ਪੁਲਿਸ ਨੇ ਕੇਸ ਦਰਜ ਕੀਤਾ।
ਥਾਣਾ ਕੈਨਾਲ ਦੇ ਐੱਸਐੱਚਓ ਹਰਜੋਤ ਸਿੰਘ ਨੇ ਦੱਸਿਆ ਕਿ ਪੀੜਤ ਬੱਚੀ ਦਾ ਮੈਡੀਕਲ ਕਰਵਾਇਆ ਗਿਆ ਹੈ। ਮੁਲਜ਼ਮ ਮਤਰੇਏ ਨਾਨੇ ਖ਼ਿਲਾਫ਼ ਪੋਕਸੋ ਐਕਟ ਅਤੇ ਜਬਰ-ਜਨਾਹ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਫਿਲਹਾਲ ਮੁਲਜ਼ਮ ਜੇਲ੍ਹ ’ਚ ਹੈ ਅਤੇ ਪੀੜਤ ਬੱਚੀ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।