10 ਸਤੰਬਰ ਨੂੰ ਆਪਣੇ ਘਰ ’ਚ ਬੰਬ ਬਣਾਉਣ ਦੀ ਕੋਸ਼ਿਸ਼ ਦੌਰਾਨ ਹੋਏ ਧਮਾਕੇ ’ਚ ਗੁਰਪ੍ਰੀਤ ਗੰਭੀਰ ਜ਼ਖਮੀ ਹੋ ਗਿਆ ਸੀ। ਉਹ ਏਮਜ਼ ’ਚ ਇਲਾਜ ਅਧੀਨ ਸੀ। ਇੱਥੇ ਇਲਾਜ ਦੌਰਾਨ ਉਸਦਾ ਸੱਜਾ ਹੱਥ ਵੱਢਣਾ ਪਿਆ। ਇਸ ਲਈ ਉਸ ਕੋਲੋਂ ਜ਼ਿਆਦਾ ਪੁੱਛਗਿੱਛ ਨਹੀਂ ਹੋ ਸਕੀ ਸੀ।
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਮਨੁੱਖੀ ਬੰਬ ਬਣ ਕੇ ਫ਼ੌਜ ’ਤੇ ਹਮਲੇ ਦੀ ਸਾਜ਼ਿਸ਼ ਰਚਣ ਵਾਲਾ ਪਿੰਡ ਜੀਦਾ ਦੇ ਗੁਰਪ੍ਰੀਤ ਸਿੰਘ ਨੂੰ ਬੁੱਧਵਾਰ ਨੂੰ ਏਮਜ਼ ’ਚੋਂ ਛੁੱਟੀ ਮਿਲਦੇ ਹੀ ਬਠਿੰਡਾ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਇਸ ਮਾਮਲੇ ਦੀਆਂ ਹੋਰ ਪਰਤਾਂ ਖੁੱਲ੍ਹਣ ਦੀ ਉਮੀਦ ਬੱਝ ਗਈ ਹੈ।
10 ਸਤੰਬਰ ਨੂੰ ਆਪਣੇ ਘਰ ’ਚ ਬੰਬ ਬਣਾਉਣ ਦੀ ਕੋਸ਼ਿਸ਼ ਦੌਰਾਨ ਹੋਏ ਧਮਾਕੇ ’ਚ ਗੁਰਪ੍ਰੀਤ ਗੰਭੀਰ ਜ਼ਖਮੀ ਹੋ ਗਿਆ ਸੀ। ਉਹ ਏਮਜ਼ ’ਚ ਇਲਾਜ ਅਧੀਨ ਸੀ। ਇੱਥੇ ਇਲਾਜ ਦੌਰਾਨ ਉਸਦਾ ਸੱਜਾ ਹੱਥ ਵੱਢਣਾ ਪਿਆ। ਇਸ ਲਈ ਉਸ ਕੋਲੋਂ ਜ਼ਿਆਦਾ ਪੁੱਛਗਿੱਛ ਨਹੀਂ ਹੋ ਸਕੀ ਸੀ। ਬੁੱਧਵਾਰ ਨੂੰ ਜਿਵੇਂ ਹੀ ਡਾਕਟਰਾਂ ਨੇ ਉਸ ਨੂੰ ਛੁੱਟੀ ਦਿੱਤੀ ਤਾਂ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਫੌਜ ’ਤੇ ਹਮਲਾ ਕਰਨ ਦੇ ਇਰਾਦੇ ਨਾਲ ਬੰਬ ਬਣਾ ਰਿਹਾ ਸੀ। ਲਾਅ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਨੇ ਬੰਬ ਤਿਆਰ ਕਰਨ ਲਈ ਵੱਡੀ ਮਾਤਰਾ ’ਚ ਕੈਮੀਕਲ ਆਨਲਾਈਨ ਮੰਗਵਾਏ ਸਨ। ਉਸਨੇ ਇਨ੍ਹਾਂ ਕੈਮੀਕਲਾਂ ਨੂੰ ਮਿਲਾ ਕੇ ਕਰੀਬ ਦੋ ਕਿੱਲੋ ਦੀ ਧਮਾਕਾਖੇਜ਼ ਸਮੱਗਰੀ ਤਿਆਰ ਕੀਤੀ ਸੀ। ਜਦੋਂ ਉਹ ਬੰਬ ਤਿਆਰ ਕਰ ਰਿਹਾ ਸੀ ਤਾਂ ਅਚਾਨਕ ਧਮਾਕਾ ਹੋ ਗਿਆ। ਉਸ ਦੇ ਇਰਾਦੇ ਖ਼ਤਰਨਾਕ ਸਨ। ਜੇਕਰ ਉਸ ਦੀ ਸਾਜ਼ਿਸ਼ ਕਾਮਯਾਬ ਹੋ ਜਾਂਦੀ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਕਿ ਉਸਨੂੰ ਅਜਿਹਾ ਕਰਨ ਲਈ ਕਿਸਨੇ ਪ੍ਰੇਰਿਤ ਕੀਤਾ ਤੇ ਕੀ ਇਸ ਪਿੱਛੇ ਕੋਈ ਵੱਡਾ ਨੈੱਟਵਰਕ ਕੰਮ ਕਰ ਰਿਹਾ ਹੈ?
ਸੂਤਰਾਂ ਮੁਤਾਬਕ ਗੁਰਪ੍ਰੀਤ ਨੇ ਇਕ ਮੁਸਲਿਮ ਨਾਮ, ਮੁਹੰਮਦ ਇਕਬਾਲ ਦੀ ਵਰਤੋਂ ਕਰਕੇ ਇੰਟਰਨੈਟ ਆਈਡੀ ਬਣਾਈ ਹੋਈ ਸੀ। ਪੁਲਿਸ ਨੇ ਦੋਸ਼ੀ ਗੁਰਪ੍ਰੀਤ ਸਿੰਘ ਤੇ ਉਸਦੇ ਪਿਤਾ ਦੇ ਬੈਂਕ ਖਾਤਿਆਂ ਦੇ ਵੇਰਵੇ ਪ੍ਰਾਪਤ ਕਰ ਲਏ ਹਨ। ਹਾਲਾਂਕਿ ਉਨ੍ਹਾਂ ਦੇ ਖਾਤਿਆਂ ’ਚ ਵਿਦੇਸ਼ ਤੋਂ ਕੋਈ ਪੈਸਾ ਨਹੀਂ ਆਇਆ।
ਦੂਜੇ ਪਾਸੇ ਉਸਦੀ ਗ੍ਰਿਫਤਾਰੀ ਬਾਅਦ ਐੱਨਆਈਏ ਸਮੇਤ ਵੱਖ-ਵੱਖ ਸੁਰੱਖਿਆ ਏਜੰਸੀਆਂ ਨੇ ਗੁਰਪ੍ਰੀਤ ਸਿੰਘ ਕੋਲੋ ਪੁਛਗਿੱਛ ਦੀ ਪੂਰੀ ਤਿਆਰੀ ਕਰ ਲਈ ਹੈ। ਸੁਰੱਖਿਆ ਏਜੰਸੀਆਂ ਇਹ ਪਤਾ ਲਗਾਉਣਗੀਆਂ ਕਿ ਕੀ ਉਹ ਸਿਰਫ਼ ਲਸ਼ਕਰ-ਏ-ਤਇਬਾ ਦੇ ਸਰਗਨਾ ਮੌਲਾਨਾ ਮਸੂਦ ਅਜ਼ਹਰ ਦੀਆਂ ਵੀਡੀਓ ਦੇਖ ਕੇ ਹੀ ਪ੍ਰਭਾਵਿਤ ਹੋਇਆ ਸੀ? ਜਾਂ ਫਿਰ ਉਸ ਦੇ ਕਿਸੇ ਅੱਤਵਾਦੀ ਸੰਗਠਨ ਜਾਂ ਵਿਦੇਸ਼ੀ ਏਜੰਸੀ ਨਾਲ ਸਬੰਧ ਹਨ?
ਕੈਮੀਕਲ ਦੀ ਜਾਂਚ ਲਈ ਫ਼ੌਜ ਨੂੰ ਲਿਖਿਆ ਪੱਤਰ
ਬਠਿੰਡਾ ਪੁਲਿਸ ਨੇ ਗੁਰਪ੍ਰੀਤ ਦੇ ਘਰ ’ਚ ਖਿੱਲਰੇ ਕੈਮੀਕਲ ਦੀ ਜਾਂਚ ਪੂਰੀ ਕਰ ਲਈ ਹੈ ਤੇ ਘਰ ਸੀਲ ਕਰ ਦਿੱਤਾ ਹੈ। ਕੈਮੀਕਲਸ ਏਨੇ ਸੰਵੇਦਨਸ਼ੀਲ ਹਨ ਕਿ ਕਿ ਉਸ ਦੀ ਜਾਂਚ ਲਈ ਪੁਲਿਸ ਨੇ ਫ਼ੌਜ ਨੂੰ ਪੱਤਰ ਲਿਖਿਆ ਹੈ।