ਬਠਿੰਡਾ ਪੁਲਿਸ ਵੱਲੋਂ ਸਿਰਫ਼ 15 ਦਿਨਾਂ ਵਿੱਚ 8 ਨਜਾਇਜ਼ ਪਿਸਤੌਲ ਅਤੇ ਰਿਵਾਲਵਰ ਬਰਾਮਦ ਕੀਤੇ ਜਾਣ ਨਾਲ ਸਪੱਸ਼ਟ ਹੈ ਕਿ ਹਥਿਆਰਾਂ ਦਾ ਨੈੱਟਵਰਕ ਡੂੰਘਾ ਹੋ ਚੁੱਕਾ ਹੈ। ਚਿੰਤਾ ਇਸ ਗੱਲ ਦੀ ਹੈ ਕਿ ਕਿੰਨੇ ਹਥਿਆਰ ਪੁਲਿਸ ਦੀ ਨਜ਼ਰ ਤੋਂ ਬਚ ਕੇ ਪਿੰਡਾਂ ਅਤੇ ਸ਼ਹਿਰਾਂ ਤੱਕ ਪਹੁੰਚ ਰਹੇ ਹਨ। ਐਨਸੀਆਰਬੀ ਦੀ ਰਿਪੋਰਟ ਮੁਤਾਬਕ ਪੰਜਾਬ ਵਿੱਚ ਅਸਲਾ ਐਕਟ ਹੇਠ ਦਰਜ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ: ਪੰਜਾਬ, ਜੋ ਕਦੇ ਹਰੀ ਕ੍ਰਾਂਤੀ ਅਤੇ ਖੁਸ਼ਹਾਲੀ ਲਈ ਜਾਣਿਆ ਜਾਂਦਾ ਸੀ, ਅੱਜ ਨਜਾਇਜ਼ ਅਸਲੇ ਦੇ ਵਧਦੇ ਜਾਲ ਕਾਰਨ ਗੰਭੀਰ ਸੁਰੱਖਿਆ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ। ਸਰਹੱਦੀ ਖੇਤਰਾਂ ਵਿੱਚ ਪਾਕਿਸਤਾਨੀ ਡਰੋਨਾਂ ਰਾਹੀਂ ਹਥਿਆਰ ਪਹੁੰਚਣ ਦੇ ਮਾਮਲੇ ਪਹਿਲਾਂ ਹੀ ਚਿੰਤਾ ਦਾ ਵਿਸ਼ਾ ਹਨ, ਪਰ ਹੁਣ ਮੱਧ ਪ੍ਰਦੇਸ਼ ਤੋਂ ਮਾਲਵਾ ਖੇਤਰ ਤੱਕ ਗ਼ੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਨੇ ਹਾਲਾਤ ਹੋਰ ਗੰਭੀਰ ਕਰ ਦਿੱਤੇ ਹਨ।
ਬਠਿੰਡਾ ਪੁਲਿਸ ਵੱਲੋਂ ਸਿਰਫ਼ 15 ਦਿਨਾਂ ਵਿੱਚ 8 ਨਜਾਇਜ਼ ਪਿਸਤੌਲ ਅਤੇ ਰਿਵਾਲਵਰ ਬਰਾਮਦ ਕੀਤੇ ਜਾਣ ਨਾਲ ਸਪੱਸ਼ਟ ਹੈ ਕਿ ਹਥਿਆਰਾਂ ਦਾ ਨੈੱਟਵਰਕ ਡੂੰਘਾ ਹੋ ਚੁੱਕਾ ਹੈ। ਚਿੰਤਾ ਇਸ ਗੱਲ ਦੀ ਹੈ ਕਿ ਕਿੰਨੇ ਹਥਿਆਰ ਪੁਲਿਸ ਦੀ ਨਜ਼ਰ ਤੋਂ ਬਚ ਕੇ ਪਿੰਡਾਂ ਅਤੇ ਸ਼ਹਿਰਾਂ ਤੱਕ ਪਹੁੰਚ ਰਹੇ ਹਨ। ਐਨਸੀਆਰਬੀ ਦੀ ਰਿਪੋਰਟ ਮੁਤਾਬਕ ਪੰਜਾਬ ਵਿੱਚ ਅਸਲਾ ਐਕਟ ਹੇਠ ਦਰਜ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੱਧ ਪ੍ਰਦੇਸ਼ ਦੇ ਖਰਗੋਨ, ਧਾਰ ਅਤੇ ਬੜਵਾਨੀ ਵਰਗੇ ਇਲਾਕਿਆਂ ਤੋਂ ਸਸਤੇ ਦੇਸੀ ਰਿਵਾਲਵਰ ਪੰਜਾਬ ਭੇਜੇ ਜਾ ਰਹੇ ਹਨ। ‘ਰਾਜਵੀਰ’ ਨਾਮ ਦਾ ਇਕ ਸਪਲਾਇਰ 25 ਤੋਂ 30 ਹਜ਼ਾਰ ਰੁਪਏ ਵਿੱਚ ਇਹ ਹਥਿਆਰ ਉਪਲਬਧ ਕਰਵਾ ਰਿਹਾ ਹੈ। ਇਹ ਸਸਤੇ ਹਥਿਆਰ ਨੌਜਵਾਨਾਂ ਨੂੰ ਅਪਰਾਧ ਵੱਲ ਧੱਕ ਰਹੇ ਹਨ। ਪਹਿਲਾਂ ਲੁੱਟ-ਖੋਹ ਲਈ ਹਥਿਆਰ ਖਰੀਦੇ ਜਾਂਦੇ ਹਨ ਅਤੇ ਬਾਅਦ ਵਿੱਚ ਇਹੀ ਨੌਜਵਾਨ ਗੈਂਗਸਟਰ ਨੈੱਟਵਰਕ ਨਾਲ ਜੁੜਦੇ ਜਾ ਰਹੇ ਹਨ।
ਸਭ ਤੋਂ ਵੱਡਾ ਸਵਾਲ ਪੁਲਿਸ ਦੀ ਜਾਂਚ ’ਤੇ ਖੜ੍ਹਾ ਹੋ ਰਿਹਾ ਹੈ। ਪੁਲਿਸ ਅਕਸਰ ਹਥਿਆਰਾਂ ਸਮੇਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰਦੀ ਹੈ, ਪਰ ਸਪਲਾਈ ਚੇਨ ਦੇ ਅਸਲ ਸਰਗਨਿਆਂ ਤੱਕ ਜਾਂਚ ਘੱਟ ਹੀ ਪਹੁੰਚਦੀ ਹੈ। ਹਾਲ ਹੀ ਵਿੱਚ ਫੜ੍ਹੇ ਗਏ ਮੁਲਜ਼ਮਾਂ ਨੇ ਵੀ ਮੱਧ ਪ੍ਰਦੇਸ਼ ਨਾਲ ਜੁੜੇ ਨੈੱਟਵਰਕ ਦਾ ਖੁਲਾਸਾ ਕੀਤਾ, ਪਰ ਮੁੱਖ ਸਪਲਾਇਰ ਅਜੇ ਵੀ ਕਾਨੂੰਨ ਦੀ ਪਹੁੰਚ ਤੋਂ ਬਾਹਰ ਹਨ।
ਚੋਣਾਂ ਤੋਂ ਪਹਿਲਾਂ ਵਧੀ ਚਿੰਤਾ
ਚੋਣ ਵਰ੍ਹਾ ਹੋਣ ਕਾਰਨ ਇਹ ਮਾਮਲਾ ਹੋਰ ਸੰਵੇਦਨਸ਼ੀਲ ਬਣ ਗਿਆ ਹੈ। ਜਿੱਥੇ ਲਾਇਸੈਂਸੀ ਹਥਿਆਰ ਜਮ੍ਹਾਂ ਕਰਵਾਏ ਜਾ ਰਹੇ ਹਨ, ਉੱਥੇ ਨਜਾਇਜ਼ ਅਸਲੇ ਦੀ ਲਗਾਤਾਰ ਆਮਦ ਕਾਨੂੰਨ-ਵਿਵਸਥਾ ਲਈ ਵੱਡਾ ਖ਼ਤਰਾ ਬਣ ਰਹੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਪੁਲਿਸ ਨੇ ਸਿਰਫ਼ ਬਰਾਮਦਗੀ ਤੱਕ ਸੀਮਤ ਰਹਿਣ ਦੀ ਬਜਾਏ ਸਪਲਾਈ ਚੇਨ ਨੂੰ ਤੋੜਨ ’ਤੇ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਹਥਿਆਰ ਪੰਜਾਬ ਵਿੱਚ ਗੈਂਗਵਾਰ ਅਤੇ ਅਪਰਾਧ ਨੂੰ ਹੋਰ ਵਧਾ ਸਕਦੇ ਹਨ।
‘ਰਾਜਵੀਰ’ ਬਣਿਆ ਪੰਜਾਬ ਲਈ ਸਿਰਦਰਦ
ਮੱਧ ਪ੍ਰਦੇਸ਼ ਦੇ ਖਰਗੋਨ, ਧਾਰ ਅਤੇ ਬੜਵਾਨੀ ਖੇਤਰਾਂ ਤੋਂ ਪੰਜਾਬ ਤੱਕ ਨਜਾਇਜ਼ ਹਥਿਆਰਾਂ ਦੀ ਸਪਲਾਈ ਦਾ ਨੈੱਟਵਰਕ ਸਰਗਰਮ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ‘ਰਾਜਵੀਰ’ ਨਾਮ ਦਾ ਇਕ ਸਪਲਾਇਰ 25 ਤੋਂ 30 ਹਜ਼ਾਰ ਰੁਪਏ ਵਿੱਚ ਦੇਸੀ ਰਿਵਾਲਵਰ ਪੰਜਾਬ ਭੇਜ ਰਿਹਾ ਹੈ। ਇਹ ਸਸਤੇ ਹਥਿਆਰ ਨੌਜਵਾਨਾਂ ਨੂੰ ਅਪਰਾਧ ਦੀ ਦੁਨੀਆ ਵੱਲ ਧੱਕ ਰਹੇ ਹਨ।
ਸਰਹੱਦ ਪਾਰੋਂ ਡਰੋਨਾਂ ਰਾਹੀਂ ਆ ਰਿਹਾ ਨਜਾਇਜ਼ ਅਸਲਾ
ਪੰਜਾਬ ਵਿੱਚ ਨਜਾਇਜ਼ ਹਥਿਆਰਾਂ ਦੇ ਵਧਦੇ ਜਾਲ ਪਿੱਛੇ ਸਰਹੱਦ ਪਾਰੋਂ ਹੋ ਰਹੀ ਤਸਕਰੀ ਵੀ ਵੱਡਾ ਕਾਰਨ ਬਣ ਰਹੀ ਹੈ। ਭਾਰਤ-ਪਾਕਿਸਤਾਨ ਸਰਹੱਦ ’ਤੇ ਤੈਨਾਤ ਬੀਐੱਸਐੱਫ ਦੇ ਜਵਾਨ ਲਗਾਤਾਰ ਡਰੋਨਾਂ ਅਤੇ ਹੋਰ ਸਾਧਨਾਂ ਰਾਹੀਂ ਭੇਜੇ ਜਾ ਰਹੇ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਨੂੰ ਨਾਕਾਮ ਕਰ ਰਹੇ ਹਨ। ਪੰਜਾਬ ਨਾਲ ਲੱਗਦੀ ਕਰੀਬ 553 ਕਿਲੋਮੀਟਰ ਲੰਬੀ ਅੰਤਰਰਾਸ਼ਟਰੀ ਸਰਹੱਦ ’ਤੇ ਪਾਕਿਸਤਾਨੀ ਤਸਕਰ ਡਰੋਨਾਂ ਅਤੇ ਰਾਵੀ ਦਰਿਆ ਦੇ ਰਸਤੇ ਭਾਰਤੀ ਖੇਤਰ ਵਿੱਚ ਅਸਲਾ ਅਤੇ ਨਸ਼ਾ ਭੇਜਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਬੀਐੱਸਐੱਫ ਵੱਲੋਂ ਪਿਛਲੇ ਸਮੇਂ ਦੌਰਾਨ ਵੱਡੀ ਮਾਤਰਾ ਵਿੱਚ ਹਥਿਆਰ, ਗੋਲਾਬਾਰੂਦ ਅਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ ਹੈ। ਅਧਿਕਾਰੀਆਂ ਮੁਤਾਬਕ ਸਾਲ 2025 ਦੌਰਾਨ 204 ਹਥਿਆਰ, 3643 ਗੋਲੀਆਂ, 273 ਮੈਗਜ਼ੀਨ, 12 ਗ੍ਰਨੇਡ, 12 ਡੈਟੋਨੇਟਰ ਅਤੇ 10.245 ਕਿਲੋਗ੍ਰਾਮ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ। ਜਦਕਿ 2026 ਦੌਰਾਨ ਹੁਣ ਤੱਕ 82 ਹਥਿਆਰ, 855 ਗੋਲੀਆਂ, 123 ਮੈਗਜ਼ੀਨ ਅਤੇ ਇੱਕ ਗ੍ਰਨੇਡ ਜ਼ਬਤ ਕੀਤਾ ਜਾ ਚੁੱਕਾ ਹੈ। ਸੁਰੱਖਿਆ ਏਜੰਸੀਆਂ ਮੰਨਦੀਆਂ ਹਨ ਕਿ ਸਰਹੱਦ ਪਾਰੋਂ ਆ ਰਹੇ ਇਹ ਹਥਿਆਰ ਪੰਜਾਬ ਵਿੱਚ ਗੈਂਗਸਟਰ ਨੈੱਟਵਰਕ ਅਤੇ ਅਪਰਾਧ ਨੂੰ ਹੋਰ ਹਵਾ ਦੇ ਰਹੇ ਹਨ।
ਫਾਜ਼ਿਲਕਾ ਪੁਲਿਸ ਵੱਲੋਂ ਵੱਡੀ ਮਾਤਰਾ ’ਚ ਹਥਿਆਰ ਬਰਾਮਦ
ਫਾਜ਼ਿਲਕਾ ਦੇ ਤਤਕਾਲੀ ਐੱਸਐੱਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ 1 ਮਾਰਚ 2025 ਤੋਂ 19 ਅਪ੍ਰੈਲ 2026 ਤੱਕ ਨਸ਼ਾ ਤਸਕਰਾਂ ਅਤੇ ਗੈਰਕਾਨੂੰਨੀ ਗਤੀਵਿਧੀਆਂ ਖ਼ਿਲਾਫ਼ ਚਲਾਈ ਮੁਹਿੰਮ ਦੌਰਾਨ ਪੁਲਿਸ ਨੇ ਵੱਡੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ ਹਨ। ਇਸ ਦੌਰਾਨ 37 ਪਿਸਤੌਲ, 1873 ਕਾਰਤੂਸ, 55 ਮੈਗਜ਼ੀਨ ਅਤੇ 4 ਖੋਲ ਕਬਜ਼ੇ ਵਿੱਚ ਲਏ ਗਏ। ਉਨ੍ਹਾਂ ਦੱਸਿਆ ਕਿ ਸਰਹੱਦੀ ਖੇਤਰ ਹੋਣ ਕਾਰਨ ਡਰੋਨ ਰਾਹੀਂ ਹਥਿਆਰ ਭੇਜਣ ਦੀਆਂ ਕੋਸ਼ਿਸ਼ਾਂ ਨੂੰ ਵੀ ਨਾਕਾਮ ਕੀਤਾ ਗਿਆ ਅਤੇ 8 ਡਰੋਨ ਜ਼ਬਤ ਕੀਤੇ ਗਏ। ਐੱਸਐੱਸਪੀ ਨੇ ਕਿਹਾ ਕਿ ਫਾਜ਼ਿਲਕਾ ਪੁਲਿਸ ਵੱਲੋਂ ਨਜਾਇਜ਼ ਅਸਲੇ ਅਤੇ ਤਸਕਰੀ ਨੈੱਟਵਰਕ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਭਵਿੱਖ ਵਿੱਚ ਵੀ ਇਹ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ।