ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੇ ਕੱਢੀ ਜਾਗਰੂਕਤਾ ਰੈਲੀ
ਸਰਕਾਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਕੱਢੀ ਜਾਗਰੂਕਤਾ ਰੈਲੀ
Publish Date: Tue, 18 Nov 2025 07:14 PM (IST)
Updated Date: Wed, 19 Nov 2025 04:13 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ. ਬਠਿੰਡਾ : ਤੰਬਾਕੂ ਮੁਕਤ ਯੁਵਾ ਮੁਹਿੰਮ ਤਹਿਤ ਜਨਤਾ ਨਗਰ ਵਿਖੇ ਤੰਬਾਕੂ ਵਿਰੁੱਧ ਜਾਗਰੂਕਤਾ ਰੈਲੀ ਕੱਢੀ ਗਈ। ਰੈਲੀ ਨੂੰ ਸੰਬੋਧਨ ਕਰਦਿਆ ਜ਼ਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਗੋਇਲ ਨੇ ਦੱਸਿਆ ਕਿ ਨੈਸ਼ਨਲ ਤੰਬਾਕੂ ਕੰਟਰੋਲ ਪ੍ਰੋਗਰਾਮ ਅਧੀਨ ਤੰਬਾਕੂ ਫਰੀ ਯੂਥ ਮੁਹਿੰਮ ਚਲਾਈ ਗਈ ਹੈ ਜੋ ਦਸੰਬਰ ਤੱਕ ਚਲੇਗੀ, ਜਿਸ ਦਾ ਮੁੱਖ ਉਦੇਸ਼ ਆਮ ਲੋਕਾਂ, ਸਕੂਲ ਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾ ਤੋਂ ਜਾਣੂ ਕਰਾਉਣ, ਤੰਬਾਕੂ ਕਾਰਨ ਮੂੰਹ ਦਾ ਕੈਂਸਰ ਤੇ ਫੇਫੜਿਆਂ ਦੀ ਟੀਬੀ ਆਦਿ ਮਾਰੂ ਬਿਮਾਰੀਆਂ ਤੋਂ ਬਚਾਓ ਲਈ ਜਾਗਰੂਕਤਾ ਪੈਦਾ ਕਰਨਾ ਹੈ। ਉਨ੍ਹਾਂ ਸਕੂਲ ਅਧਿਆਪਕਾ ਤੇ ਵਿਦਿਆਰਥੀਆਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਦੇ ਹੋਏ ਕਿਹਾ ਕਿ ਸਾਡਾ ਸਭ ਦਾ ਫਰਜ਼ ਹੈ ਕਿ ਅਸੀ ਆਪਣੇ-ਆਪਣੇ ਏਰੀਆ ਵਿਚ ਪਬਲਿਕ ਥਾਵਾਂ, ਪਿੰਡਾਂ ਸਕੂਲਾਂ, ਪਿੰਡ ਦੇ ਪੰਚਾਇਤ ਘਰਾਂ ’ਚ ਵੱਧ ਤੋਂ ਵੱਧ ਜਾਗਰੂਕਤਾ ਕੀਤੀ ਜਾਵੇ ਤੇ ਤੰਬਾਕੂ ਤੋਂ ਹੋਂਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ ਜਾਵੇ। ਉਨ੍ਹਾਂ ਕਿਹਾ ਕਿ ਕੋਟਪਾ ਐਕਟ ਤਹਿਤ ਜਨਤਕ ਥਾਵਾਂ ’ਤੇ ਸਿਗਰਟਨੋਸ਼ੀ ਕਰਨ ਵਾਲੇ ਵਿਅਕਤੀ ਲਈ ਜੁਰਮਾਨਾ ਕੀਤਾ ਜਾਂਦਾ ਹੈ। ਕਿਸੇ ਵੀ ਵਿੱਦਿਅਕ ਸੰਸਥਾ ਦੇ 100 ਮੀਟਰ ਦੇ ਘੇਰੇ ’ਚ ਤੰਬਾਕੂ ਉਤਪਾਦ ਵੇਚਣ, 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਤੰਬਾਕੂ ਉਤਪਾਦ ਵੇਚਣ, ਤੰਬਾਕੂ ਉਤਪਾਦਾਂ ਦੀ ਮਸ਼ਹੂਰੀ ਤੇ ਡਿਸਪਲੇਅ ਕਰਨ, ਲੂਜ ਸਿਗਰਟ ਵੇਚਣ ਆਦਿ ’ਤੇ ਵੀ ਜੁਰਮਾਨਾ ਤੇ ਸਜ਼ਾ ਹੋ ਸਕਦੀ ਹੈ।