ਪੁਲਿਸ ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਪਿੰਡ ਫੱਤੂਪੁਰ ਦੇ ਖੇਤਾਂ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਮਿਲੀ। ਪੁਲਿਸ ਵਲੋਂ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰਨ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।

ਪੰਜਾਬੀ ਜਾਗਰਣ ਟੀਮ, ਬਟਾਲਾ/ਧਿਆਨਪੁਰ/ਕਲਾਨੌਰ। ਅੱਜ ਬਟਾਲਾ ਨੇੜਲੇ ਪਿੰਡ ਫੱਤਪੂਰ ਵਿਖੇ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਪਿੰਡ ਦੇ ਖੇਤਾਂ ਵਿਚੋਂ 22 ਸਾਲਾ ਨੌਜਵਾਨ ਜਿਸਦੀ ਭੇਤਭਰੇ ਹਾਲਾਤ ਵਿਚ ਮੌਤ ਹੋ ਚੁੱਕੀ ਸੀ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ। ਇਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਮ੍ਰਿਤਕ ਦੀ ਪਛਾਣ ਅਮਰਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਉੱਪਲ ਵਜੋਂ ਹੋਈ ਹੈ। ਓਧਰ, ਦੂਜੇ ਪਾਸੇ ਪਰਿਵਾਰ ਵਾਲਿਆਂ ਵਲੋਂ ਆਪਣੇ ਪੁੱਤ ਦੀ ਹੋਈ ਮੌਤ ਸਬੰਧੀ ਉਸਦਾ ਕਤਲ ਕੀਤੇ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਡੇਰਾ ਬਾਬਾ ਨਾਨਕ ਜੋਗਾ ਸਿੰਘ ਅਤੇ ਐੱਸਐੱਚਓ ਕੋਟਲੀ ਸੂਰਤ ਮੱਲ੍ਹੀ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਪਰਿਵਾਰਿਕ ਮੈਂਬਰਾਂ ਦੇ ਮੁਤਾਬਕ ਬੀਤੀ ਰਾਤ ਉਨ੍ਹਾਂ ਦਾ ਲੜਕਾ ਅਮਰਿੰਦਰ ਸਿੰਘ ਘਰ ਤੋਂ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ, ਜੋ ਦੇਰ ਰਾਤ ਤੱਕ ਵਾਪਸ ਨਹੀਂ ਪਰਤਿਆ ਤਾਂ ਉਨ੍ਹਾਂ ਆਪਣੇ ਪੁੱਤ ਦੀ ਇਧਰ ਓਧਰ ਭਾਲ ਕਰਨੀ ਸ਼ੁਰੂ ਕਰ ਦਿੱਤੀ, ਪਰ ਕੁਝ ਪਤਾ ਨਹੀਂ ਚੱਲਿਆ।
ਡੀਐੱਸਪੀ ਤੇ ਐੱਸਐੱਚਓ ਨੇ ਅੱਗੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਸ਼ਾਮ 7 ਵਜੇ ਤੱਕ ਨੌਜਵਾਨ ਦਾ ਮੋਬਾਇਲ ਫੋਨ ਚੱਲ ਰਿਹਾ ਸੀ, ਪਰ ਦੇਰ ਰਾਤ ਮੋਬਾਇਲ ਬੰਦ ਹੋ ਗਿਆ। ਸਵੇਰੇ ਪਤਾ ਚੱਲਿਆ ਕਿ ਉਨ੍ਹਾਂ ਦੇ ਨੌਜਵਾਨ ਪੁੱਤਰ ਦੀ ਲਾਸ਼ ਪਿੰਡ ਫੱਤੂਪੁਰ ਖੇਤਾਂ 'ਚ ਪਈ ਹੈ, ਜਿਸ ’ਤੇ ਉਹ ਮੌਕੇ ’ਤੇ ਪਹੁੰਚੇ ਤਾਂ ਦੇਖਿਆ ਕਿ ਉਨ੍ਹਾਂ ਦਾ ਲੜਕਾ ਮ੍ਰਿਤਕ ਸੀ। ਓਧਰ, ਇਹ ਵੀ ਦੱਸਦੇ ਚੱਲੀਏ ਕਿ ਮ੍ਰਿਤਕ ਅਮਰਿੰਦਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਇਸਦੇ ਪਿਤਾ ਦੀ ਤਿੰਨ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ, ਜਦਕਿ ਇਸਦੀ ਵੱਡੀ ਭੈਣ ਵਿਦੇਸ਼ ਗਈ ਹੋਈ ਹੈ।ਇਸ ਮੌਕੇ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਗਈ ਹੈ।
ਉਧਰ ਮੌਕੇ ’ਤੇ ਪਹੁੰਚੀ ਫੋਰੈਂਸਿਕ ਟੀਮ ਨੇ ਵੀ ਆਪਣੀ ਜਾਂਚ ਪੜਤਾਲ ਕਰਨੀ ਆਰੰਭ ਕਰ ਦਿੱਤੀ ਹੈ। ਇਹ ਵੀ ਪਤਾ ਲੱਗਾ ਹੈ ਕਿ ਮ੍ਰਿਤਕ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਅਤੇ ਪਰਿਵਾਰਕ ਮੈਂਬਰ ਕਤਲ ਦਾ ਖਦਸ਼ਾ ਜਤਾਉਂਦੇ ਹੋਏ ਇਨਸਾਫ ਗੁਹਾਰ ਲਗਾ ਰਹੇ ਸਨ।
ਦੂਜੇ ਪਾਸੇ ਡੀਐੱਸਪੀ ਜੋਗਾ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈਣ ਉਪਰੰਤ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਜੋ ਵੀ ਪੋਸਟਮਾਰਟਮ ਰਿਪੋਰਟ ਆਵੇਗੀ, ਉਸ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਹੇਠ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਫਿਲਹਾਲ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ’ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ।
.jpg)