ਕੱਚੇ ਕੋਠਿਆਂ ਵਿਚ ਦੋ ਵੱਡੀਆਂ ਭੈਣਾਂ ਤੋਂ ਬਾਅਦ ਜਨਮੀ ਖੁਸ਼ਬੀਰ ਸਿਰਫ ਛੇ ਵਰ੍ਹਿਆਂ ਦੀ ਸੀ ਜਦੋਂ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ। ਮਾਂ ਨੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਗਾਂ ਪਾਲੀ ਅਤੇ ਘਰੇ ਕੱਪੜੇ ਸਿਊਣੇ ਸ਼ੁਰੂ ਕੀਤੇ।

ਸਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ : ਖੁਸ਼ਬੀਰ ਕੌਰ ਪੰਜਾਬ ਦੀ ਪਹਿਲੀ ਐਥਲੀਟ ਹੈ ਜਿਸ ਨੇ ਪੈਦਲ ਚਾਲ 'ਚ ਏਸ਼ੀਆਈ ਖੇਡਾਂ ਵਿਚ ਤਗਮਾ ਜਿੱਤਿਆ। ਉਨ੍ਹਾਂ ਨੇ ਓਲੰਪਿਕ ਖੇਡਾਂ ਵਿਚ ਹਿੱਸਾ ਲਿਆ ਅਤੇ ਅਰਜੁਨ ਐਵਾਰਡ ਦਾ ਸਨਮਾਨ ਹਾਸਲ ਕੀਤਾ। ਖੁਸ਼ਬੀਰ ਦਾ ਇਹ ਸਫਰ ਕੋਈ ਸੁਖਾਲਾ ਜਾਂ ਖੁਸ਼ੀਆਂ ਭਰਿਆ ਨਹੀਂ ਰਿਹਾ। ਕੱਚੇ ਕੋਠਿਆਂ ਵਿਚ ਦੋ ਵੱਡੀਆਂ ਭੈਣਾਂ ਤੋਂ ਬਾਅਦ ਜਨਮੀ ਖੁਸ਼ਬੀਰ ਸਿਰਫ ਛੇ ਵਰ੍ਹਿਆਂ ਦੀ ਸੀ ਜਦੋਂ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ। ਮਾਂ ਨੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਗਾਂ ਪਾਲੀ ਅਤੇ ਘਰੇ ਕੱਪੜੇ ਸਿਊਣੇ ਸ਼ੁਰੂ ਕੀਤੇ। ਧੀ ਦੀ ਸਖਤ ਮਿਹਨਤ ਨੇ ਮਾਂ ਦੇ ਸੰਘਰਸ਼ ਨੂੰ ਬੂਰ ਪਾਇਆ ਅਤੇ ਖੇਡ ਜਗਤ ਵਿਚ ਸਿਖਰਲਾ ਥਾਂ ਓਲੰਪੀਅਨ ਬਣ ਕੇ ਮੱਲਿਆ ਅਤੇ ਅੱਜ ਉਹ ਪੰਜਾਬ ਪੁਲਸ ਵਿਚ ਐੱਸ ਪੀ . ਵਜੋਂ ਸੇਵਾਵਾਂ ਨਿਭਾਅ ਰਹੀ ਹਨ। 9 ਜੁਲਾਈ 1997 ਨੂੰ ਪਿਤਾ ਬਲਕਾਰ ਸਿੰਘ ਅਤੇ ਮਾਤਾ ਜਸਬੀਰ ਕੌਰ ਦੇ ਘਰ ਪਿੰਡ ਰਸੂਲਪੁਰ (ਨਿੱਕਾ) ਜ਼ਿਲ੍ਹਾ ਅੰਮ੍ਰਿਤਸਰ ਵਿਖੇ ਜਨਮੀ ਖੁਸ਼ਬੀਰ ਕੌਰ ਦੋ ਵੱਡੀਆਂ ਭੈਣਾਂ ਤੋਂ ਬਾਅਦ ਘਰ ਵਿਚ ਤੀਜੀ ਬੇਟੀ ਸੀ । ਖੁਸ਼ਬੀਰ ਕੋਰ ਨੂੰ ਛੋਟੇ ਹੁੰਦਿਆਂ ਜ਼ਿਲਾ ਪੱਧਰ 'ਤੇ ਖੇਡਦਿਆਂ ਦੇਖ ਕੇ ਕੋਚ ਰਣਕੀਰਤ ਸਿੰਘ ਅਤੇ ਕੋਚ ਕੁਲਵਿੰਦਰ ਸਿੰਘ ਨੇ ਉਸ ਨੂੰ ਆਪਣੇ ਕਲੱਬ ਗੁੱਡਵਿੱਲ ਐਥਲੈਟਿਕਸ ਕਲੱਬ ਅੰਮ੍ਰਿਤਸਰ ਵਲੋਂ ਅਡਾਪਟ ਕਰ ਲਿਆ ਅਤੇ ਇਸਦੀ ਖੇਡ ਨੂੰ ਰਾਸ਼ਟਰੀ ਅਤੇ ਕੌਮਾਂਤਰੀ ਪੱਧਰ 'ਤੇ ਚੁੱਕਣ ਲਈ ਕੋਚ ਕੈਪਟਨ ਬਲਦੇਵ ਸਿੰਘ ਜਿਹੜੇ ਕਿ ਆਪਣੇ ਸਮੇਂ ਦੇ ਕੌਮਾਂਤਰੀ ਪੈਦਲ ਚਾਲ ਐਥਲੀਟ ਵੀ ਰਹਿ ਚੁੱਕੇ ਹਨ। ਕੋਲ ਸਿਖਲਾਈ ਲਈ ਭੇਜ ਦਿੱਤਾ ਅਤੇ ਫਿਰ ਕੋਚ ਬਲਦੇਵ ਸਿੰਘ ਨੇ ਖੁਸ਼ਬੀਰ ਕੋਰ ਨੂੰ ਕੌਮਾਂਤਰੀ ਪੱਧਰ 'ਤੇ ਮੁਕਾਬਲੇ ਕਰਨ ਲਈ ਤਿਆਰ ਕੀਤਾ। ਖੁਸ਼ਬੀਰ ਨੇ ਕਈ ਰਾਸ਼ਟਰੀ ਅਤੇ ਕੌਮਾਂਤਰੀ ਖੇਡਾਂ ਵਿਚ ਤਗਮੇ ਜਿੱਤਣ ਤੋਂ ਪਹਿਲਾਂ ਕਾਲਜ, ਅੰਤਰ-ਵਰਸਿਟੀ, ਪੰਜਾਬ ਤੇ ਕੌਮੀ ਪੱਧਰ 'ਤੇ ਕਈ ਨਵੇਂ ਰਿਕਾਰਡ ਆਪਣੇ ਨਾਂ ਕੀਤੇ। ਖੁਸ਼ਬੀਰ ਕੌਰ ਨੂੰ ਖੇਡਾਂ ਵਿਚ ਹੋਰ ਤਰੱਕੀ ਕਰਨ ਲਈ ਉਸਦੇ ਕਾਲਜ ਖਾਲਸਾ ਕਾਲਜ ਫਾਰ ਵੂਮੈਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਰਗ ਅਦਾਰਿਆਂ ਦਾ ਵੀ ਬਹੁਤ ਯੋਗਦਾਨ ਮਿਲਿਆ। 2008 ਵਿਚ ਜੂਨੀਅਰ ਨੈਸ਼ਨਲ ਵਿਚ ਹਿੱਸਾ ਲੈਣ ਲਈ ਖੁਸ਼ਬੀਰ ਕੋਲ ਬੂਟਾਂ ਦਾ ਜੋੜਾਂ ਵੀ ਨਹੀਂ ਸੀ। ਖੁਸ਼ਬੀਰ ਦੀ ਪਹਿਲੀ ਵੱਡੀ ਕੌਮਾਂਤਰੀ ਪ੍ਰਾਪਤੀ ਉਦੋਂ ਆਈ ਜਦੋਂ ਉਸ ਨੇ ਸਿੰਗਾਪੁਰ ਵਿਚ 2010 ਵਿਚ ਹੋਈਆਂ ਯੂਥ ਏਸ਼ੀਆਈ ਖੇਡਾਂ ਵਿਚ 5 ਕਿਲੋਮੀਟਰ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਸਾਲ ਉਸ ਨੇ ਯੂਥ ਓਲੰਪਿਕ ਖੇਡਾਂ ਵਿਚ ਹਿੱਸਾ ਲਿਆ । ਸ਼੍ਰੀਲੰਕਾ ਵਿਚ 2012 ਵਿਚ ਹੋਈ ਜੂਨੀਅਰ ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ ਵਿਚ 10 ਕਿਲੋਮੀਟਰ ਪੈਦਲ ਚਾਲ ਵਿਚ ਕਾਂਸੀ ਦਾ ਤਗਮਾ ਜਿੱਤਿਆ। ਖੁਸ਼ਬੀਰ ਕੌਰ ਨੇ ਅਗਸਤ 2013 ਵਿਚ ਵਿਸ਼ਵ ਐਥਲੈਟਿਕਸ ਚੈਪਅਨਸ਼ਿਪ ਵਿਚ 20 ਕਿਲੋਮੀਟਰ ਪੈਦਲ ਚਾਲ ਵਿਚ 1:34:28 ਸੈਕੰਡ ਦਾ ਸਮਾਂ ਕੱਢ ਕੇ ਨਵਾਂ ਕੌਮੀ ਰਿਕਾਰਡ ਕਾਇਮ ਕੀਤਾ। 2014 ਵਿਚ ਖੁਸ਼ਬੀਰ ਦੀ ਪੂਰੀ ਚੜਤ ਹੋ ਗਈ ਜਦੋਂ ਉਸ ਨੇ ਦੱਖਣੀ ਕੋਰੀਆ ਦੇ ਸ਼ਹਿਰ ਇੰਚੀਓਨ ਵਿਖੇ ਹੋਈਆਂ 17ਵੀਆਂ ਏਸ਼ੀਆਈ ਖੇਡਾਂ 'ਚ 20 ਕਿਲੋਮੀਟਰ ਪੈਦਲ ਚਾਲ 'ਚ ਭਾਰਤ ਲਈ ਚਾਂਦੀ ਦਾ ਤਗਮਾ ਜਿੱਤ ਕੇ ਇਕ ਨਵਾਂ ਇਤਿਹਾਸ ਸਿਰਜਿਆ। ਸਾਧਾਰਣ ਪਰਿਵਾਰ ਵਿਚ ਜਨਮੀ ਖੁਸ਼ਬੀਰ ਦੀ ਇਹ ਆਸਾਧਾਰਣ ਪ੍ਰਾਪਤੀ ਸੀ। ਉੱਥੇ ਹੀ, ਉਹ ਪਹਿਲੀ ਪੈਦਲ ਚਾਲ ਐਥਲੀਟ ਪੰਜਾਬਣ ਸੀ, ਜਿਸ ਨੇ ਕੌਮਾਂਤਰੀ ਪੱਧਰ 'ਤੇ ਇਹ ਪ੍ਰਾਪਤੀ ਹਾਸਲ ਕੀਤੀ ਹੋਵੇ। 20 ਕਿਲੋਮੀਟਰ ਪੈਦਲ ਚਾਲ ਵਿਚ 1:33.07 ਦਾ ਸਮਾਂ ਕੱਢ ਕੇ ਖੁਸ਼ਬੀਰ ਕੌਰ ਨੇ ਇਸ ਈਵੈਂਟ ਦਾ ਕੌਮੀ ਰਿਕਾਰਡ ਵੀ ਆਪਣੇ ਨਾਂ ਦਰਜ ਕੀਤਾ ਸੀ। ਇਸ ਤੋਂ ਪਹਿਲਾਂ ਵੀ ਦੋ ਵਾਰ ਉਸ ਦੇ ਨਾਂ ਕੌਮੀ ਰਿਕਾਰਡ ਰਿਹਾ, ਜਿਸ ਨੂੰ ਦੋ ਵਾਰ ਹੋਰ ਘੱਟ ਸਮਾਂ ਕੱਢ ਕੇ ਉਸ ਨੇ ਬਿਹਤਰੀਨ ਕੀਤਾ ਸੀ। ਸਾਲ 2016 ਵਿਚ ਰੀਓ ਵਿਖੇ ਹੋਈਆਂ ਓਲੰਪਿਕ ਖੇਡਾਂ ਵਿਚ ਹਿੱਸਾ ਲੈ ਕੇ ਖੁਸ਼ਬੀਰ ਕੌਰ ਪੈਦਲ ਚਾਲ ਵਿਚ ਓਲੰਪੀਅਨ ਬਣਨ ਵਾਲੀ ਪੰਜਾਬ ਦੀ ਪਹਿਲੀ ਮਹਿਲਾ ਐਥਲੀਟ ਬਣ ਗਈ। ਸਾਲ 2017 ਵਿਚ ਖੁਸ਼ਬੀਰ ਨੂੰ ਖੇਡ ਪ੍ਰਾਪਤੀਆਂ ਬਦਲੇ ਦੇਸ਼ ਦਾ ਵੱਕਾਰੀ ਖੇਡ ਸਨਮਾਨ ਅਰਜੁਨ ਐਵਾਰਡ ਮਿਲਿਆ। ਖੁਸ਼ਬੀਰ ਕੌਰ ਹੱਥੋਂ ਰਾਸ਼ਟਰਮੰਡਲ ਖੇਡਾਂ ਦਾ ਤਗਮਾਹ ਸਿਰਫ ਇਕ ਸਥਾਨ ਨਾਲ ਖੁੰਝ ਗਿਆ ਸੀ। 2018 ਵਿਚ ਗੋਲਡ ਕੋਸਟ ਵਿਖੇ ਹੋਈਆਂ ਰਾਸ਼ਟਰਮੰਡਲ ਖੇਡਾਂ ਵਿਚ 20 ਕਿਲੋਮੀਟਰ ਪੈਦਲ ਚਾਲ ਵਿਚ ਖੁਸ਼ਬੀਰ ਨੇ 1:39:21 ਸਮੇਂ ਨਾਲ ਚੌਥਾ ਸਥਾਨ ਹਾਸਲ ਕੀਤਾ ਸੀ।