ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ ਇਸ ਸਾਲ 170 ਲੱਖ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਦਾ ਟੀਚਾ ਰੱਖਿਆ ਸੀ। ਸੂਬਾ ਸਰਕਾਰ ਦੇ ਆਦੇਸ਼ਾਂ ਮੁਤਾਬਕ ਝੋਨੇ ਦੀ ਲਵਾਈ ਜੂਨ ਦੇ ਪਹਿਲੇ ਹਫ਼ਤੇ ਤੋਂ ਹੀ ਸ਼ੁਰੂ ਹੋ ਗਈ ਸੀ ਅਤੇ ਇਸੇ ਨੂੰ ਹੀ ਮੁੱਖ ਰੱਖਦਿਆਂ ਸਰਕਾਰ ਨੇ ਖ਼ਰੀਦ 16 ਸਤੰਬਰ ਤੋਂ ਸ਼ੁਰੂ ਕਰ ਦਿੱਤੀ ਸੀ।

ਸੁਖਦੇਵ ਸਿੰਘ, ਪੰਜਾਬੀ ਜਾਗਰਣ, ਬਟਾਲਾ : ਪੰਜਾਬ ਸਰਕਾਰ ਨੇ ਭਾਵੇਂ ਇਸ ਵਾਰ ਝੋਨੇ ਦੀ ਖ਼ਰੀਦ 16 ਸਤੰਬਰ ਤੋਂ ਸ਼ੁਰੂ ਕਰ ਦਿੱਤੀ ਸੀ। ਖ਼ਰੀਦ ਦਾ ਮਿਥਿਆ ਗਿਆ ਟੀਚਾ 70 ਫ਼ੀਸਦੀ ਨੇੜੇ ਹੀ ਸਿਮਟ ਕੇ ਰਹਿਣ ਦੀਆਂ ਸੰਭਾਵਨਾਵਾਂ ਵੱਧ ਹਨ। ਪੰਜਾਬ ਦੇ ਵੱਡੇ ਹਿੱਸੇ ’ਚ ਆਏ ਹੜ੍ਹਾਂ ਤੇ ਭਾਰੀ ਬਰਸਾਤਾਂ ਕਾਰਨ ਪੰਜਾਬ ਸਰਕਾਰ ਕੇਂਦਰੀ ਪੂਲ ’ਚ ਆਪਣਾ ਮਿਥਿਆ ਖ਼ਰੀਦ ਦਾ ਟੀਚਾ ਪੂਰਾ ਨਹੀਂ ਕਰ ਸਕੇਗਾ। ਹਾਲਾਂਕਿ ਸੂਬੇ ਅੰਦਰ ਪੰਜਾਬ ਦੀਆਂ ਵੱਖ-ਵੱਖ ਸਰਕਾਰੀ ਖ਼ਰੀਦ ਏਜੰਸੀਆਂ ਵੱਲੋਂ ਝੋਨੇ ਦੀ ਖ਼ਰੀਦ ਨਿਰੰਤਰ ਜਾਰੀ ਹੈ ਪਰ ਮੰਡੀਆਂ ’ਚ ਝੋਨੇ ਦੀ ਆਮਦ ਇਕਦਮ ਘੱਟ ਹੋ ਗਈ ਹੈ, ਜਿਸ ਨਾਲ ਝੋਨੇ ਦੀ ਖ਼ਰੀਦ ਦੇ ਰੱਖੇ ਗਏ ਟੀਚੇ ਨੂੰ ਪੂਰਾ ਕਰਨਾ ਮੁਸ਼ਕਲ ਹੈ। ਖ਼ੁਰਾਕ ਤੇ ਸਪਲਾਈ ਵਿਭਾਗ ਦੇ ਅੰਕੜਿਆਂ ਮੁਤਾਬਕ ਮੰਗਲਵਾਰ ਤੱਕ 98 ਲੱਖ ਮੀਟ੍ਰਿਕ ਟਨ ਝੋਨਾ ਖ਼ਰੀਦਿਆ ਗਿਆ, ਜਿਹੜਾ ਕਿ ਖ਼ਰੀਦ ਦੇ ਮਿੱਥੇ ਟੀਚੇ ਦਾ 60 ਫ਼ੀਸਦੀ ਬਣਦਾ ਹੈ।
ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ ਇਸ ਸਾਲ 170 ਲੱਖ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਦਾ ਟੀਚਾ ਰੱਖਿਆ ਸੀ। ਸੂਬਾ ਸਰਕਾਰ ਦੇ ਆਦੇਸ਼ਾਂ ਮੁਤਾਬਕ ਝੋਨੇ ਦੀ ਲਵਾਈ ਜੂਨ ਦੇ ਪਹਿਲੇ ਹਫ਼ਤੇ ਤੋਂ ਹੀ ਸ਼ੁਰੂ ਹੋ ਗਈ ਸੀ ਅਤੇ ਇਸੇ ਨੂੰ ਹੀ ਮੁੱਖ ਰੱਖਦਿਆਂ ਸਰਕਾਰ ਨੇ ਖ਼ਰੀਦ 16 ਸਤੰਬਰ ਤੋਂ ਸ਼ੁਰੂ ਕਰ ਦਿੱਤੀ ਸੀ। ਸੂਬੇ ਅੰਦਰ ਹੜ੍ਹਾਂ ਦੀ ਮਾਰ, ਹੋਈਆਂ ਭਾਰੀ ਬਰਸਾਤਾਂ ਅਤੇ ਮੌਸਮ ’ਚ ਇਕਦਮ ਹੇਰ ਫੇਰ ਨਾਲ ਝੋਨੇ ’ਤੇ ਹਲਦੀ ਰੋਗ ਤੇ ਚੀਨੀ ਵਾਇਰਸ ਦਾ ਹਮਲਾ ਮਾਰੂ ਸਾਬਤ ਹੋਇਆ ਹੈ। ਝੋਨੇ ਦੀ ਵਾਢੀ ਤੋਂ ਬਾਅਦ ਪ੍ਰਤੀ ਏਕੜ ਘਟੇ ਝਾੜ ਨੇ ਕਿਸਾਨਾਂ ਦੇ ਚਿਹਰਿਆਂ ’ਤੇ ਮਾਯੂਸੀ ਤੇ ਪ੍ਰੇਸ਼ਾਨੀਆਂ ਲਿਆ ਦਿੱਤੀਆਂ ਹਨ। ਜਿੱਥੇ ਇਕ ਪਾਸੇ ਹੜ੍ਹਾਂ ਦੀ ਮਾਰ ਨਾਲ ਸਰਹੱਦੀ ਖੇਤਰ ਦੀ ਪੂਰੀ ਫ਼ਸਲ ਤਬਾਹ ਹੋ ਗਈ ਹੈ, ਉੱਥੇ ਦੂਜੇ ਪਾਸੇ ਭਾਰੀ ਮੀਂਹ, ਬੌਣੇ ਰੋਗ ਤੇ ਹਲਦੀ ਰੋਗ ਨਾਲ ਪ੍ਰਤੀ ਏਕੜ 8 ਤੋਂ 10 ਕੁਇੰਟਲ ਝੋਨੇ ਦਾ ਝਾੜ ਘੱਟ ਗਿਆ ਹੈ। ਪੰਜਾਬ ਦੇ ਅੱਠ ਜ਼ਿਲ੍ਹਿਆਂ ਦੇ ਅੰਦਰ 3 ਲੱਖ ਏਕੜ ਫ਼ਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ, ਜਿਸ ਨਾਲ ਵੀ ਝੋਨੇ ਦੀ ਫ਼ਸਲ ਦਾ ਸਰਕਾਰ ਦਾ ਖ਼ਰੀਦ ਟੀਚਾ ਘਟ ਗਿਆ ਹੈ।
---------------
ਪ੍ਰਤੀ ਏਕੜ 8 ਤੋਂ 10 ਕੁਇੰਟਲ ਘਟਿਆ ਝਾੜ
ਝੋਨੇ ਦੀ ਫ਼ਸਲ ਦੀ ਜਦੋਂ ਬਿਜਾਈ ਹੋਈ ਸੀ ਤਾਂ ਮੌਸਮ ਕਿਸਾਨ ਪੱਖੀ ਦਿਸ ਰਿਹਾ, ਜਿਸ ਕਾਰਨ ਝਾੜ ਵਧਣ ਦੀ ਕਿਸਾਨਾਂ ਨੂੰ ਆਸ ਦਿਖਾਈ ਦਿੱਤੀ ਸੀ ਪਰ ਜਦੋਂ ਝੋਨੇ ਦੀ ਫ਼ਸਲ ਪੱਕਣ ਕੰਢੇ ਆਈ ਤਾਂ ਹੜ੍ਹਾਂ ਤੇ ਹੋਰ ਫ਼ਸਲ ਮਾਰੂ ਰੋਗਾਂ ਨੇ ਕਿਸਾਨਾਂ ਨੂੰ ਬੁਰੀ ਤਰ੍ਹਾਂ ਝੰਬ ਦਿੱਤਾ ਅਤੇ ਕਿਸਾਨ ਆਪਣੇ ਆਪ ਨੂੰ ਕੱਖੋਂ ਹੌਲੇ ਸਮਝਣ ਲੱਗ ਪਏ। ਸੂਬੇ ਦੀਆਂ ਮੰਡੀਆਂ ’ਚ ਤੁਲੀ ਫ਼ਸਲ ਅਨੁਸਾਰ ਕਿਸਾਨਾਂ ਦਾ ਇਸ ਵਾਰ 8 ਤੋਂ 10 ਕੁਇੰਟਲ ਪ੍ਰਤੀ ਏਕੜ ਝਾੜ ਘਟਿਆ ਹੈ, ਜਿਸ ਨਾਲ ਕਿਸਾਨ ਨੂੰ ਪ੍ਰਤੀ ਏਕੜ 20 ਹਜ਼ਾਰ ਰੁਪਏ ਦਾ ਨੁਕਸਾਨ ਚੁੱਕਣਾ ਪਿਆ ਹੈ। ਅਗਾਂਹਵਧੂ ਕਿਸਾਨ ਗੁਰਪਰਤਿੰਦਰ ਸਿੰਘ ਟੋਨੀ ਗਿੱਲ ਅਤੇ ਗੁਰਮੁਖ ਸਿੰਘ ਰੰਗੀਲਪੁਰ ਨੇ ਦੱਸਿਆ ਕਿ ਜਿੱਥੇ ਝੋਨੇ ਦੀ ਫ਼ਸਲ ਨੂੰ ਪਾਲਣ ਲਈ ਖ਼ਾਦ, ਮਹਿੰਗੀਆਂ ਦਵਾਈਆਂ, ਵਾਢੀ ਅਤੇ ਲਵਾਈ ਦੇ ਵਧੇ ਖ਼ਰਚਿਆਂ ਨੂੰ ਝੱਲਣਾ ਪਿਆ, ਉੱਥੇ ਘੱਟ ਝਾੜ ਨੇ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ।
---------------
ਮੰਡੀਆਂ ’ਚ ਇਕ ਲੱਖ ਮੀਟ੍ਰਿਕ ਟਨ ਝੋਨੇ ਦੀ ਹੋਈ ਆਮਦ
ਸਰਕਾਰ ਅਨੁਸਾਰ ਮੰਗਲਵਾਰ ਤੱਕ ਪੰਜਾਬ ਦੀਆਂ ਮੰਡੀਆਂ ਵਿਚ ਝੋਨੇ ਦੀ ਕੁੱਲ ਆਮਦ ਕਰੀਬ ਇਕ ਲੱਖ ਮੀਟ੍ਰਿਕ ਟਨ ਹੈ, ਜਿਸ ’ਚੋਂ ਸਰਕਾਰੀ ਖ਼ਰੀਦ ਏਜੰਸੀਆਂ ਨੇ 9769919.47 ਟਨ ਤੇ ਪ੍ਰਾਈਵੇਟ ਖ਼ਰੀਦਦਾਰਾਂ ਨੇ 12235.31 ਟਨ ਦੀ ਖ਼ਰੀਦ ਕੀਤੀ। ਖ਼ਰੀਦੀ ਹੋਈ ਫ਼ਸਲ ’ਚੋਂ 7789951.26 ਟਨ ਦੀ ਲਿਫਟਿੰਗ ਹੋ ਚੁੱਕੀ ਹੈ। ਇਸ ਦੇ ਨਾਲ ਹੀ ਖ਼ਰੀਦੀ ਫ਼ਸਲ ਦੀ ਕਿਸਾਨਾਂ ਨੂੰ 21,800.68 ਕਰੋੜ ਰੁਪਏ ਦੀ ਅਦਾਇਗੀ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਸਾਲ 2024-2025 ਸਰਕਾਰ ਨੇ 120 ਲੱਖ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਸੀ।
---------------
ਘੱਟ ਝਾੜ ਕਾਰਨ ਚਾਵਲ ਮਿੱਲ ਮਾਲਕ ਵੀ ਪਰੇਸ਼ਾਨ
ਝੋਨੇ ਦੇ ਰਿਕਾਰਡ ਝਾੜ ਘਟਣ ਕਾਰਨ ਚਾਵਲ ਮਿਲ ਮਾਲਕਾਂ ’ਚ ਵੀ ਪ੍ਰੇਸ਼ਾਨੀ ਪਾਈ ਜਾ ਰਹੀ ਹੈ। ਪੰਜਾਬ ਦੇ 5000 ਤੋਂ ਵਧੇਰੇ ਸ਼ੈਲਰ ਮਾਲਕ ਆਪਣੇ ਸ਼ੈਲਰਾਂ ਅੰਦਰ ਪੂਰੀ ਝੋਨੇ ਦੀ ਸਲ ਨਹੀਂ ਲਗਵਾ ਸਕਣਗੇ। ਘਟੇ ਝਾੜ ਕਾਰਨ ਆਪੋ-ਆਪਣੇ ਸ਼ੈਲਰਾਂ ਅੰਦਰ ਝੋਨਾ ਲਗਵਾਉਣ ਦੀ ਸ਼ੈਲਰ ਮਾਲਕਾਂ ’ਚ ਹੋੜ ਲੱਗੀ ਹੋਈ ਹੈ। ਇਸੇ ਕਾਰਨ ਰਾਈਸ ਮਿਲਰ ਦੂਜੇ ਜ਼ਿਲ੍ਹਿਆਂ ’ਚੋਂ ਰਿਲੀਜ਼ ਆਰਡਰ ’ਤੇ ਝੋਨਾ ਆਪਣੇ ਸ਼ੈਲਰਾਂ ’ਤੇ ਲਗਵਾ ਰਹੇ ਹਨ।