Canada Crime Bureau ਵੱਲੋਂ ਜਾਰੀ ਰਿਪੋਰਟ ਅਨੁਸਾਰ Dilpreet Singh Bajwa ਨੂੰ ਕੈਨੇਡਾ ਨੈਸ਼ਨਲ ਟੀਮ ਦਾ ਕੈਪਟਨ ਬਣਾਉਣ ਪਿੱਛੇ ਲਾਰੈਂਸ ਗੈਂਗ ਦਾ ਹੱਥ ਹੈ ਤੇ ਲਾਰੈਂਸ ਵੱਲੋਂ ਟੀਮ ਦੇ ਖਿਡਾਰੀਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੋਂ ਬਾਅਦ ਉਸ ਨੂੰ ਕਪਤਾਨ ਬਣਾਇਆ ਗਿਆ ਸੀ।

ਜਾਗਰਣ ਸੰਵਾਦਦਾਤਾ, ਬਟਾਲਾ: ਕੈਨੇਡਾ ਕ੍ਰਿਕਟ ਟੀਮ ਦੇ ਕੈਪਟਨ ਦਿਲਪ੍ਰੀਤ ਸਿੰਘ ਬਾਜਵਾ ਵਿਵਾਦਾਂ 'ਚ ਘਿਰ ਗਏ ਹਨ। ਬਾਜਵਾ ਨੂੰ ਕੈਨੇਡਾ ਕ੍ਰਿਕਟ ਟੀਮ ਦਾ ਕੈਪਟਨ ਬਣਾਉਣ ਪਿੱਛੇ ਬਿਸ਼ਨੋਈ ਗੈਂਗ ਦਾ ਹੱਥ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਦਾ ਖੁਲਾਸਾ 'ਕੈਨੇਡਾ ਕ੍ਰਾਈਮ ਬਿਊਰੋ' ਵੱਲੋਂ ਆਪਣੀ ਰਿਪੋਰਟ ਵਿੱਚ ਕੀਤਾ ਗਿਆ ਹੈ। ਕੈਨੇਡਾ ਕ੍ਰਿਕਟ ਟੀਮ 'ਚ ਪੰਜਾਬੀ ਮੂਲ ਦੇ ਦਿਲਪ੍ਰੀਤ ਸਿੰਘ ਬਾਜਵਾ ਨੂੰ ਕੈਪਟਨ ਬਣਾਏ ਜਾਣ ਦਾ ਕਾਰਨ ਲਾਰੈਂਸ ਬਿਸ਼ਨੋਈ ਗੈਂਗ ਦੱਸਿਆ ਜਾ ਰਿਹਾ ਹੈ।
ਕੈਨੇਡਾ ਕ੍ਰਾਈਮ ਬਿਊਰੋ ਵੱਲੋਂ ਜਾਰੀ ਰਿਪੋਰਟ ਅਨੁਸਾਰ ਦਿਲਪ੍ਰੀਤ ਸਿੰਘ ਬਾਜਵਾ ਨੂੰ ਕੈਨੇਡਾ ਨੈਸ਼ਨਲ ਟੀਮ ਦਾ ਕੈਪਟਨ ਬਣਾਉਣ ਪਿੱਛੇ ਲਾਰੈਂਸ ਗੈਂਗ ਦਾ ਹੱਥ ਹੈ ਤੇ ਲਾਰੈਂਸ ਵੱਲੋਂ ਟੀਮ ਦੇ ਖਿਡਾਰੀਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੋਂ ਬਾਅਦ ਉਸ ਨੂੰ ਕਪਤਾਨ ਬਣਾਇਆ ਗਿਆ ਸੀ।
ਕੈਨੇਡਾ ਕ੍ਰਾਈਮ ਬਿਊਰੋ ਨੇ ਰਿਪੋਰਟ 'ਚ ਦਾਅਵਾ ਕੀਤਾ ਹੈ ਕਿ ਟੀਮ ਵਿੱਚ ਭ੍ਰਿਸ਼ਟਾਚਾਰ, ਸੰਗਠਿਤ ਅਪਰਾਧ ਅਤੇ ਮੈਚ ਫਿਕਸਿੰਗ ਭਾਰੂ ਹੋ ਚੁੱਕੀ ਹੈ। ਰਿਪੋਰਟ 'ਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਸਾਲ 2025 'ਚ ਪ੍ਰੋਵੈਂਸ਼ੀਅਲ ਖੇਡਾਂ ਜਿੱਤਣ ਤੋਂ ਬਾਅਦ ਦੋ ਖਿਡਾਰੀਆਂ ਵੱਲੋਂ ਨੈਸ਼ਨਲ ਸਟਾਰ ਪਲੇਅਰ ਨੂੰ ਧਮਕੀ ਦਿੱਤੀ ਗਈ ਸੀ ਕਿ ਦਿਲਪ੍ਰੀਤ ਸਿੰਘ ਬਾਜਵਾ ਨੂੰ ਟੀਮ 'ਚ ਕੈਪਟਨ ਬਣਾਇਆ ਜਾਵੇ। ਇਸ ਮਾਮਲੇ ਦੀ ਸ਼ਿਕਾਇਤ ਕੈਨੇਡਾ ਪੁਲਿਸ ਕੋਲ ਪਹੁੰਚੀ ਸੀ। ਇਸ ਤੋਂ ਬਾਅਦ ਹੀ ਸਟਾਰ ਪਲੇਅਰ ਨੇ ਕੈਨੇਡੀਅਨ ਚੈਂਪੀਅਨਸ਼ਿਪ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਸੀ ਅਤੇ ਅਸੁਰੱਖਿਅਤ ਤੇ ਮਾਨਸਿਕ ਤਣਾਅ ਦੱਸ ਕੇ ਪਿੱਛੇ ਹਟ ਗਿਆ ਸੀ। ਰਿਪੋਰਟ 'ਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਜਦੋਂ ਕੁਝ ਖਿਡਾਰੀਆਂ ਨੇ ਬਾਜਵਾ ਨੂੰ ਕੈਪਟਨ ਬਣਾਏ ਜਾਣ ਦਾ ਵਿਰੋਧ ਕੀਤਾ ਤਾਂ ਕੁਝ ਹੀ ਦੇਰ ਬਾਅਦ ਵਿਰੋਧ ਕਰਨ ਵਾਲਿਆਂ ਨੂੰ ਲਾਰੈਂਸ ਬਿਸ਼ਨੋਈ ਦੇ ਨਾਂ 'ਤੇ ਮੈਸੇਜ ਭੇਜ ਕੇ ਧਮਕਾਇਆ ਗਿਆ ਸੀ।
ਬਾਜਵਾ ਨੂੰ 2026 ਦੇ ਟੀ-20 ਵਰਲਡ ਕਪ ਦੌਰਾਨ ਨਿਊਜ਼ੀਲੈਂਡ ਖਿਲਾਫ ਪਹਿਲਾਂ ਹੀ ਨੋ-ਬਾਲ ਸੁੱਟਣ ਕਾਰਨ ਆਈਸੀਸੀ ਏਸੀਯੂ (ICC ACU) ਨੇ ਸਪੌਟ ਫਿਕਸਿੰਗ ਦਾ ਸ਼ੱਕ ਜਤਾ ਕੇ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ। ਸਾਬਕਾ ਕੋਚ ਖੁਰਰਮ ਚੌਹਾਨ ਨੇ ਵੀ ਦਿਲਪ੍ਰੀਤ ਬਾਜਵਾ 'ਤੇ ਮੈਚ ਫਿਕਸਿੰਗ ਦਾ ਦੋਸ਼ ਲਗਾਇਆ ਸੀ ਤੇ ਕੈਲਗਰੀ 'ਚ ਕੋਚ ਖੁਰਰਮ ਦੇ ਘਰ 'ਤੇ ਦੋ ਵਾਰ ਫਾਇਰਿੰਗ ਹੋ ਚੁੱਕੀ ਹੈ। ਦੱਸ ਦੇਈਏ ਕਿ ਦਿਲਪ੍ਰੀਤ ਸਿੰਘ ਮੂਲ ਰੂਪ 'ਚ ਬਟਾਲਾ ਦਾ ਰਹਿਣ ਵਾਲਾ ਹੈ ਤੇ ਇਸ ਸਮੇਂ ਕੈਨੇਡਾ ਦੇ ਟੋਰਾਂਟੋ 'ਚ ਰਹਿ ਰਿਹਾ ਹੈ। ਉਹ ਕੈਨੇਡਾ ਦੀ ਕ੍ਰਿਕਟ ਟੀਮ 'ਚ ਕੈਪਟਨ ਹੈ। ਦਿਲਪ੍ਰੀਤ ਸਿੰਘ ਨੇ ਬਟਾਲਾ ਦੇ ਡੀਏਵੀ ਸੈਂਟਨਰੀ ਸਕੂਲ 'ਚ ਸਿੱਖਿਆ ਪ੍ਰਾਪਤ ਕੀਤੀ ਹੈ ਤੇ ਕ੍ਰਿਕਟ 'ਚ ਬੀਸੀਸੀਆਈ (BCCI) ਅਤੇ ਪੰਜਾਬ 'ਤੇ ਆਪਣੇ ਹੁਨਰ ਨੂੰ ਅਣਦੇਖਾ ਕਰਨ ਦਾ ਦੋਸ਼ ਲਗਾ ਕੇ 2020 'ਚ ਕੈਨੇਡਾ ਚਲਾ ਗਿਆ ਤੇ ਉੱਥੋਂ ਦੀ ਟੀਮ ਲਈ ਖੇਡ ਰਿਹਾ ਹੈ।
Source : Canadian Broadcasting Corporation