ਰੁਜ਼ਗਾਰ ਖਾਤਰ ਗੁਜਰਾਤ ਗਏ ਬਟਾਲਾ ਦੇ ਨੌਜਵਾਨ ਦੀ ਸ਼ੱਕੀ ਹਲਾਤ 'ਚ ਮਿਲੀ ਲਾਸ਼, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ
ਗੁਜਰਾਤ ਰੇਲਵੇ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਹੈ । ਉਧਰ ਮ੍ਰਿਤਕ ਦੀ ਮੌਤ ਦੀ ਖਬਰ ਦੇ ਨਾਲ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ।
Publish Date: Wed, 22 Apr 2026 08:41 AM (IST)
Updated Date: Wed, 22 Apr 2026 08:43 AM (IST)

ਸੁਖਦੇਵ ਸਿੰਘ, ਪੰਜਾਬੀ ਜਾਗਰਣ, ਬਟਾਲਾ: ਰੁਜ਼ਗਾਰ ਦੀ ਖਾਤਰ ਗੁਜਰਾਤ ਗਏ ਬਟਾਲਾ ਦੇ ਇੱਕ ਨੌਜਵਾਨ ਦੀ ਲਾਸ਼ ਸ਼ੱਕੀ ਹਲਾਤ ਵਿੱਚ ਦਾਹੋਦ ਰੇਲਵੇ ਸਟੇਸ਼ਨ ਦੇ ਨੇੜੇ ਰੇਲਵੇ ਲਾਈਨ 'ਤੇ ਮਿਲੀ ਹੈ। ਮ੍ਰਿਤਕ ਦੀ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ।ਗੁਜਰਾਤ ਰੇਲਵੇ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਹੈ । ਉਧਰ ਮ੍ਰਿਤਕ ਦੀ ਮੌਤ ਦੀ ਖਬਰ ਦੇ ਨਾਲ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਪ੍ਰੀਤ ਸਿੰਘ ਵਾਸੀ ਝਾੜੀਆਂਵਾਲ ਨੇ ਦੱਸਿਆ ਕਿ ਉਸਦਾ ਚਚੇਰਾ ਭਰਾ ਸੰਨੀ ਪੁੱਤਰ ਕਸ਼ਮੀਰੀ ਲਾਲ ਚਾਰ ਦਿਨ ਪਹਿਲਾਂ ਰੁਜ਼ਗਾਰ ਦੀ ਖਾਤਰ ਗੁਜਰਾਤ ਦੀ ਇਕ ਕੰਪਨੀ 'ਚ ਕੰਮ ਕਰਨ ਲਈ ਆਪਣੇ ਦੋ ਹੋਰ ਸਾਥੀਆਂ ਨਾਲ ਘਰੋਂ ਗਿਆ ਸੀ। ਉਸ ਨੇ ਦੱਸਿਆ ਕਿ ਅੱਜ ਬਟਾਲਾ ਰੇਲਵੇ ਪੁਲਿਸ ਰਾਹੀਂ ਸੂਚਨਾ ਮਿਲੀ ਸੀ ਕਿ ਗੁਜਰਾਤ ਦੇ ਨੇੜੇ ਦਾਹੋਦ ਰੇਲਵੇ ਸਟੇਸ਼ਨ ਨਜ਼ਦੀਕ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ ਅਤੇ ਉਸਦੀ ਪਛਾਣ ਬਟਾਲਾ ਦੇ ਸੰਨੀ ਵਜੋਂ ਹੋਈ ਹੈ। ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸੰਨੀ ਨਾਲ ਗਏ ਉਸਦੇ ਦੋ ਸਾਥੀਆਂ ਨਾਲ ਸੰਪਰਕ ਕੀਤਾ ਤਾਂ ਉਹਨਾਂ ਦੱਸਿਆ ਕਿ ਉਹ ਤਾਂ ਅੰਮ੍ਰਿਤਸਰ ਤੋਂ ਹੀ ਸਾਡੇ ਨਾਲੋਂ ਵੱਖ ਹੋ ਗਿਆ ਸੀ ਅਤੇ ਸਾਨੂੰ ਉਸ ਬਾਰੇ ਕੁਝ ਨਹੀਂ ਪਤਾ । ਉਹਨਾਂ ਦੱਸਿਆ ਕਿ ਉਹ ਗੁਜਰਾਤ ਜਾ ਰਹੇ ਹਨ ਅਤੇ ਜਾ ਕੇ ਹੀ ਸੰਨੀ ਦੀ ਮੌਤ ਦੇ ਕਾਰਨਾਂ ਦਾ ਕੁਝ ਪਤਾ ਲੱਗ ਸਕੇਗਾ। ਉਧਰ ਨੌਜਵਾਨ ਦੀ ਮੌਤ ਨਾਲ ਪਰਿਵਾਰ ਦੇ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ।