Batala News : ਪਤੰਗ ਉਡਾਉਂਦਿਆਂ ਦੂਜੀ ਮੰਜ਼ਿਲ ਤੋਂ ਡਿੱਗਾ ਬੱਚਾ, ਇਲਾਜ ਦੌਰਾਨ ਮੌਤ
ਬਟਾਲਾ 'ਚ ਇੱਕ ਛੇ ਸਾਲਾ ਬੱਚਾ ਪਤੰਗ ਉਡਾਉਂਦਿਆਂ ਘਰ ਦੀ ਦੂਜੀ ਮੰਜਿਲ ਤੋਂ ਗਲੀ ਚ ਡਿੱਗ ਗਿਆ, ਜਿਸ ਨਾਲ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਾਇਆ ਗਿਆ ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ।
Publish Date: Tue, 30 Dec 2025 10:28 PM (IST)
Updated Date: Tue, 30 Dec 2025 10:31 PM (IST)
ਸੁਖਦੇਵ ਸਿੰਘ* ਪੰਜਾਬੀ ਜਾਗਰਣ, ਬਟਾਲਾ : ਬਟਾਲਾ 'ਚ ਇੱਕ ਛੇ ਸਾਲਾ ਬੱਚਾ ਪਤੰਗ ਉਡਾਉਂਦਿਆਂ ਘਰ ਦੀ ਦੂਜੀ ਮੰਜਿਲ ਤੋਂ ਗਲੀ ਚ ਡਿੱਗ ਗਿਆ, ਜਿਸ ਨਾਲ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਾਇਆ ਗਿਆ ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਇਸ ਘਟਨਾ ਨਾਲ ਬਟਾਲਾ ਦੇ ਮੁਹੱਲਾ ਬੈਂਕ ਕਲੋਨੀ 'ਚ ਸੋਗ ਦੀ ਲਹਿਰ ਦੌੜ ਗਈ ਹੈ। ਮ੍ਰਿਤਕ ਬੱਚੇ ਦੀ ਪਛਾਣ ਆਗਿਆਪਾਲ ਸਿੰਘ ਵੱਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਬੱਚੇ ਦੇ ਪਿਤਾ ਦਲਬੀਰ ਸਿੰਘ ਵਾਸੀ ਬੈਂਕ ਕਲੋਨੀ ਬਟਾਲਾ ਨੇ ਦੱਸਿਆ ਕਿ ਸ਼ਨੀਚਰਵਾਰ ਨੂੰ ਉਸਦਾ ਛੇ ਸਾਲਾ ਪੁੱਤਰ ਆਗਿਆਪਾਲ ਸਿੰਘ ਘਰ ਦੀ ਦੂਜੀ ਮੰਜ਼ਿਲ ਦੀ ਛੱਤ 'ਤੇ ਪਤੰਗ ਉਡਾ ਰਿਹਾ ਸੀ ਕਿ ਅਚਾਨਕ ਉਹ ਹੇਠਾਂ ਗਲੀ 'ਚ ਡਿੱਗ ਗਿਆ । ਉਸਨੇ ਦੱਸਿਆ ਕਿ ਜ਼ਖ਼ਮੀ ਬੱਚੇ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਦੀ ਹਾਲਤ ਦੇਖਦਿਆਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਸੀ। ਉਸਨੇ ਦੱਸਿਆ ਕਿ ਅੱਜ ਸ਼ਾਮ ਨੂੰ ਉਸਦੇ ਪੁੱਤਰ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਬੱਚੇ ਆਗਿਆਪਾਲ ਦੀ ਮੌਤ ਦੇ ਨਾਲ ਜਿੱਥੇ ਪਰਿਵਾਰਕ ਮੈਂਬਰ ਗਹਿਰੇ ਸਦਮੇ 'ਚ ਹਨ, ਉੱਥੇ ਮੁਹੱਲਾ ਬੈਂਕ ਕਲੋਨੀ ਦੇ ਵਾਸੀ ਵੀ ਸੋਗ ਵਿੱਚ ਡੁੱਬੇ ਹੋਏ ਹਨ। ਜ਼ਿਕਰਯੋਗ ਹੈ ਕਿ ਮ੍ਰਿਤਕ ਆਗਿਆਪਾਲ ਦੂਸਰੀ ਕਲਾਸ 'ਚ ਪੜ੍ਹਦਾ ਸੀ।