Batala Accident : ਨੌਸ਼ਹਿਰਾ ਮੱਝਾ ਸਿੰਘ ਨੇੜੇ ਵਾਪਰਿਆ ਭਿਆਨਕ ਹਾਦਸਾ, ਕਾਰ ਤੇ ਟਰਾਲੀ ਦੀ ਟੱਕਰ 'ਚ ਪਤੀ-ਪਤਨੀ ਦੀ ਮੌਤ, ਦੋ ਗੰਭੀਰ ਜ਼ਖ਼ਮੀ
ਹਨੀ ਤ੍ਰੇਹਣ ਵਾਸੀ ਬਟਾਲਾ ਨੇ ਦੱਸਿਆ ਕਿ ਉਸਦਾ ਮਾਸੜ ਜੀਵਨ ਬੱਤਾ ਅਤੇ ਮਾਸੀ ਹਰਸ਼ ਬੱਤਾ ਬੀਤੀ ਰਾਤ ਇੱਕ ਵਿਆਹ ਸਮਾਗਮ ਚ ਸ਼ਾਮਿਲ ਹੋਣ ਲਈ ਆਏ ਸਨ ਅਤੇ ਐਤਵਾਰ ਬਾਅਦ ਦੁਪਹਿਰ ਵਿਆਹ ਸਮਾਗਮ ਤੋਂ ਵਾਪਸ ਆਪਣੀ ਕਾਰ ਨੰਬਰ ਜੇਕੇ -02- ਏਪੀ- 9530 ਤੇ ਸਵਾਰ ਹੋ ਕੇ ਜੰਮੂ ਜਾ ਰਹੇ ਸਨ ਕਿ ਨੌਸ਼ਿਹਰਾ ਮੱਝਾ ਸਿੰਘ ਨਜ਼ਦੀਕ ਇਹ ਭਿਆਨਕ ਹਾਦਸਾ ਵਾਪਰ ਗਿਆ।
Publish Date: Sun, 07 Dec 2025 07:27 PM (IST)
Updated Date: Sun, 07 Dec 2025 07:31 PM (IST)
ਸੁਖਦੇਵ ਸਿੰਘ/ਰਾਜਨ ਤ੍ਰੇਹਨ,ਪੰਜਾਬੀ ਜਾਗਰਣ, ਬਟਾਲਾ : ਐਤਵਾਰ ਦੀ ਸ਼ਾਮ ਨੂੰ ਬਟਾਲਾ ਦੇ ਕਸਬਾ ਨੌਸ਼ਹਿਰਾ ਮੱਝਾ ਸਿੰਘ ਨਜ਼ਦੀਕ ਅੰਮ੍ਰਿਤਸਰ ਪਠਾਣਕੋਟ ਨੈਸ਼ਨਲ ਹਾਈਵੇ ’ਤੇ ਅੰਮ੍ਰਿਤਸਰ ਤੋਂ ਜੰਮੂ ਜਾ ਰਹੀ ਕਾਰ ਸੜਕ ਕਿਨਾਰੇ ਖੜ੍ਹੀ ਟਰੈਕਟਰ ਟਰਾਲੀ ਨਾਲ ਜਾ ਟਕਰਾਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਇਸ ਹਾਦਸੇ ਵਿਚ ਕਾਰ ਸਵਾਰ ਪਤੀ-ਪਤਨੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਕਾਰ ਵਿਚ ਸਵਾਰ ਮਿ੍ਰਤਕਾਂ ਦੇ ਰਿਸ਼ਤੇਦਾਰ ਪਤੀ-ਪਤਨੀ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਗੁਰਦਾਸਪੁਰ ਦੇ ਹਸਪਤਾਲ ਵਿਖੇ ਲਿਜਾਇਆ ਗਿਆ ਜਿਥੇ ਦੋਵਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਮ੍ਰਿਤਕਾਂ ਦੀ ਪਛਾਣ ਜੀਵਨ ਬੱਤਾ ਪੁੱਤਰ ਜਸਵੰਤ ਰਾਏ ਅਤੇ ਉਸਦੀ ਪਤਨੀ ਹਰਸ਼ ਬੱਤਾ ਵਾਸੀ ਵਾਸੀ ਗਰੀਨ ਕਲੋਨੀ ਗਾਂਧੀ ਨਗਰ ਜੰਮੂ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹਨੀ ਤ੍ਰੇਹਣ ਵਾਸੀ ਬਟਾਲਾ ਨੇ ਦੱਸਿਆ ਕਿ ਉਸਦਾ ਮਾਸੜ ਜੀਵਨ ਬੱਤਾ ਅਤੇ ਮਾਸੀ ਹਰਸ਼ ਬੱਤਾ ਬੀਤੀ ਰਾਤ ਇੱਕ ਵਿਆਹ ਸਮਾਗਮ ਚ ਸ਼ਾਮਿਲ ਹੋਣ ਲਈ ਆਏ ਸਨ ਅਤੇ ਐਤਵਾਰ ਬਾਅਦ ਦੁਪਹਿਰ ਵਿਆਹ ਸਮਾਗਮ ਤੋਂ ਵਾਪਸ ਆਪਣੀ ਕਾਰ ਨੰਬਰ ਜੇਕੇ -02- ਏਪੀ- 9530 ਤੇ ਸਵਾਰ ਹੋ ਕੇ ਜੰਮੂ ਜਾ ਰਹੇ ਸਨ ਕਿ ਨੌਸ਼ਿਹਰਾ ਮੱਝਾ ਸਿੰਘ ਨਜ਼ਦੀਕ ਇਹ ਭਿਆਨਕ ਹਾਦਸਾ ਵਾਪਰ ਗਿਆ।
ਉਸਨੇ ਦੱਸਿਆ ਕਿ ਹਾਦਸੇ ਚ ਉਸਦੇ ਮਾਸੜ ਜੀਵਨ ਬੱਤਾ ਅਤੇ ਮਾਸੀ ਹਰਸ਼ ਬਤਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ ਜਦਕਿ ਕਾਰ 'ਚ ਸਵਾਰ ਉਸਦੇ ਹੋਰ ਰਿਸ਼ਤੇਦਾਰ ਪਤੀ ਪਤਨੀ ਵੀ ਗੰਭੀਰ ਰੂਪ ਜ਼ਖ਼ਮੀ ਹੋ ਗਏ ਹਨ ਜਿਨਾਂ ਨੂੰ ਗੁਰਦਾਸਪੁਰ ਇਲਾਜ ਲਈ ਦਾਖਲ ਕਰਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਪੁਲਿਸ ਚੌਕੀ ਨੌਸ਼ਹਿਰਾ ਮੱਝਾ ਸਿੰਘ ਦੇ ਇੰਚਾਰਜ ਏਐੱਸਆਈ ਗੁਰਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਪਤੀ-ਪਤਨੀ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਬਟਾਲਾ ਦੇ ਸਿਵਲ ਹਸਪਤਾਲ ਦੇ ਮੋਰਚਰੀ 'ਚ ਰਖਵਾ ਦਿੱਤੀਆਂ ਹਨ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ । ਚੌਕੀ ਇੰਚਾਰਜ ਏਐਸਆਈ ਗੁਰਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਸੌਂਪ ਦਿੱਤਾ ਗਿਆ ਹੈ।