'ਅਖੈ ਤੁਸੀਂ ਹੈਲਮਟ ਨ੍ਹੀਂ ਪਾਇਆ', ਧਨੌਲੇ ਘਰ ਖੜ੍ਹੀ ਕਾਰ ਦਾ ਫਤਿਹਗੜ੍ਹ ਸਾਹਿਬ ਆਰਟੀਓ ਨੇ ਕੱਟਿਆ ਚਲਾਨ
ਕਾਰ ਚਲਾਉਣ ਵਾਲੇ ਹੁਣ ਸਾਵਧਾਨ ਹੋ ਜਾਣ ਜੇਕਰ ਤੁਸੀਂ ਬਿਨਾਂ ਹੈਲਮਟ ਤੋਂ ਕਾਰ ਚਲਾਈ ਤਾਂ ਤੁਹਾਡਾ ਚਲਾਨ ਕੱਟ ਸਕਦਾ ਹੈ। ਜੀ ਹਾਂ, ਅਜਿਹਾ ਹੀ ਇਕ ਵਰਤਾਰਾ ਧਨੌਲਾ ਦੇ ਹੰਡਿਆਇਆ ਰੋਡ ਸਥਿਤ ਮਾਨ ਪਰਿਵਾਰ ਨਾਲ ਵਾਪਰਿਆ ਹੈ।
Publish Date: Thu, 11 Dec 2025 07:06 PM (IST)
Updated Date: Thu, 11 Dec 2025 07:12 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਕਾਰ ਚਲਾਉਣ ਵਾਲੇ ਹੁਣ ਸਾਵਧਾਨ ਹੋ ਜਾਣ ਜੇਕਰ ਤੁਸੀਂ ਬਿਨਾਂ ਹੈਲਮਟ ਤੋਂ ਕਾਰ ਚਲਾਈ ਤਾਂ ਤੁਹਾਡਾ ਚਲਾਨ ਕੱਟ ਸਕਦਾ ਹੈ। ਜੀ ਹਾਂ, ਅਜਿਹਾ ਹੀ ਇਕ ਵਰਤਾਰਾ ਧਨੌਲਾ ਦੇ ਹੰਡਿਆਇਆ ਰੋਡ ਸਥਿਤ ਮਾਨ ਪਰਿਵਾਰ ਨਾਲ ਵਾਪਰਿਆ ਹੈ।
ਸਤਪਿੰਦਰ ਸਿੰਘ ਪੁੱਤਰ ਗਮਦੂਰ ਸਿੰਘ ਮਾਨ ਨੇ ਮੀਡੀਆ ਨੂੰ ਦੱਸਿਆ ਕਿ ਅੱਜ ਆਨਲਾਈਨ ਇਕ ਚਲਾਨ ਕੱਟਣ ਦਾ ਉਨ੍ਹਾਂ ਨੂੰ ਮੈਸੇਜ ਆਇਆ। ਜਦੋਂ ਉਨ੍ਹਾਂ ਉਸਦੀ ਕਾਪੀ ਕਢਵਾਈ ਫਿਰ ਪਤਾ ਲੱਗਿਆ ਕਿ ਉਨ੍ਹਾਂ ਦੀ ਘਰ ਅੰਦਰ ਖੜ੍ਹੀ ਕਾਰ ਪੀਬੀ11ਬੀਸੀ 2298 ਦਾ ਚਲਾਨ ਹੈਲਮਟ ਨਾ ਪਹਿਨਣ ਕਰਕੇ ਕੱਟਿਆ ਗਿਆ ਹੈ।
ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਡਿਜੀਟਲ ਸਿਸਟਮ ਵੱਲੋਂ ਬਾਕਾਇਦਾ ਕੱਟੇ ਗਏ ਚਲਾਨ ਵਿਚ ਜਿਹੜੀ ਫੋਟੋ ਦਰਸਾਈ ਗਈ ਹੈ ਉਹ ਮਾਧੋਪੁਰ ਚੌਕ ਨਈਅਰ ਪਟਿਆਲਾ ਰੋਡ ਸਰਹਿੰਦ ਦੀ ਦਿਖਾਇਆ ਗਿਆ ਹੈ ਜੋ ਕਿ ਮੋਟਰਸਾਈਕਲ ਦੀ ਹੈ ਜਿਸ 'ਤੇ ਸਵਾਰ ਮਰਦ ਔਰਤ ਬਿਨਾਂ ਹੈਲਮਟ ਪਾਏ ਜਾ ਰਹੇ ਹਨ ਪਰ ਸਦਕੇ ਜਾਈਏ ਆਰਟੀਓ ਸਾਹਿਬ ਦੇ ਜਿਨ੍ਹਾਂ ਨੇ ਮੋਟਰਸਾਈਕਲ ਦੇ ਬਦਲੇ ਧਨੌਲਾ ਅੰਦਰ ਖੜ੍ਹੀ ਕਾਰ ਦਾ ਚਲਾਨ ਕੱਟ ਕੇ ਉਨ੍ਹਾਂ ਦੇ ਮੋਬਾਈਲ ਨੰਬਰ 'ਤੇ ਭੇਜ ਦਿੱਤਾ।