ਬਰਨਾਲਾ ਜ਼ਿਲ੍ਹਾ ਪਰਿਸ਼ਦ ਚੇਅਰਮੈਨੀ ਨੂੰ ਲੈ ਕੇ ਸੱਤਾਧਿਰ 'ਚ ਘਮਸਾਨ, ਵਿਧਾਇਕ ਨਾਲ ਅਣਬਣ ਕਾਰਨ ਪ੍ਰਸ਼ਾਸਨ ਨੇ ਚੋਣ ਮੀਟਿੰਗ ਕੀਤੀ ਰੱਦ
ਜਿਨਾਂ ਵਿੱਚੋਂ ਆਮ ਆਦਮੀ ਪਾਰਟੀ ਨੇ ਚਾਰ ਵਿਧਾਨ ਸਭਾ ਹਲਕਾ ਮਹਿਲ ਕਲਾਂ, ਦੋ ਬਰਨਾਲਾ ਅਤੇ ਦੋ ਭਦੌੜ ਹਲਕੇ ਵਿੱਚੋਂ ਜਿੱਤੇ ਹਨ। ਜਦਕਿ ਸ਼੍ਰੋਮਣੀ ਅਕਾਲੀ ਦਲ ਨੇ ਭਦੌੜ ਹਲਕੇ ਦੇ ਦੋ ਜ਼ਿਲ੍ਹਾ ਪਰਿਸ਼ਦ ਮੈਂਬਰਾਂ ਉੱਪਰ ਜਿੱਤ ਹਾਸਿਲ ਕੀਤੀ ਸੀ।
Publish Date: Fri, 15 May 2026 10:41 AM (IST)
Updated Date: Fri, 15 May 2026 10:43 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ। ਸੂਬਾ ਸਰਕਾਰ ਵੱਲੋਂ ਜ਼ਿਲ੍ਹਾ ਪਰਿਸ਼ਦ ਚੇਅਰਮੈਨੀ ਦਾ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਬਰਨਾਲਾ ਦੀ ਚੇਅਰਮੈਨੀ ਲਈ ਸਰਗਮੀਆਂ ਵਧ ਗਈਆਂ ਹਨ। ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਬਰਨਾਲਾ ਜ਼ਿਲ੍ਹੇ ਦੀ ਜ਼ਿਲ੍ਹਾ ਪਰਿਸ਼ਦ ਚੇਅਰਮੈਨੀ ਔਰਤ (ਜਨਰਲ) ਲਈ ਰਾਖਵੀਂ ਕੀਤੀ ਗਈ ਹੈ। ਜਦਕਿ ਵਾਈਸ ਚੇਅਰਮੈਨੀ ਦੀ ਐਸਸੀ(ਮਰਦ) ਲਈ ਰਾਖਵੀਂ ਰੱਖੀ ਗਈ ਹੈ। ਜ਼ਿਲ੍ਹੇ ਦੇ ਤਿੰਨੇ ਵਿਧਾਨ ਸਭਾ ਹਲਕਿਆਂ ਅੰਦਰ ਸੱਤਾਧਿਰ ਵਲੋਂ ਚੇਅਰਮੈਨ ਲਈ ਦਾਅਵੇਦਾਰੀ ਤੇਜ਼ ਕੀਤੀ ਗਈ ਹੈ।
ਉੱਥੇ ਹੀ ਸੂਬਾ ਸਰਕਾਰ ਵੱਲੋਂ ਚੇਅਰਮੈਨੀ ਦਾ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਬਰਨਾਲਾ ਪ੍ਰਸ਼ਾਸਨ ਵੱਲੋਂ ਸਮੂਹ ਜ਼ਿਲ੍ਹਾ ਪਰਿਸ਼ਦ ਮੈਂਬਰਾਂ ਦੀ ਇੱਕ ਮੀਟਿੰਗ ਵੀਰਵਾਰ ਨੂੰ ਸ਼ਾਮ 4 ਵਜੇ ਬੁਲਾਈ ਗਈ ਸੀ, ਜਿਸਨੂੰ ਬਾਅਦ ਵਿੱਚ ਰੱਦ ਕਰ ਦਿੱਤਾ ਗਿਆ।
ਚੇਅਰਮੈਨੀ ਲਈ ਜ਼ੋਨ ਮਹਿਲ ਕਲਾਂ ਤੇ ਠੁੱਲੀਵਾਲ ਜ਼ੋਨ ਦੇ 'ਆਪ' ਜ਼ਿਲ੍ਹਾ ਪਰਿਸ਼ਦ ਮੈਂਬਰਾਂ ਦਾ ਚੇਅਰਮੈਨੀ ਲਈ ਦਾਅਵਾ ਸਭ ਤੋਂ ਮਜ਼ਬੂਤ ਮੰਨਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਇਹਨਾਂ ਵਿਚੋਂ ਇੱਕ ਨਾਲ ਹਲਕਾ ਵਿਧਾਇਕ ਦੀ ਸਹਿਮਤੀ ਹੈ ਅਤੇ ਦੂਜੇ ਉਪਰ ਹਲਕਾ ਵਿਧਾਇਕ ਅਸਹਿਮਤ ਦੱਸੇ ਜਾ ਰਹੇ ਹਨ। ਸੱਤਾਧਿਰ ਪਾਰਟੀ ਠੁੱਲੀਵਾਲ ਤੋਂ ਜੇਤੂ ਉਮੀਦਵਾਰ ਨੂੰ ਚੇਅਰਮੈਨ ਬਣਾਉਣਾ ਚਾਹੁੰਦੀ ਹੈ, ਜੋ ਪਾਰਟੀ ਦੇ ਟਕਸਾਲੀ ਤੇ ਮਿਹਨਤੀ ਆਗੂ ਦੀ ਪਤਨੀ ਹੈ। ਪਰ ਉਕਤ ਟਕਸਾਲੀ ਆਗੂ ਦੀ ਪਿਛਲੇ ਲੰਬੇ ਸਮੇਂ ਤੋਂ ਹਲਕਾ ਵਿਧਾਇਕ ਨਾਲ ਅਣਬਣ ਚੱਲ ਰਹੀ ਹੈ। ਚੇਅਰਮੈਨੀ ਲਈ ਰੱਖੀ ਗਈ ਮੀਟਿੰਗ ਦੇ ਰੱਦ ਹੋਣ ਦਾ ਵੀ ਇਹੀ ਕਾਰਨ ਮੰਨਿਆ ਜਾ ਰਿਹਾ ਹੈ।
ਇਸਤੋਂ ਇਲਾਵਾ ਵਾਈਸ ਚੇਅਰਮੈਨੀ ਦਾ ਤਾਜ ਹਲਕਾ ਭਦੌੜ ਦੇ ਜ਼ਿਲ੍ਹਾ ਪਰੀਸ਼ਦ ਮੈਂਬਰ ਦੇ ਸਿਰ ਸਜਣ ਦੇ ਆਸਾਰ ਬਣੇ ਹੋਏ ਹਨ। ਜ਼ਿਕਰਯੋਗ ਹੈ ਕਿ ਬਰਨਾਲਾ ਜ਼ਿਲ੍ਹੇ ਵਿੱਚ 10 ਜ਼ਿਲ੍ਹਾ ਪਰਿਸ਼ਦ ਮੈਂਬਰ ਹਨ। ਜਿਨਾਂ ਵਿੱਚੋਂ ਆਮ ਆਦਮੀ ਪਾਰਟੀ ਨੇ ਚਾਰ ਵਿਧਾਨ ਸਭਾ ਹਲਕਾ ਮਹਿਲ ਕਲਾਂ, ਦੋ ਬਰਨਾਲਾ ਅਤੇ ਦੋ ਭਦੌੜ ਹਲਕੇ ਵਿੱਚੋਂ ਜਿੱਤੇ ਹਨ। ਜਦਕਿ ਸ਼੍ਰੋਮਣੀ ਅਕਾਲੀ ਦਲ ਨੇ ਭਦੌੜ ਹਲਕੇ ਦੇ ਦੋ ਜ਼ਿਲ੍ਹਾ ਪਰਿਸ਼ਦ ਮੈਂਬਰਾਂ ਉੱਪਰ ਜਿੱਤ ਹਾਸਿਲ ਕੀਤੀ ਸੀ।