ਖੇਡਾਂ ’ਚ ਮੱਲਾਂ ਮਾਰਨ ਵਾਲੇ ਵਿਦਿਆਰਥੀ ਸਨਮਾਨਿਤ
ਖੇਡਾਂ ’ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਕੀਤਾ ਸਨਮਾਨ
Publish Date: Wed, 07 Jan 2026 05:22 PM (IST)
Updated Date: Wed, 07 Jan 2026 05:23 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਪਿਛਲੇ ਦਿਨੀਂ ਗੁਰਦੁਆਰਾ ਸਾਹਿਬ ਸੁਰਜੀਤਪੁਰਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਭੋਗ ਉਪਰੰਤ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਚੈਨ ਸਿੰਘ ਸਿੱਧੂ ਨੇ ਦੱਸਿਆ ਕਿ ਕਮੇਟੀ ਨੇ ਫ਼ੈਸਲਾ ਕੀਤਾ ਹੈ ਕਿ ਨੌਜਵਾਨਾਂ ਅਤੇ ਬੱਚਿਆਂ ਨੂੰ ਨਸ਼ਿਆਂ ਅਤੇ ਹੋਰ ਮਾੜੀਆਂ ਅਲਾਮਤਾਂ ਤੋਂ ਦੂਰ ਰੱਖਣ ਲਈ ਖੇਡਾਂ ਅਤੇ ਹੋਰਨਾਂ ਖੇਤਰਾਂ ’ਚ ਮੱਲਾਂ ਮਾਰਨ ਵਾਲੇ ਬੱਚਿਆਂ ਦਾ ਸਨਮਾਨ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਸੁਰਜੀਤ ਪੁਰਾ ਅਤੇ ਛੋਟੇ ਸਾਹਿਬਜਾਦੇ ਸੁਸਾਇਟੀ ਸੁਰਜੀਤਪੁਰਾ (ਸੇਖਾ) ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮੌਕੇ ਕਮੇਟੀ ਵੱਲੋਂ ਅਰਸ਼ਦੀਪ ਸਿੰਘ ਜਵੰਦਾ ਪੁੱਤਰ ਅਵਤਾਰ ਸਿੰਘ ਜਵੰਦਾ ਦਾ ਸਨਮਾਨ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਏਗਰਾ (ਪੱਛਮੀ ਬੰਗਾਲ) ਵਿਖੇ ਹੋਈਆਂ ਖੇਡਾਂ ਸੀਨੀਅਰ ਮਿਕਸਡ ਨੈੱਟਬਾਲ ਦਾ ਗੋਲਡ ਮੈਡਲ (2025) ਪੰਜਾਬ ਦੀ ਟੀਮ ਨੇ ਜਿੱਤਿਆ ਹੈ। ਜਿਸ ’ਚ ਅਰਸ਼ਦੀਪ ਨੇ ਅਹਿਮ ਰੋਲ ਨਿਭਾਇਆ ਹੈ। ਜਿਸ ਨੇ ਆਪਣੇ ਸਮੂਹ ਬੱਕਰੀਆਂ ਵਾਲ਼ੇ ਪਰਿਵਾਰ ਅਤੇ ਪਿੰਡ ਸੁਰਜੀਤ ਪੁਰਾ ਦਾ ਨਾਮ ਰੌਸ਼ਨ ਕੀਤਾ ਹੈ। ਜੋ ਕਿ ਪਿੰਡ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਜਵੰਦਾ ਨੇ ਦੱਸਿਆ ਕਿ ਅਰਸ਼ਦੀਪ ਨੇ ਪਹਿਲਾਂ ਵੀ ਨੈੱਟਬਾਲ ਦੇ ਮੁਕਾਬਲਿਆਂ ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ’ 2023 ’ਚ ਗੋਲਡ ਮੈਡਲ, ਵਿਦਿਆ ਭਾਰਤੀ ਸਕੂਲ ਨੈਸ਼ਨਲ ਨੈੱਟਬਾਲ ਛਤਰਪੁਰ ਮੱਧ ਪ੍ਰਦੇਸ਼ 2023 ਵਿੱਚ ਗੋਲਡ ਮੈਡਲ, ‘ਖੇਡਾਂ ਵਤਨ ਪੰਜਾਬ ਦੀਆਂ’ 2024 ’ਚ ਗੋਲਡ ਮੈਡਲ, ਐੱਸਜੀਐੱਫਆਈ 2024 ਰਿਵਾੜੀ ਹਰਿਆਣਾ ’ਚ ਬਰਾਊਨ ਮੈਡਲ ਅਤੇ ਹੋਰ ਕਈ ਇਨਾਮ ਜਿੱਤੇ ਹਨ। ਦੱਸਣਯੋਗ ਹੈ ਕਿ ਮਾਣਯੋਗ ਡੀਸੀ ਬਰਨਾਲਾ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਹੈ ਅਤੇ 26 ਜਨਵਰੀ ਮੌਕੇ ਡਾ. ਬਲਵੀਰ ਕੌਰ ਕੈਬਨਿਟ ਮੰਤਰੀ ਪੰਜਾਬ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਹੈ। ਜੋ ਕਿ ਪਿੰਡ ਅਤੇ ਇਲਾਕੇ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਗੁਰਦੁਆਰਾ ਸਾਹਿਬ ਦੀ ਸਮੂਹ ਪ੍ਰਬੰਧਕ ਕਮੇਟੀ ਮੈਂਬਰ, ਛੋਟੇ ਸਾਹਿਬਜ਼ਾਦੇ ਸੁਸਾਇਟੀ ਦੇ ਮੈਂਬਰ, ਇਲਾਕੇ ਦੀਆਂ ਮੋਹਤਬਰ ਸ਼ਖ਼ਸੀਅਤਾਂ ਅਤੇ ਪਿੰਡ ਦੀਆਂ ਸਮੂਹ ਸੰਗਤਾਂ ਹਾਜ਼ਰ ਸਨ।