ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਇਕੱਤਰਤਾ
ਜਮਹੂਰੀ ਅਧਿਕਾਰ ਸਭਾ ਦੇ ਸੂਬਾ ਸਕੱਤਰ ਨੇ ਜਨਤਕ ਜਥੇਬੰਦੀਆਂ ਦੀ ਤਿਆਰੀ ਮੀਟਿੰਗ ਨੂੰ ਕੀਤਾ ਸੰਬੋਧਨ
Publish Date: Thu, 18 Dec 2025 04:08 PM (IST)
Updated Date: Thu, 18 Dec 2025 04:09 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਜਮਹੂਰੀ ਅਧਿਕਾਰ ਸਭਾ ਬਰਨਾਲਾ ਦੇ ਸੱਦੇ ’ਤੇ ਤਰਕਸ਼ੀਲ ਭਵਨ ਬਰਨਾਲਾ ਵਿਖੇ ਜਿਲ੍ਹੇ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਦੀ ਮੀਟਿੰਗ ਹੋਈ। ਇਸ ਮੌਕੇ ਸਭਾ ਦੇ ਸੂਬਾ ਸਕੱਤਰ ਪ੍ਰਿਤਪਾਲ ਸਿੰਘ ਮੰਡੀ ਕਲਾਂ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਜਾਣਕਾਰੀ ਸਾਂਝੀ ਕੀਤੀ ਕਿ ਸੂਬਾ ਕਮੇਟੀ ਵੱਲੋਂ 21 ਦਸੰਬਰ ਨੂੰ ਬਰਨਾਲਾ ਦੇ ਤਰਕਸ਼ੀਲ ਭਵਨ ’ਚ ਕਰਵਾਏ ਜਾਣ ਵਾਲੇ ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਿਤ ਸੈਮੀਨਾਰ ਨੂੰ ਉੱਘੇ ਗਾਂਧੀਵਾਦੀ ਆਗੂ ਤੇ ਜਮਹੂਰੀ ਕਾਰਕੁੰਨ ਹਿਮਾਂਸ਼ੂ ਕੁਮਾਰ ਸੰਬੋਧਨ ਕਰਨਗੇ। ਉਨ੍ਹਾਂ ਕਿਹਾ ਕਿ ਦੁਨੀਆ ਭਰ ਦੇ ਲੋਕਾਂ ਦੇ ਦਬਾਅ ਹੇਠ 10 ਦਸੰਬਰ 1948 ਨੂੰ ਯੂਐੱਨਓ ਨੇ ‘ਮਨੁੱਖੀ ਅਧਿਕਾਰਾਂ ਦਾ ਸਰਬਵਿਆਪੀ ਐਲਾਨਨਾਮਾ’ ਜਾਰੀ ਕੀਤਾ ਜਿਸ ’ਚ ਉਹ ਘੱਟੋ-ਘੱਟ ਅਧਿਕਾਰ ਸ਼ਾਮਲ ਕੀਤੇ ਹੋਏ ਹਨ, ਜਿਹੜੇ ਕਿਸੇ ਵੀ ਸ਼ਾਸਨ ਪ੍ਰਣਾਲੀ ਹੇਠ ਰਹਿਣ ਵਾਲੇ ਦੁਨੀਆ ਦੇ ਹਰ ਸ਼ਖਸ ਨੂੰ, ਇਕ ਮਨੁੱਖ ਹੋਣ ਦੇ ਨਾਤੇ ਉਪਲੱਬਧ ਹਨ। ਅਜਿਹੇ ਹਾਲਾਤਾਂ ’ਚ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਮ ਲੋਕਾਈ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕਰੀਏ। ਮਨੁੱਖੀ ਅਧਿਕਾਰ ਦਿਵਸ ਵਰਗੇ ਦਿਹਾੜਿਆਂ ਨੂੰ ਲੋਕਾਂ ’ਚ ਜਮਹੂਰੀ ਚੇਤਨਾ ਦਾ ਪ੍ਰਚਾਰ ਪ੍ਰਸਾਰ ਕਰਨ ਲਈ ਵਰਤਿਆ ਜਾਵੇ। ਇਹ ਸੈਮੀਨਾਰ ਵੀ ਇਸੇ ਉਦੇਸ਼ ਨਾਲ ਉਲੀਕਿਆ ਗਿਆ ਹੈ ਅਤੇ ਇਸ ’ਚ ਸ਼ਮੂਲੀਅਤ ਕਰਵਾਉਣ ਲਈ ਵੱਧ ਤੋਂ ਵੱਧ ਲੋਕਾਂ ਤਕ ਪਹੁੰਚ ਕੀਤੀ ਜਾਵੇ। ਇਸ ਮੌਕੇ ਸਭਾ ਦੀ ਬਰਨਾਲਾ ਇਕਾਈ ਦੇ ਪ੍ਰਧਾਨ ਸੋਹਣ ਸਿੰਘ ਮਾਝੀ, ਸਕੱਤਰ ਬਿਕਰ ਸਿੰਘ ਔਲਖ ਤੇ ਦੂਸਰੇ ਕਮੇਟੀ ਮੈਂਬਰਾਂ ਤੋਂ ਇਲਾਵਾ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਨਾਰਾਇਣ ਦੱਤ, ਸਾਬਕਾ ਡਿਪਟੀ ਡਾਇਰੈਕਟਰ (ਸਿਹਤ) ਡਾ. ਜਸਬੀਰ ਸਿੰਘ ਔਲ਼ਖ, ਸੁਪਰਡੈਂਟ ਸਰਵਨ ਸਿੰਘ ਕਾਲਾਬੂਲਾ, ਹਰਮੀਤ ਸਿੰਘ ਬੀਕੇਯੂ ਡਕੌਂਦਾ ਮਜ਼ਦੂਰ ਆਗੂ ਹਰਮਨਜੀਤ ਸਿੰਘ, ਪੈਨਸ਼ਨਰ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਬੀਕੇਯੂ ਕ੍ਰਾਂਤੀਕਾਰੀ ਦੇ ਸੁਖਦੇਵ ਸਿੰਘ ਜੱਟ ਆਦਿ ਆਗੂ ਹਾਜ਼ਰ ਸਨ।