ਪੰਚਾਇਤੀ ਜ਼ਮੀਨ ’ਚੋਂ ਮਿੱਟੀ ਤੇ ਦਰੱਖਤ ਵੇਚਣ ’ਤੇ ਸਰਪੰਚ ਹੋਇਆ ਮੁਅੱਤਲ : ਵਿਧਾਇਕ
ਪੰਚਾਇਤੀ ਜ਼ਮੀਨ ’ਚੋਂ ਮਿੱਟੀ ਤੇ ਦਰੱਖਤ ਵੇਚਣ ’ਤੇ ਸਰਪੰਚ ਹੋਇਆ ਮੁਅੱਤਲ: ਵਿਧਾਇਕ
Publish Date: Wed, 07 Jan 2026 07:09 PM (IST)
Updated Date: Wed, 07 Jan 2026 07:12 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਪਿੰਡ ਨੈਣੇਵਾਲ ਦੇ ਸਰਪੰਚ ਨੇ ਪੰਚਾਇਤੀ ਜ਼ਮੀਨ ’ਚੋਂ ਮਿੱਟੀ ਤੇ ਸੈਂਕੜੇ ਦਰੱਖਤ ਵੇਚੇ ਸਨ, ਜਿਸ ਦੀਆਂ ਪਿਛਲੇ ਤਿੰਨ ਮਹੀਨਿਆਂ ਤੋਂ ਸ਼ੋਸ਼ਲ ਮੀਡੀਆ ’ਤੇ ਵੀਡਿਓ ਵਾਇਰਲ ਹੋ ਰਹੀਆਂ ਸਨ, ਜਿਸ ਦੇ ਤਹਿਤ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਨੈਣੇਵਾਲ ਦੇ ਸਰਪੰਚ ਗਗਨਦੀਪ ਉਰਫ਼ ਗਗਨਾ ਨੂੰ ਮੁਅੱਤਲ ਕੀਤਾ ਹੈ। ਇਸ ਮੌਕੇ ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਨਾਲ ਦੱਸਿਆ ਕਿ ਉਹ ਹੁਣ ਗੁਜਰਾਤ ਪਾਰਟੀ ਦੇ ਕੰਮਾਂ ਲਈ ਗਏ ਹੋਏ ਹਨ, ਉਨ੍ਹਾਂ ਦੀ ਹਲਕੇ ’ਚ ਕਿਸੇ ਵੀ ਪਾਰਟੀ ਦੇ ਆਗੂ ਤੇ ਵਿਧਾਇਕ ਨਾਲ ਨਾ ਕੋਈ ਰੰਜਿਸ ਸੀ ਤੇ ਨਾ ਹੀ ਹੈ, ਕੁੱਝ ਲੋਕ ਆਪਣੀਆਂ ਸਿਆਸੀਆਂ ਰੋਟੀਆਂ ਸੇਕਣ ਲਈ, ਇਸ ਮਾਮਲੇ ਨੂੰ ਤੁਲ ਦੇ ਰਹੇ ਹਨ। ਜਦਕਿ ਇਹ ਸਰਪੰਚ ਖਿਲਾਫ਼ ਕਰੀਬ ਤਿੰਨ ਮਹੀਨੇ ਪਹਿਲਾਂ ਪੰਚਾਇਤੀ ਜ਼ਮੀਨ ’ਚੋਂ ਪਿੰਡ ਤੇ ਭਦੌੜ ’ਚ ਮਿੱਟੀ ਵੇਚਣ ਦੇ ਦੋਸ਼ ਲੱਗੇ ਸਨ ਤੇ ਪੰਚਾਇਤੀ ਜ਼ਮੀਨ ’ਚੋਂ ਸੈਂਕੜੇ ਦਰੱਖਤ ਵੇਚਣ ਦੇ ਵੀ ਦੋਸ ਸਨ। ਉਨ੍ਹਾਂ ਦੱਸਿਆ ਕਿ ਪੰਚਾਇਤ ਮੈਂਬਰਾਂ ਨੇ ਹੀ ਦੱਸਿਆ ਸੀ ਕਿ ਸਰਪੰਚ ਨੇ ਉਨ੍ਹਾਂ ਤੋਂ ਕੋਈ ਮਤਾ ਨਾ ਸਹਿਮਤੀ, ਮਿੱਟੀ ਵੇਚਣ ਜਾਂ ਦਰੱਖਤ ਵੇਚਣ ਸਬੰਧੀ ਲਈ ਸੀ। ਪੰਚਾਇਤੀ ਜ਼ਮੀਨ ’ਚੋਂ ਮਿੱਟੀ 1500 ਰੁਪਏ ਕਰੀਬ ਟਰਾਲੀ ਦੇ ਹਿਸਾਬ ਨਾਲ ਵੇਚ ਕੇ ਮੋਟੀ ਰਕਮ ਵਸੂਲੀ ਗਈ, ਜਿਸ ਦਾ ਹਿਸਾਬ ਕਿਸੇ ਵੀ ਪੰਚਾਇਤ ਜਾਂ ਪੰਚਾਇਤ ਸਕੱਤਰ ਨਾਲ ਸਾਂਝਾ ਨਹੀਂ ਕੀਤਾ ਗਿਆ। ਵਿਧਾਇਕ ਲਾਭ ਸਿੰਘ ਉੱਗੋਕੇ ਨੇ ਦੱਸਿਆ ਕਿ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਤੋਂ ਪਹਿਲਾਂ ਦਾ ਇਹ ਮਾਮਲਾ ਭਖ ਰਿਹਾ ਸੀ, ਜਿਸ ’ਤੇ ਡੀਡੀਪੀਓ ਨੇ ਐਕਸ਼ਨ ਲਿਆ ਹੈ। ਇਸ ਮਾਮਲੇ ਦਾ ਇਨ੍ਹਾਂ ਚੋਣਾਂ ਤੇ ਕਿਸੇ ਦੀ ਜਿੱਤ ਹਾਰ ਨਾਲ ਕੋਈ ਵੀ ਸਬੰਧ ਨਹੀਂ ਹੈ। ਪ੍ਰਸ਼ਾਸਨ ਖੁਦ ਇਸ ਦੀ ਜਾਂਚ ਕਰ ਰਿਹਾ ਹੈ, ਤੇ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਹਰੇਕ ਆਮ ਆਦਮੀ ਨੂੰ ਇਨਸਾਫ਼ ਮਿਲਦਾ ਹੈ। ਇਸ ਦੀ ਜਾਂਚ ਵੀ ਪੂਰੀ ਪਾਰਦਰਸ਼ਤਾ ਨਾਲ ਹੋਵੇਗੀ। ਨਾ ਤਾਂ ਕਿਸੇ ਖ਼ਿਲਾਫ਼ ਝੂਠੀ ਕਾਰਵਾਈ ਹੋਵੇਗੀ ਤੇ ਨਾ ਹੀ ਕਿਸੇ ਸਿਆਸੀ ਪਾਰਟੀ ਦੇ ਦਬਾਅ ਅਧੀਨ ਕਿਸੇ ਦੋਸ਼ੀ ਨੂੰ ਬਖਸ਼ਿਆ ਜਾਵੇਗਾ।