ਪੰਜਾਬ ਤੋਂ ਰਾਜ ਸਭਾ ਦੇ ਸਾਂਸਦ ਰਾਜਿੰਦਰ ਗੁਪਤਾ ਨੇ ਸਦਨ ਵਿੱਚ ਜ਼ੀਰੋ ਆਵਰ ਦੌਰਾਨ ਇੱਕ ਅਹਿਮ ਮੁੱਦਾ ਉਠਾਉਂਦੇ ਹੋਏ ਲੁਧਿਆਣਾ ਦੇ ਹਲਵਾਰਾ ਸਥਿਤ ਸ਼ਹੀਦ–ਏ–ਆਜ਼ਮ ਸਰਦਾਰ ਕਰਤਾਰ ਸਿੰਘ ਸਰਾਭਾ ਏਅਰਪੋਰਟ ਨੂੰ ਬਿਨਾਂ ਹੋਰ ਦੇਰੀ ਤੁਰੰਤ ਕਾਰਜਸ਼ੀਲ ਕਰਨ ਦੀ ਮੰਗ ਕੀਤੀ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਤੋਂ ਰਾਜ ਸਭਾ ਦੇ ਸਾਂਸਦ ਰਾਜਿੰਦਰ ਗੁਪਤਾ ਨੇ ਸਦਨ ਵਿੱਚ ਜ਼ੀਰੋ ਆਵਰ ਦੌਰਾਨ ਇੱਕ ਅਹਿਮ ਮੁੱਦਾ ਉਠਾਉਂਦੇ ਹੋਏ ਲੁਧਿਆਣਾ ਦੇ ਹਲਵਾਰਾ ਸਥਿਤ ਸ਼ਹੀਦ–ਏ–ਆਜ਼ਮ ਸਰਦਾਰ ਕਰਤਾਰ ਸਿੰਘ ਸਰਾਭਾ ਏਅਰਪੋਰਟ ਨੂੰ ਬਿਨਾਂ ਹੋਰ ਦੇਰੀ ਤੁਰੰਤ ਕਾਰਜਸ਼ੀਲ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਏਅਰਪੋਰਟ ਦਾ ਕੰਮ ਲੰਮੇ ਸਮੇਂ ਤੋਂ ਰੁਕਿਆ ਹੋਇਆ ਹੈ, ਜਿਸ ਕਾਰਨ ਪੰਜਾਬ ਦੇ ਉਦਯੋਗਿਕ ਖੇਤਰ ਲੁਧਿਆਣਾ ਅਤੇ ਮਾਲਵਾ ਬੈਲਟ ਦੀ ਆਰਥਿਕ ਤਰੱਕੀ ਪ੍ਰਭਾਵਿਤ ਹੋ ਰਹੀ ਹੈ।
ਸਾਂਸਦ ਗੁਪਤਾ ਨੇ ਲੁਧਿਆਣਾ ਦੀ ਆਰਥਿਕ ਤਾਕਤ ਦਾ ਜ਼ਿਕਰ ਕਰਦਿਆਂ ਸਦਨ ਨੂੰ ਦੱਸਿਆ ਕਿ ਲੁਧਿਆਣਾ ਭਾਰਤ ਦੇ ਕੁੱਲ ਉਦਯੋਗਿਕ ਉਤਪਾਦਨ ਵਿੱਚ ₹72,000 ਕਰੋੜ ਤੋਂ ਵੱਧ ਦਾ ਯੋਗਦਾਨ ਪਾਉਂਦਾ ਹੈ ਅਤੇ ਇੱਥੇ 1.5 ਲੱਖ ਤੋਂ ਜ਼ਿਆਦਾ ਐੱਮਐੱਸਐੱਮਈ ਇਕਾਈਆਂ ਮੌਜੂਦ ਹਨ, ਜੋ ਦੇਸ਼ ਦੇ ਸਭ ਤੋਂ ਸੰਘਣੇ ਉਦਯੋਗਿਕ ਕੇਂਦਰਾਂ ਵਿੱਚੋਂ ਇੱਕ ਹੈ। ਇੰਨੇ ਵੱਡੇ ਆਰਥਿਕ ਮਾਪ–ਦੰਡ ਦੇ ਬਾਵਜੂਦ, ਇਸ ਇਲਾਕੇ ਵਿੱਚ ਹਾਲੇ ਤੱਕ ਕੋਈ ਵਪਾਰਕ ਹਵਾਈ ਅੱਡਾ ਚਾਲੂ ਨਹੀਂ ਹੋ ਸਕਿਆ, ਜਿਸ ਕਾਰਨ ਲੁਧਿਆਣਾ ਨੂੰ ਜੈਪੁਰ, ਇੰਦੌਰ, ਸੂਰਤ, ਰਾਜਕੋਟ ਅਤੇ ਕੋਇੰਬਟੂਰ ਵਰਗੇ ਤੇਜ਼ੀ ਨਾਲ ਵਿਕਸਤ ਹੋ ਰਹੇ ਸ਼ਹਿਰਾਂ ਨਾਲ ਮੁਕਾਬਲੇ ਵਿੱਚ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ।
ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਪੰਜਾਬ ਵਿੱਚ 22 ਤੋਂ 25 ਲੱਖ ਐੱਨਆਰਆਈ ਵੱਸਦੇ ਹਨ, ਜਿਨ੍ਹਾਂ ਨੂੰ ਪਰਿਵਾਰਕ ਮਿਲਾਪ, ਵਪਾਰ, ਸਿੱਖਿਆ, ਇਲਾਜ਼ ਤੇ ਐਮਰਜੈਂਸੀ ਮੈਡੀਕਲ ਸਹੂਲਤਾਂ ਲਈ ਬਿਹਤਰ ਹਵਾਈ ਕਨੈਕਟਿਵਟੀ ਦੀ ਤੁਰੰਤ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਏਅਰਪੋਰਟ ਹਰ ਦਿਨ 2,500 ਤੋਂ ਵੱਧ ਯਾਤਰੀਆਂ ਨੂੰ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਅਤੇ ਪਹਿਲੇ ਹੀ ਦਿਨ ਤੋਂ ਰੋਜ਼ 10 ਤੋਂ 12 ਉਡਾਣਾਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ, ਜਿਸ ਨਾਲ ਲੁਧਿਆਣਾ ਸਿੱਧੇ ਤੌਰ 'ਤੇ ਨਵੀਂ ਦਿੱਲੀ, ਮੁੰਬਈ, ਚੇਨਈ, ਬੰਗਲੁਰੂ, ਹੈਦਰਾਬਾਦ, ਕੋਲਕਾਤਾ ਅਤੇ ਅਹਿਮਦਾਬਾਦ ਵਰਗੇ ਵੱਡੇ ਆਰਥਿਕ ਕੇਂਦਰਾਂ ਨਾਲ ਜੁੜ ਸਕਦਾ ਹੈ।
ਸਾਂਸਦ ਰਾਜਿੰਦਰ ਗੁਪਤਾ ਨੇ ਹਲਵਾਰਾ ਏਅਰਪੋਰਟ ਦੇ ਚਾਲੂ ਹੋਣ ਦੇ ਫ਼ਾਇਦਿਆਂ ਨੂੰ ਗਿਣਾਉਂਦਿਆਂ ਕਿਹਾ ਕਿ ਐੱਮਐੱਸਐੱਮਈ ਉਦਯੋਗਪਤੀਆਂ ਲਈ ਯਾਤਰਾ ਸਮਾਂ ਤੇ ਖ਼ਰਚ ਬਹੁਤ ਘਟੇਗਾ, ਚੰਡੀਗੜ੍ਹ ਅਤੇ ਦਿੱਲੀ ਹਵਾਈ ਅੱਡੇ 'ਤੇ ਯਾਤਰੀ ਭਾਰ ਘਟੇਗਾ, ਈਂਧਨ ਦੀ ਖਪਤ ਤੇ ਕਾਰਬਨ ਉਤਸਰਜਨ ਵਿੱਚ ਕਮੀ ਆਵੇਗੀ, ਏਵੀਏਸ਼ਨ, ਲਾਜਿਸਟਿਕਸ, ਵੇਅਰਹਾਊਸਿੰਗ, ਹੋਟਲ, ਰੀਟੇਲ ਤੇ ਹੌਸਪਿਟੈਲਿਟੀ ਖੇਤਰਾਂ ਵਿੱਚ ਹਜ਼ਾਰਾਂ ਸਿੱਧੇ ਤੇ ਅਸਿੱਧੇ ਰੁਜ਼ਗਾਰ ਪੈਦਾ ਹੋਣਗੇ।
ਉਨ੍ਹਾਂ ਏਅਰਪੋਰਟ ਨੂੰ "ਇਕਾਨੋਮਿਕ ਮਲਟੀਪਲਾਇਰ" ਕਰਾਰ ਦਿੰਦਿਆਂ ਕਿਹਾ ਕਿ ਜਿੱਥੇ ਏਅਰਪੋਰਟ ਚਾਲੂ ਹਨ, ਉੱਥੇ ਜੀ.ਡੀ.ਪੀ. ਵਾਧਾ ਤਿੰਨ ਗੁਣਾ ਤੇਜ਼ ਦਰਜ ਕੀਤਾ ਜਾਂਦਾ ਹੈ। ਇਸ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਵਿਕਸਤ ਭਾਰਤ 2047 ਵਿਚਾਰਧਾਰਾ ਨੂੰ ਵੀ ਯਾਦ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਉਡਾਨ ਸਕੀਮ ਤਹਿਤ ਖੇਤਰੀ ਹਵਾਈ ਸੰਪਰਕ ਵਧਾਉਣ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਇਹ ਏਅਰਪੋਰਟ ਮੀਲ ਪੱਥਰ ਸਾਬਤ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਹਲਵਾਰਾ ਏਅਰਫ਼ੋਰਸ ਸਟੇਸ਼ਨ ਅਤੇ ਸਿਵਲ ਏਵੀਏਸ਼ਨ ਦਰਮਿਆਨ ਸਿਵਲ–ਮਿਲਟਰੀ ਸਹਿਯੋਗ ਦੇਸ਼ ਦੇ ਅਨੋਖੇ ਮਾਡਲ ਦਾ ਪ੍ਰਤੀਕ ਹੈ।
ਅੰਤ ਵਿੱਚ, ਉਨ੍ਹਾਂ ਸਦਨ ਅਤੇ ਕੇਂਦਰ ਸਰਕਾਰ ਨੂੰ ਬੇਨਤੀ ਕਰਦਿਆਂ ਕਿਹਾ ਕਿ ਲੁਧਿਆਣਾ ਏਅਰਪੋਰਟ ਬਿਨਾ ਕਿਸੇ ਦੇਰੀ ਦੇ ਲੋਕਾਂ ਅਤੇ ਪੰਜਾਬ ਦੇ ਉਦਯੋਗ ਨੂੰ ਸਮਰਪਿਤ ਕੀਤਾ ਜਾਵੇ।