ਸ਼੍ਰੋਮਣੀ ਅਕਾਲੀ ਦਲ ਨੇ ਭਾਨਾ ਅਤੇ ਡੋਗਰ ਨੂੰ ਪਾਰਟੀ ’ਚੋਂ ਕੀਤਾ ਬਾਹਰ
ਸ਼੍ਰੋਮਣੀ ਅਕਾਲੀ ਦਲ ਨੇ ਭਾਨਾ ਅਤੇ ਡੋਗਰ ਨੂੰ ਪਾਰਟੀ 'ਚੋਂ ਕੀਤਾ ਬਾਹਰ
Publish Date: Wed, 17 Dec 2025 05:03 PM (IST)
Updated Date: Wed, 17 Dec 2025 05:03 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ’ਚ ਕੰਮ ਕਰਦੇ ਦੋ ਸੀਨੀਅਰ ਆਗੂਆਂ ਨੂੰ ਪਾਰਟੀ ਵਿਰੋਧੀ ਕਾਰਵਾਈਆਂ ਕਰ ਕੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖ਼ਾਰਜ ਕਰ ਕੇ ਪਾਰਟੀ ’ਚੋਂ ਬਾਹਰ ਕਰ ਦਿੱਤਾ ਹੈ। ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਭਦੌੜ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਭਗਵਾਨ ਸਿੰਘ ਭਾਨਾ ਤੇ ਡੋਗਰ ਸਿੰਘ ਉੱਗੋਕੇ ਪਿਛਲੇ ਕਾਫ਼ੀ ਸਮੇਂ ਤੋਂ ਕਾਰਵਾਈਆਂ ਕਰ ਰਹੇ ਹਨ ਅਤੇ ਸੋਸ਼ਲ ਮੀਡੀਆ ਰਾਹੀਂ ਵੀ ਸਮੇਂ-ਸਮੇਂ ’ਤੇ ਪੋਸਟਾਂ ਪਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਲੰਘੀਆਂ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸਮੇਂ ਉਕਤ ਆਗੂਆਂ ਦੀ ਭੂਮਿਕਾ ਪਾਰਟੀ ਪ੍ਰਤੀ ਨਾ ਪੱਖੀ ਰਹੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਖੜ੍ਹੇ ਕੀਤੇ ਗਏ ਉਮੀਦਵਾਰਾਂ ਦੀ ਵਿਰੋਧਤਾ ਕਰਦੇ ਹੋਏ ਸੱਤਾਧਾਰੀ ਧਿਰ ਦੇ ਉਮੀਦਵਾਰਾਂ ਦੇ ਹੱਕ ’ਚ ਵੋਟਾਂ ਪਾਉਣ ਲਈ ਜ਼ੋਰ ਲਾਇਆ ਗਿਆ। ਐਡਵੋਕੇਟ ਰਾਹੀ ਨੇ ਦੱਸਿਆ ਕਿ ਸਰਕਲ ਮੌੜਾਂ ਦੇ ਪ੍ਰਧਾਨ ਕਮਲਜੀਤ ਸਿੰਘ ਬਬਲੀ ਨੇ ਉਕਤ ਵਿਅਕਤੀਆਂ ਖ਼ਿਲਾਫ਼ ਲਿਖਤੀ ਸ਼ਿਕਾਇਤ ਸ਼੍ਰੋਮਣੀ ਅਕਾਲੀ ਭਗਤਪੁਰਾ ਜ਼ੋਨ ਤੋਂ ਲੜ ਰਹੇ ਉਮੀਦਵਾਰ ਸਮੇਤ ਦਿੱਤੀ। ਜਿਸ ’ਤੇ ਅਮਲ ਕਰਦਿਆਂ ਉਨ੍ਹਾਂ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਭਗਵਾਨ ਸਿੰਘ ਭਾਨਾ ਅਤੇ ਡੋਗਰ ਸਿੰਘ ਨੂੰ ਪਾਰਟੀ ’ਚੋਂ ਬਾਹਰ ਕੱਢ ਦਿੱਤਾ ਹੈ। ਐਡਵੋਕੇਟ ਰਾਹੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਹੈ ਜਿੱਥੇ ਪਾਰਟੀ ਦੇ ਹਰ ਵਰਕਰ ਦਾ ਸਤਿਕਾਰ ਕੀਤਾ ਜਾਂਦਾ ਹੈ ਪਰ ਪਾਰਟੀ ਵਿਚ ਰਹਿ ਕੇ ਪਾਰਟੀ ਵਿਰੋਧੀ ਕਾਰਵਾਈਆਂ ਸ਼੍ਰੋਮਣੀ ਅਕਾਲੀ ਦਲ ਕਦੇ ਬਰਦਾਸ਼ਤ ਨਹੀਂ ਕਰੇਗਾ। ਰਾਹੀ ਨੇ ਕਿਹਾ ਕਿ ਉਨ੍ਹਾਂ ਲਈ ਪਾਰਟੀ ਵੱਡੀ ਹੈ ਨਾ ਕਿ ਅਹੁਦੇਦਾਰ।