ਮਾਲਵਾ ਸਾਹਿਤ ਸਭਾ ਵੱਲੋਂ ਕਾਵਿ ਸੰਗ੍ਰਹਿ ਲੋਕ ਅਰਪਣ
ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਡਾ. ਰਾਮਪਾਲ ਸਿੰਘ ਸ਼ਾਹਪੁਰੀ ਦਾ ਕਾਵਿ ਸੰਗ੍ਰਹਿ ਲੋਕ ਅਰਪਣ
Publish Date: Thu, 18 Dec 2025 04:11 PM (IST)
Updated Date: Thu, 18 Dec 2025 04:12 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਸਥਾਨਕ ਪੰਜਾਬ ਆਈਟੀਆਈ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ’ਚ ਇਨਕਲਾਬੀ ਕਵੀ ਰਾਮ ਸਿੰਘ ਹਠੂਰ ਦੇ ਗੀਤ ਸੰਗ੍ਰਹਿ ਦੁਖੀ ਹੋਈਆਂ ਔਰਤਾਂ ਉੱਪਰ ਗੋਸ਼ਟੀ ਕਰਵਾਈ ਗਈ। ਜਿਸ ਉੱਪਰ ਪੇਪਰ ਪੜ੍ਹਦਿਆਂ ਡਾ. ਸੁਰਜੀਤ ਸਿੰਘ ਬਰਾੜ ਨੇ ਕਿਹਾ ਕਿ ਰਾਮ ਸਿੰਘ ਹਠੂਰ ਇੱਕ ਇਮਾਨਦਾਰ ਸੁਹਿਰਦਾ ਤੇ ਪ੍ਰਤੀਬੱਧ ਗੀਤਕਾਰ ਹੈ, ਉਹ ਪੰਜਾਬ ਦਾ ਸਬੂਤ ਹੈ, ਪੰਜਾਬ ਦਾ ਦਰਦ, ਉਸ ਦੇ ਸੀਨੇ ’ਚ ਡੂੰਘਾ ਲੱਥਾ ਹੋਇਆ ਹੈ ਜਿਹੜਾ ਉਸ ਨੂੰ ਪਰੇਸ਼ਾਨ ਕਰਦਾ ਹੈ। ਉਸ ਨੇ ਬਹੁਤ ਸਾਰੇ ਮਸਲਿਆਂ ਨੂੰ ਬਹੁਤ ਸਾਰੀਆਂ ਵਿਸੰਗਤੀਆਂ ਅਤੇ ਸਮੱਸਿਆਵਾਂ ਨੂੰ ਆਪਣੀ ਕਲਮੇਰ ਲਿਆਂਦਾ ਹੈ ਜੋ ਕੁਝ ਵੀ ਉਸ ਨੇ ਰਚਿਆ ਹੈ, ਉਹ ਸਮਕਾਲੀ ਕਰੂਰ ਯਥਾਰਥ ਹੈ। ਸਭਾ ਦੇ ਪ੍ਰਧਾਨ ਡਾ. ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਰਾਮ ਸਿੰਘ ਹਠੂਰ ਦੇ ਗੀਤ ਕਿਰਤੀ ਕਾਮਿਆਂ ਦੇ ਹੱਕਾਂ ਦੀ ਰਾਖੀ ਕਰਦੇ। ਇਸ ਉਪਰੰਤ ਡਾ. ਰਾਮਪਾਲ ਸਿੰਘ ਸ਼ਾਹਪੁਰੀ ਦੇ ਕਾਵਿ ਸੰਗ੍ਰਹਿ ਬੀਜ ਅੰਦਰਲਾ ਜੰਗਲ ਦਾ ਲੋਕ ਅਰਪਣ ਕੀਤਾ ਗਿਆ। ਪੁਸਤਕ ਬਾਰੇ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਰਾਮਪਾਲ ਦੀ ਕਵਿਤਾ ਖੁੱਲ੍ਹੀ ਕਵਿਤਾ ਹੋਣ ਦੇ ਬਾਵਜੂਦ ਵੀ ਸੰਗੀਤਕ ਲੈਅ ’ਚ ਹੈ ਤੇ ਉਸ ਦੀ ਕਵਿਤਾ ’ਚ ਲੋਕਧਾਰਾਈ ਅੰਸ਼ ਮੌਜੂਦ ਹੈ। ਤੇਜਾ ਸਿੰਘ ਤਿਲਕ ਨੇ ਕਿਹਾ ਕਿ ਰਾਮਪਾਲ ਸ਼ਬਦਾਂ ਦਾ ਜਾਦੂਗਰ ਹੈ ਪੌਰਾਣਿਕ ਹਵਾਲਿਆਂ ਨਾਲ ਵਰਤਮਾਨ ਦੀ ਗੱਲ ਕਰਦਾ ਹੈ। ਇਨ੍ਹਾਂ ਤੋਂ ਇਲਾਵਾ ਇਕਬਾਲ ਕੌਰ ਉਦਾਸੀ, ਦਰਸ਼ਨ ਸਿੰਘ ਗੁਰੂ, ਭੁਪਿੰਦਰ ਸਿੰਘ ਬੇਦੀ ਤਰਸੇਮ ਅਤੇ ਹਾਕਮ ਸਿੰਘ ਰੂੜੇਕੇ ਨੇ ਵੀ ਪੁਸਤਕਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।