ਹਾਲਾਤ ਅਜਿਹੇ ਹਨ ਕਿ ਮਹਿੰਗਾਈ ਦਾ ਅਸਰ ਸਪੱਸ਼ਟ ਤੌਰ ’ਤੇ ਬਾਜ਼ਾਰ ਵਿਚ ਵੇਖਿਆ ਜਾ ਸਕਦਾ ਹੈ। ਉੱਚੇ ਭਾਅ ਕਾਰਨ ਰੇਹੜੀ ਫੜੀ ਵਾਲੇ ਤੋਂ ਲੋਕ ਘੱਟ ਹੀ ਨਿੰਬੂ ਖਰੀਦ ਰਹੇ ਹਨ। ਕੁੱਲ ਮਿਲਾ ਕੇ ਨਿੰਬੂ ਦੀਆਂ ਵਧਦੀਆਂ ਕੀਮਤਾਂ ਨੇ ਨਾ ਸਿਰਫ਼ ਆਮ ਗ੍ਰਾਹਕਾਂ ਨੂੰ ਸਗੋਂ ਛੋਟੇ ਵਪਾਰੀਆਂ ਨੂੰ ਵੀ ਪ੍ਰਭਾਵਿਤ ਕੀਤਾ ਹੈ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ। ਗਰਮੀ ਦੇ ਮੌਸਮ ’ਚ ਸਭ ਤੋਂ ਵੱਧ ਮੰਗ ’ਚ ਰਹਿਣ ਵਾਲੇ ਨਿੰਬੂਆਂ ਦੀ ਕੀਮਤ ਇਸ ਵਾਰ ਅਸਮਾਨ ਛੂਹ ਰਹੀ ਹੈ। ਮਾਰਕੀਟ ’ਚ ਨਿੰਬੂ 150 ਤੋਂ 200 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕ ਰਹੇ ਹਨ, ਜਿਸ ਨਾਲ ਆਮ ਲੋਕਾਂ ਦੀ ਰਸੋਈ ਦਾ ਬਜਟ ਹਿੱਲ ਗਿਆ ਹੈ। ਹਾਲਾਤ ਇੱਥੇ ਤਕ ਪਹੁੰਚ ਗਏ ਹਨ ਕਿ ਕਈ ਕਸਬਿਆਂ ਅਤੇ ਛੋਟੇ ਸ਼ਹਿਰਾਂ ’ਚ ਨਿੰਬੂ ਮਿਲਣ ਵੀ ਔਖੇ ਹੋ ਗਏ ਹਨ।
ਗਰਮੀ ਦੇ ਮੌਸਮ ’ਚ ਨਿੰਬੂ ਦਾ ਇਸਤੇਮਾਲ ਸ਼ਿਕੰਜਵੀ, ਗੰਨੇ ਦੇ ਰਸ ਅਤੇ ਹੋਰ ਠੰਢੇ ਤਰਲ ਪਦਾਰਥਾਂ ਵਿਚ ਵੱਡੇ ਪੱਧਰ ’ਤੇ ਕੀਤਾ ਜਾਂਦਾ ਹੈ। ਆਮ ਤੌਰ ’ਤੇ ਸੜਕ ਕਿਨਾਰੇ ਜੂਸ ਅਤੇ ਸ਼ਿਕੰਜਵੀ ਵੇਚਣ ਵਾਲੇ ਵਪਾਰੀ ਹਰ ਗਿਲਾਸ ਵਿਚ ਨਿੰਬੂ ਵਰਤਦੇ ਹਨ ਪਰ ਕੀਮਤਾਂ ’ਚ ਤੇਜ਼ ਵਾਧੇ ਕਾਰਨ ਹੁਣ ਇਸ ਦੀ ਵਰਤੋਂ ਘਟਾ ਦਿੱਤੀ ਗਈ ਹੈ। ਸਥਾਨਕ ਵਪਾਰੀਆਂ ਦੇ ਅਨੁਸਾਰ ਪੰਜਾਬ ’ਚ ਨਿੰਬੂ ਦੀ ਉਤਪਾਦਨ ਸੀਮਤ ਹੈ ਅਤੇ ਇੱਥੇ ਪੈਦਾ ਹੋਣ ਵਾਲੇ ਨਿੰਬੂ ਦੀ ਗੁਣਵੱਤਾ ਵੀ ਜ਼ਿਆਦਾ ਵਧੀਆਂ ਨਹੀਂ ਹੈ। ਇਹ ਨਿੰਬੂ ਜਲਦੀ ਖਰਾਬ ਹੋ ਜਾਂਦੇ ਹਨ ਅਤੇ ਨਿੰਬੂ ਦਾ ਟੇਸਟ ਵੀ ਵਧੀਆ ਨਹੀ ਹੈ, ਜਿਸ ਕਾਰਨ ਵਪਾਰੀ ਵੱਡੇ ਪੱਧਰ ’ਤੇ ਬਾਹਰਲੇ ਸੂਬਿਆਂ ’ਤੇ ਨਿਰਭਰ ਰਹਿੰਦੇ ਹਨ। ਇਸ ਸਮੇਂ ਮਾਰਕੀਟ ’ਚ ਆ ਰਿਹਾ ਜ਼ਿਆਦਾਤਰ ਨਿੰਬੂ ਜੈਪੁਰ, ਗੁਜਰਾਤ ਵਲੋਂ ਸਪਲਾਈ ਕੀਤਾ ਜਾ ਰਿਹਾ ਹੈ।
ਸਬਜ਼ੀ ਮੰਡੀ ’ਚ ਰੇਹੜੀ ਲਗਾਉਣ ਵਾਲੇ ਅਸ਼ਵਨੀ ਕੁਮਾਰ ਦੇ ਅਨੁਸਾਰ ਇਸ ਵੇਲੇ ਨਿੰਬੂ 150 ਰੁਪਏ ਪ੍ਰਤੀ ਕਿੱਲੋ ਤਕ ਵਿੱਕ ਰਿਹਾ ਹੈ। ਹਾਲਾਂਕਿ ਪਿਛਲੇ ਦੋ-ਤਿੰਨ ਦਿਨਾਂ ’ਚ ਕੀਮਤਾਂ ’ਚ ਥੋੜ੍ਹੀ ਕਮੀ ਆਈ ਹੈ ਪਰ ਅਜੇ ਵੀ ਭਾਅ ਆਮ ਦਰ ਤੋਂ ਕਾਫੀ ਵੱਧ ਹਨ। ਰਾਕੇਸ਼ ਕੁਮਾਰ ਮੁਤਾਬਕ ਕੁਝ ਦਿਨ ਪਹਿਲਾਂ ਤਕ ਨਿੰਬੂ 200 ਰੁਪਏ ਪ੍ਰਤੀ ਕਿੱਲੋ ਤਕ ਵਿਕ ਰਿਹਾ ਸੀ। ਹੁਣ ਕੀਮਤਾਂ ’ਚ ਕੁਝ ਰਾਹਤ ਮਿਲਣ ਨਾਲ ਉਮੀਦ ਹੈ ਕਿ ਮੰਗ ’ਚ ਵੀ ਹੌਲੀ-ਹੌਲੀ ਸੁਧਾਰ ਆਵੇਗਾ। ਦੂਜੇ ਪਾਸੇ ਥੋਕ ਵਪਾਰੀਆਂ ਦਾ ਕਹਿਣਾ ਹੈ ਕਿ ਕੀਮਤਾਂ ਵਿਚ ਵਾਧੇ ਦਾ ਮੁੱਖ ਕਾਰਨ ਸਪਲਾਈ ਦੀ ਕਮੀ ਹੈ।
ਥੋਕ ਵਪਾਰੀ ਵਿਨੋਦ ਕੁਮਾਰ ਦੇ ਅਨੁਸਾਰ ਇਸ ਵੇਲੇ ਹੋਲਸੇਲ ਮਾਰਕੀਟ ਵਿਚ ਨਿੰਬੂ ਲਗਭਗ 100 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਨਿੰਬੂ ਦੀ ਖੇਤੀ ਬਹੁਤ ਘੱਟ ਹੁੰਦੀ ਹੈ, ਜਿਸ ਕਾਰਨ ਜੈਪੁਰ, ਮਹਾਰਾਸ਼ਟਰ ਅਤੇ ਭਗਵਾਨਪੁਰ ਵਰਗੇ ਬਾਹਰੀ ਖੇਤਰਾਂ ਤੋਂ ਨਿੰਬੂ ਮੰਗਵਾਉਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਸਪਲਾਈ ਘੱਟ ਹੋਣ ਕਾਰਨ ਕੀਮਤਾਂ ਵਧੀਆਂ ਹੋਈਆਂ ਹਨ, ਪਰ ਆਉਣ ਵਾਲੇ ਦਿਨਾਂ ਵਿਚ ਸਪਲਾਈ ਸੁਧਰਨ ਨਾਲ ਭਾਅ ਘਟਣ ਦੀ ਸੰਭਾਵਨਾ ਹੈ। ਉੱਥੇ ਹੀ ਮਹਿੰਗਾਈ ਕਾਰਨ ਇਸ ਸਮੇਂ ਮੰਗ ਵਿਚ ਵੀ ਕਮੀ ਆਈ ਹੈ।
ਹਾਲਾਤ ਅਜਿਹੇ ਹਨ ਕਿ ਮਹਿੰਗਾਈ ਦਾ ਅਸਰ ਸਪੱਸ਼ਟ ਤੌਰ ’ਤੇ ਬਾਜ਼ਾਰ ਵਿਚ ਵੇਖਿਆ ਜਾ ਸਕਦਾ ਹੈ। ਉੱਚੇ ਭਾਅ ਕਾਰਨ ਰੇਹੜੀ ਫੜੀ ਵਾਲੇ ਤੋਂ ਲੋਕ ਘੱਟ ਹੀ ਨਿੰਬੂ ਖਰੀਦ ਰਹੇ ਹਨ। ਕੁੱਲ ਮਿਲਾ ਕੇ ਨਿੰਬੂ ਦੀਆਂ ਵਧਦੀਆਂ ਕੀਮਤਾਂ ਨੇ ਨਾ ਸਿਰਫ਼ ਆਮ ਗ੍ਰਾਹਕਾਂ ਨੂੰ ਸਗੋਂ ਛੋਟੇ ਵਪਾਰੀਆਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਜਿੱਥੇ ਇਕ ਪਾਸੇ ਲੋਕਾਂ ਨੇ ਨਿੰਬੂ ਦਾ ਇਸਤੇਮਾਲ ਘਟਾ ਦਿੱਤਾ ਹੈ, ਉੱਥੇ ਦੂਜੇ ਪਾਸੇ ਸ਼ਿਕੰਜਵੀ ਵੇਚਣ ਵਾਲਿਆਂ ਨੂੰ ਵੀ ਆਪਣੇ ਭਾਅ ਵਧਾਉਣੇ ਪਏ ਹਨ। ਹੁਣ ਸਭ ਦੀ ਨਜ਼ਰ ਆਉਣ ਵਾਲੇ ਦਿਨਾਂ ਵਿਚ ਸਪਲਾਈ ਵਧਣ ਅਤੇ ਕੀਮਤਾਂ ਵਿਚ ਰਾਹਤ ਮਿਲਣ ’ਤੇ ਟਿਕੀ ਹੋਈ ਹੈ।
ਰੋਜ਼ਾਨਾ ਖਪਤ
ਆਮ ਦਿਨਾਂ ਵਿਚ ਜ਼ਿਲ੍ਹੇ ਅੰਦਰ ਖਪਤ: 250 ਗੱਟੇ ਪ੍ਰਤੀ ਦਿਨ
ਇਕ ਗੱਟਾ: 25 ਕਿੱਲੋ ਨਿੰਬੂ
ਗਰਮੀਆਂ ਵਿਚ ਖਪਤ: 400 ਗੱਟੇ ਪ੍ਰਤੀ ਦਿਨ ਤਕ
ਇਸ ਲਈ ਵਧੇ ਭਾਅ
- ਪੰਜਾਬ ਵਿਚ ਨਿੰਬੂ ਦੀ ਖੇਤੀ ਬਹੁਤ ਘੱਟ
- ਪੰਜਾਬ ਦੇ ਨਿੰਬੂ ਦੀ ਕੁਆਲਿਟੀ ਵਧੀਆ ਨਾ ਹੋਣਾ
- ਬਾਹਰੀ ਰਾਜਾਂ ’ਤੇ ਨਿਰਭਰਤਾ
- ਜੈਪੁਰ, ਗੁਜਰਾਤ ਤੇ ਮਹਾਰਾਸ਼ਟਰ ਤੋਂ ਆ ਰਹੀ ਸਪਲਾਈ
- ਇਸ ਵੇਲੇ ਬਾਜ਼ਾਰ ’ਚ ਘੱਟ ਉਪਲਬਧਤਾ