ਜੇ ਜਿੱਤ ਕੇ ਸਰਕਾਰ ਬਣਾਉਣੀ ਹੈ ਤਾਂ ਸਾਰੇ ਅਕਾਲੀ ਦਲ ਹੋਣ ਇਕੱਠੇ : ਸਿਮਰਜੀਤ ਮਾਨ
ਜੇ ਜਿੱਤ ਕੇ ਸਰਕਾਰ ਬਣਾਉਣੀ ਹੈ ਤਾਂ ਸਾਰੇ ਅਕਾਲੀ ਦਲ ਹੋਣ ਇਕੱਠੇ: ਸਿਮਰਜੀਤ ਮਾਨ
Publish Date: Wed, 21 Jan 2026 07:05 PM (IST)
Updated Date: Wed, 21 Jan 2026 07:09 PM (IST)

- ਕਿਹਾ, ਉਹ ਐੱਮਪੀ ਸੀ ਤਾਂ ਸਾਰੇ ਹਿੰਦੂ ਖੁਸ਼ ਰੱਖੇ ਸੀ, ਸੁਖਬੀਰ ਨਾ ਡਰੇ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਪੰਜਾਬ ’ਚ ਜੇਕਰ ਅਸੀਂ ਅਕਾਲੀ ਦਲ ਦੀ ਸਰਕਾਰ ਬਣਾਉਣੀ ਹੈ ਤਾਂ ਸਾਨੂੰ ਸਾਰੇ ਸ਼੍ਰੋਮਣੀ ਅਕਾਲੀ ਦਲਾਂ ਨੂੰ ਇੱਕ ਮੰਚ ’ਤੇ ਇਕੱਠਾ ਹੋਣਾ ਪਵੇਗਾ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਸਾਬਕਾ ਮੈਂਬਰ ਪਾਰਲੀਮੈਂਟ ਸਿਮਰਜੀਤ ਸਿੰਘ ਮਾਨ ਨੇ ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਸ਼ਹੀਦੀ ਸਮਾਗਮ ਉਪਰੰਤ ਸਾਂਝੇ ਕੀਤੇ। ਜਦੋਂ ਉਨ੍ਹਾਂ ਨੂੰ ਇਹ ਸਵਾਲ ਕੀਤਾ ਗਿਆ ਕਿ ਤੁਸੀਂ ਸਾਰੇ ਅਕਾਲੀ ਦਲਾਂ ਨੂੰ ਇੱਕ ਮੰਚ ’ਤੇ ਇਕੱਠਾ ਕਰਨ ਲਈ ਸੁਖਬੀਰ ਸਿੰਘ ਬਾਦਲ ਨੂੰ ਸੱਦਾ ਦਿੱਤਾ ਹੈ ਤਾਂ ਉਨ੍ਹਾਂ ਦਾ ਇਸ ਸੱਦੇ ਸਬੰਧੀ ਕੋਈ ਜਵਾਬ ਆਇਆ ਤਾਂ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਭਾਵੇਂ ਸੱਦਾ ਦਿੰਦਿਆਂ ਪਹਿਲ ਕੀਤੀ ਹੈ ਤਾਂ ਉਧਰੋਂ ਵੀ ਕੁੱਝ ਵਿਅਕਤੀਆਂ ਨਾਲ ਉਨ੍ਹਾਂ ਦਾ ਸੰਪਰਕ ਹੈ, ਉਹ ਕੁੱਝ ਸੋਚ ਕੇ ਹੀ ਇਸ ’ਤੇ ਜਲਦੀ ਫੈਸਲਾ ਲੈਣਗੇ। ਸਿਮਰਜੀਤ ਸਿੰਘ ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼ਾਇਦ ਇਸ ਗੱਲੋਂ ਡਰ ਰਹੇ ਹਨ ਕਿ ਉਨ੍ਹਾਂ ਦੇ ਨਾਲ ਰਲੇਵਾ ਕਰਨ ’ਤੇ ਸ਼ਾਇਦ ਹਿੰਦੂ ਵੋਟ ਅਕਾਲੀ ਦਲ ਦੇ ਹੱਕ ’ਚ ਨਾ ਭੁਗਤੇ। ਉਨ੍ਹਾਂ ਕਿਹਾ ਕਿ ਜਦੋਂ ਉਹ ਮੈਂਬਰ ਪਾਰਲੀਮੈਂਟ ਸਨ ਤਾਂ ਉਨ੍ਹਾਂ ਨੇ ਸੰਗਰੂਰ ਲੋਕ ਸਭਾ ਹਲਕੇ ਦੇ ਹਿੰਦੂ ਭਾਈਚਾਰੇ ਨੂੰ ਹਮੇਸ਼ਾ ਖੁਸ਼ ਰੱਖਿਆ। ਉਨ੍ਹਾਂ ਨੂੰ ਬਣਦੇ ਫੰਡ ਜਾਰੀ ਕੀਤੇ ਗਏ। ਉਨ੍ਹਾਂ ਦੇ ਹਰ ਦੁੱਖ-ਸੁੱਖ ਦੇ ਉਹ ਭਾਈਵਾਲ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਨਾਲ ਉਨ੍ਹਾਂ ਦੇ ਰਲੇਵੇਂ ਤਹਿਤ ਕੀ ਮੁੱਦੇ ਰਹਿਣਗੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਮਾਨ ਨੇ ਕਿਹਾ ਕਿ ਜਦੋਂ ਇੱਕ ਮੰਚ ’ਤੇ ਬੈਠਾਂਗੇ ਤਾਂ ਅਸੀਂ ਆਪਣੇ ਮੱਦੇ ਦੱਸਾਂਗੇ, ਜਿਸ ਨੂੰ ਉਹ ਸਵਿਕਾਰ ਕਰਨ ਤੇ ਉਨ੍ਹਾਂ ਦੇ ਮੁੱਦਿਆਂ ਨੂੰ ਅਸੀਂ ਆਪਣੀ ਪਾਰਟੀ ਦੀ ਕੋਰ ਕਮੇਟੀ ’ਚ ਵਿਚਾਰ ਕੇ ਸਵਿਕਾਰ ਕਰਾਂਗੇ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਹਾਡੇ ਕੀ ਮੁੱਦੇ ਹਨ ਤਾਂ ਉਨ੍ਹਾਂ ਨੇ ਸਪੱਸ਼ਟ ਜਵਾਬ ਦਿੱਤਾ ਕਿ ਉਨ੍ਹਾਂ ਦੇ ਉਹੀ ਮੁੱਦੇ ਹਨ, ਜਿਸ ਨੀਤੀ ਤਹਿਤ ਉਹ ਰਾਜਨੀਤੀ ’ਚ ਕੁੱਦੇ ਸਨ, ਉਹ ਆਪਣੀ ਕੌਮ ਦੀ ਹਮੇਸ਼ਾ ਗੱਲ ਕਰਦੇ ਹਨ ਤੇ ਕੌਮ ਲਈ ਹੀ ਹਮੇਸ਼ਾ ਤਤਪਰ ਰਹਿਣਗੇ। ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਗੁਰਜੰਟ ਸਿੰਘ ਕੱਟੂ ਸਣੇ ਹੋਰ ਪਾਰਟੀ ਦੇ ਆਗੂ ਤੇ ਵਰਕਰ ਆਦਿ ਹਾਜ਼ਰ ਸਨ।