ਮਾਣਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਬਰਨਾਲਾ ਵੱਲੋਂ ਜ਼ਿਲ੍ਹਾ ਜੇਲ੍ਹ ਦਾ ਦੌਰਾ
ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ਼ ਬਰਨਾਲਾ ਵਲੋਂ ਜਿਲ੍ਹਾ ਜੇਲ੍ਹ ਦਾ ਦੌਰਾ
Publish Date: Thu, 18 Dec 2025 06:08 PM (IST)
Updated Date: Thu, 18 Dec 2025 06:09 PM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਅੰਸ਼ੂਲ ਬੇਰੀ ਮਾਣਯੋਗ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਵੱਲੋਂ ਜ਼ਿਲ੍ਹਾ ਜੇਲ੍ਹ ਬਰਨਾਲਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਮਦਨ ਲਾਲ, ਮਾਣਯੋਗ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ, ਗੁਰਮੇਲ ਸਿੰਘ ਗਿਲ, ਚੀਫ ਲੀਗਲ ਏਡ ਡਿਫੈਂਸ ਕਾਊਂਸਲ, ਗੁਰਨੈਬ ਸਿੰਘ, ਡਿਪਟੀ ਚੀਫ ਲੀਗਲ ਡਿਫੈਂਸ ਕਾਊਂਸਲ, ਮਨਿੰਦਰ ਸਿੰਘ, ਅਸਿਸਟੈਂਟ ਲੀਗਲ ਏਡ ਡਿਫੈਂਸ ਕੌਂਸਲ ਬਰਨਾਲਾ ਤੇ ਲਵਲੀਨ ਕੌਰ, ਅਸਿਸਟੈਂਟ ਲੀਗਲ ਏਡ ਡਿਫੈਂਸ ਕੌਂਸਲ ਬਰਨਾਲਾ ਹਾਜ਼ਰ ਸਨ। ਮਾਣਯੋਗ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਸਹਿਤ ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਨੇ ਜੇਲ੍ਹ ਬੰਦੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਜਾਇਜ਼ਾ ਲਿਆ ਤੇ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿਵਾਇਆ। ਉਨ੍ਹਾਂ ਵੱਲੋਂ ਜੇਲ੍ਹ ਬੈਰਕਾਂ ਅਤੇ ਰਸੋਈ ਘਰ ਦੀ ਚੈਕਿੰਗ ਕੀਤੀ ਗਈ ਅਤੇ ਸਾਫ਼-ਸਫ਼ਾਈ ਦਾ ਜਾਇਜ਼ਾ ਲਿਆ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋਂ ਕੈਦੀਆਂ ਅਤੇ ਹਵਾਲਾਤੀਆਂ ਨੂੰ ਦਿੱਤੀ ਜਾਣ ਵਾਲੀ ਮੁਫ਼ਤ ਕਾਨੂੰਨੀ ਸਹਾਇਤਾ ਸਕੀਮ ਬਾਰੇ ਜਾਣਕਾਰੀ ਦਿੱਤੀ ਅਤੇ ਮਾਣਯੋਗ ਹਾਈ ਕੋਰਟ ਅਤੇ ਮਾਣਯੋਗ ਸੁਪਰੀਮ ਕੋਰਟ ਵਿਚ ਅਪੀਲ ਕਰਨ ਦਾ ਤਰੀਕਾ ਅਤੇ ਲਿਮਿਟੇਸ਼ਨ ਪੀਰੀਅਡ ਬਾਰੇ ਜਾਗਰੂਕ ਕੀਤਾ। ਉਨ੍ਹਾਂ ਜੇਲ੍ਹ ਸੁਪਰਡੈਂਟ ਨੂੰ ਹਦਾਇਤ ਕੀਤੀ ਕਿ ਜੋ ਵੀ ਵਿਅਕਤੀ ਸਰਕਾਰੀ ਖਰਚੇ ਤੇ ਆਪਣੇ ਕੇਸ ਦੀ ਪੈਰਵਾਈ ਕਰਵਾਉਣਾ ਚਾਹੁੰਦਾ ਹੈ, ਉਸ ਦਾ ਫਾਰਮ ਭਰ ਕੇ ਦੋ ਦਿਨ ਦੇ ਵਿੱਚ-ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਦੇ ਦਫ਼ਤਰ ਵਿਖੇ ਭੇਜਣਾ ਯਕੀਨੀ ਬਣਾਇਆ ਜਾਵੇ, ਤਾਂ ਜੋ ਅਗਲੇਰੀ ਕਾਰਵਾਈ ਕੀਤੀ ਜਾ ਸਕੇ। ਇਸ ਤੋਂ ਇਲਾਵਾ ਮਦਨ ਲਾਲ, ਮਾਣਯੋਗ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਨੇ ਦੱਸਿਆ ਕਿ ਜ਼ਿਲ੍ਹਾ ਜੇਲ੍ਹ, ਬਰਨਾਲਾ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਵੱਲੋਂ ਇੱਕ ਲੀਗਲ ਏਡ ਕਲੀਨਿਕ ਚੱਲ੍ਹ ਰਿਹਾ ਹੈ ਜਿੱਥੇ ਪੈਰਾ ਲੀਗਲ ਵਲੰਟੀਅਰ ਨਿਯੁਕਤ ਕੀਤਾ ਗਿਆ ਹੈ। ਬੰਦੀ ਆਪਣੇ ਕੇਸ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਇਸ ਕਲੀਨਿਕ ਤੋਂ ਲੈ ਸਕਦੇ ਹਨ।