ਬੇਖੌਫ ਲੁਟੇਰਿਆਂ ਦਾ ਕਹਿਰ: ਮੋਟਰਸਾਈਕਲ ਸਵਾਰਾਂ ਨੇ ਵਪਾਰੀ ਨੂੰ ਬਣਾਇਆ ਨਿਸ਼ਾਨਾ, ਸ਼ਰੇਆਮ ਕੀਤੀ ਲੁੱਟ
ਸਥਾਨਕ ਗੌਂਰੀ ਸ਼ੰਕਰ ਮੰਦਰ ਰੋਡ ‘ਤੇ ਦਿਨ ਦਿਹਾੜੇ ਲੁੱਟ ਦੀ ਘਟਨਾ ਸਾਹਮਣੇ ਆਈ ਹੈ, ਹਰ ਰੋਜ਼ ਲੁਟੇਰੇ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ ਅਤੇ ਪੁਲਿਸ ਬੇਵੱਸ ਨਜ਼ਰ ਆ ਰਹੀ ਹੈ, ਜਿਸ ਨਾਲ ਇਲਾਕੇ ‘ਚ ਡਰ ਦਾ ਮਾਹੌਲ ਬਣ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇੱਕ ਸਕੂਟਰੀ ਸਵਾਰ ਕੱਪੜਾ ਵਪਾਰੀ ਨੂੰ ਨਿਸ਼ਾਨਾ ਬਣਾਇਆ ਅਤੇ ਉਸ ਨੂੰ ਧੱਕਾ ਦੇ ਕੇ ਉਸ ਦੇ ਗਿੱਜੇ ਵਿਚ ਪਿਆ ਬਟੂਆ ਝੱਪਟ ਕੇ ਫਰਾਰ ਹੋ ਗਏ। ਬਟੂਏ ਵਿੱਚ ਨਕਦੀ ਦੇ ਨਾਲ-ਨਾਲ ਵਪਾਰੀ ਦੇ ਜ਼ਰੂਰੀ ਦਸਤਾਵੇਜ਼ ਵੀ ਸਨ।
Publish Date: Tue, 20 Jan 2026 11:08 AM (IST)
Updated Date: Tue, 20 Jan 2026 11:09 AM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ- ਸਥਾਨਕ ਗੌਂਰੀ ਸ਼ੰਕਰ ਮੰਦਰ ਰੋਡ ‘ਤੇ ਦਿਨ ਦਿਹਾੜੇ ਲੁੱਟ ਦੀ ਘਟਨਾ ਸਾਹਮਣੇ ਆਈ ਹੈ, ਹਰ ਰੋਜ਼ ਲੁਟੇਰੇ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ ਅਤੇ ਪੁਲਿਸ ਬੇਵੱਸ ਨਜ਼ਰ ਆ ਰਹੀ ਹੈ, ਜਿਸ ਨਾਲ ਇਲਾਕੇ ‘ਚ ਡਰ ਦਾ ਮਾਹੌਲ ਬਣ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇੱਕ ਸਕੂਟਰੀ ਸਵਾਰ ਕੱਪੜਾ ਵਪਾਰੀ ਨੂੰ ਨਿਸ਼ਾਨਾ ਬਣਾਇਆ ਅਤੇ ਉਸ ਨੂੰ ਧੱਕਾ ਦੇ ਕੇ ਉਸ ਦੇ ਗਿੱਜੇ ਵਿਚ ਪਿਆ ਬਟੂਆ ਝੱਪਟ ਕੇ ਫਰਾਰ ਹੋ ਗਏ। ਬਟੂਏ ਵਿੱਚ ਨਕਦੀ ਦੇ ਨਾਲ-ਨਾਲ ਵਪਾਰੀ ਦੇ ਜ਼ਰੂਰੀ ਦਸਤਾਵੇਜ਼ ਵੀ ਸਨ।
ਇਸ ਸਬੰਧੀ ਪੀੜਤ ਕੱਪੜਾ ਵਪਾਰੀ ਮਦਨ ਲਾਲ ਪੁੱਤਰ ਰਾਮਜੀ ਦਾਸ ਨੇ ਦੱਸਿਆ ਕਿ ਉਹ ਆਪਣੇ ਸਕੂਟਰੀ ‘ਤੇ ਸਵਾਰ ਹੋ ਕੇ ਖੇਤਾਂ ਵੱਲ ਜਾ ਰਿਹਾ ਸੀ। ਜਦੋਂ ਉਹ ਗੋਰੀ ਸ਼ੰਕਰ ਮੰਦਰ ਰੋਡ ‘ਤੇ ਪਹੁੰਚਿਆ ਤਾਂ ਪਿੱਛੋਂ ਤੇਜ਼ ਰਫ਼ਤਾਰ ਨਾਲ ਆ ਰਹੇ ਦੋ ਮੋਟਰਸਾਈਕਲ ਸਵਾਰਾਂ ਨੇ ਅਚਾਨਕ ਉਸ ਨੂੰ ਧੱਕਾ ਮਾਰਿਆ। ਸੰਤੁਲਨ ਬਿਗੜਨ ਕਾਰਨ ਉਹ ਘਬਰਾਹਟ ‘ਚ ਆ ਗਿਆ ਅਤੇ ਇਸੀ ਦੌਰਾਨ ਲੁਟੇਰੇ ਉਸਦੇ ਗਿੱਜੇ ‘ਚੋਂ ਬਟੂਆ ਝੱਪਟ ਕੇ ਮੌਕੇ ਤੋਂ ਫਰਾਰ ਹੋ ਗਏ। ਬਟੂਏ ਵਿੱਚ ਲਗਭਗ ਛੇ ਹਜ਼ਾਰ ਰੁਪਏ ਨਕਦ, ਆਧਾਰ ਕਾਰਡ, ਪਛਾਣ ਪੱਤਰ ਅਤੇ ਹੋਰ ਜ਼ਰੂਰੀ ਦਸਤਾਵੇਜ਼ ਸਨ। ਘਟਨਾ ਤੋਂ ਬਾਅਦ ਉਸ ਨੇ ਇਲਾਕੇ ‘ਚ ਕਾਫੀ ਖੋਜ ਕੀਤੀ ਪਰ ਲੁਟੇਰਿਆਂ ਦਾ ਕੋਈ ਸੁਰਾਗ ਨਹੀਂ ਮਿਲਿਆ। ਬਾਅਦ ਵਿੱਚ ਘਟਨਾ ਸਥਾਨ ਤੋਂ ਕਰੀਬ ਛੇ ਤੋਂ ਸੱਤ ਕਿਲੋਮੀਟਰ ਦੀ ਦੂਰੀ ‘ਤੇ ਇੱਕ ਵਿਅਕਤੀ ਨੂੰ ਉਸ ਦਾ ਬਟੂਆ ਮਿਲਿਆ, ਜਿਸ ਵਿੱਚੋਂ ਨਕਦੀ ਗਾਇਬ ਸੀ ਪਰ ਸਾਰੇ ਦਸਤਾਵੇਜ਼ ਮੌਜੂਦ ਸਨ।
ਇਸ ਸਬੰਧੀ ਮਦਨ ਲਾਲ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਇਲਾਕੇ ਦੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲੁਟੇਰਿਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਅਜਿਹੀਆਂ ਘਟਨਾਵਾਂ ‘ਤੇ ਰੋਕ ਲੱਗ ਸਕੇ।