ਸਿਵਲ ਹਸਪਤਾਲ ’ਚ ਆਯੂਸ਼ਮਾਨ ਸਹੂਲਤ ਹੋਈ ਫੇਲ੍ਹ
ਸਿਵਲ ਹਸਪਤਾਲ ’ਚ ਆਯੂਸਮਾਨ ਦੀ ਸਹੂਲਤ ’ਚ ਹੋਈ ਫੇਲ੍ਹ
Publish Date: Thu, 18 Dec 2025 06:59 PM (IST)
Updated Date: Thu, 18 Dec 2025 07:01 PM (IST)

- 3 ਕਰੋੜ ਸਰਕਾਰ ਵੱਲ ਖੜ੍ਹਾ : ਐੱਸਐੱਮਓ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਲੋਕਾਂ ਨੂੰ ਉੱਚ ਪੱਧਰੀ ਸਿਹਤ ਸਹੂਲਤਾਂ ਮੁਫ਼ਤ ਦੇਣ ਦੇ ਮੰਤਵ ਨਾਲ ਕੇਂਦਰ ਸਰਕਾਰ ਦਾ ‘ਆਯੂਸ਼ਮਾਨ’ ਕਾਰਡ ਸਿਵਲ ਹਸਪਤਾਲ ਬਰਨਾਲਾ ’ਚ ਨਹੀਂ ਚੱਲ ਰਿਹਾ। ਜਿਸ ਕਰ ਕੇ ‘ਆਯੂਸ਼ਮਾਨ’ ਕਾਰਡ ਦੇ ਬਾਵਜੂਦ ਸਥਾਨਕ ਸਿਵਲ ਹਸਪਤਾਲ ’ਚ ਮਰੀਜ਼ਾਂ ਨੂੰ ਆਪਣਾ ਇਲਾਜ਼ ਪੈਸੇ ਦੇ ਕੇ ਕਰਵਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਕਤ ਖੁਲਾਸ਼ਾ ਜਿੱਥੇ ਇੱਕ ਮਰੀਜ਼ ਵੱਲੋਂ ਸਰਕਾਰੀ ਫਾਇਲ ’ਤੇ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਲਿਖਾ ਕੇ ਲਏ ਗਏ ਬਿਆਨ ਦੀ ਕਾਪੀ ਮੀਡੀਆ ਨੂੰ ਭੇਜਦੇ ਹੋਏ ਖੁਲਾਸ਼ਾ ਕੀਤਾ ਹੈ। ਉੱਥੇ ਹੀ ਦੱਬਵੀਂ ਆਵਾਜ਼ ’ਚ ਕਾਰਡ ਦੇ ਨਾ ਚੱਲਣ ਦੀ ਪੁਸ਼ਟੀ ਵੱਖ-ਵੱਖ ਕਾਰਨ ਦੱਸਦੇ ਹੋਏ ਸਿਵਲ ਹਸਪਤਾਲ ਦੀ ਐੱਸਐੱਮਓ ਡਾ. ਇੰਦੂ ਬਾਂਸਲ ਵੱਲੋਂ ਕੀਤੀ ਗਈ ਹੈ। ਸਰਕਾਰੀ ਫਾਈਲ ਜਿਸ ’ਤੇ 16 ਦਸੰਬਰ 2025 ਦੀ ਤਾਰੀਖ ਪਈ ਹੋਈ ਹੈ, ਉੱਪਰ ਡਾਕਟਰਾਂ ਦੁਆਰਾ ਮਰੀਜ਼ ਤੋਂ ਲਿਖਾਏ ਗਏ ਬਿਆਨਾਂ ਮੁਤਾਬਿਕ ਸਰਕਾਰੀ ਹਸਪਤਾਲ ਬਰਨਾਲਾ ’ਚ 2 ਦਸੰਬਰ 2025 ਤੋਂ ਆਯੂਸ਼ਮਾਨ ਕਾਰਡ ਬੰਦ ਕੀਤਾ ਹੋਇਆ ਹੈ। ਕੋਈ ਵੀ ਮਰੀਜ਼ ਕਾਰਡ ’ਤੇ ਹੀ ਆਪਣਾ ਇਲਾਜ ਕਰਵਾਉਣਾ ਚਾਹੁੰਦਾ ਹੈ ਤਾਂ ਸਥਾਨਕ ਹਸਪਤਾਲ ਦੇ ਡਾਕਟਰਾਂ ਵੱਲੋਂ ਉਸ ਨੂੰ ਹੋਰ ਕਿਸੇ ਵੱਡੇ ਸਰਕਾਰੀ ਹਸਪਤਾਲ ’ਚ ਰੈਫ਼ਰ ਕਰਨ ਦੀ ਵੀ ਗੱਲ ਲਿਖਵਾਈ ਗਈ ਹੈ। ਇਸ ਤੋਂ ਇਲਾਵਾ ਡਾਕਟਰਾਂ ਨੇ ਆਯੂਸ਼ਮਾਨ ਕਾਰਡ ਧਾਰਕਾਂ ਪਾਸੋਂ ਸਥਾਨਕ ਹਸਪਤਾਲ ’ਚ ਹੀ ਇਲਾਜ ਕਰਵਾਉਣ ਵਾਲੇ ’ਤੇ ‘ਅਸੀਂ ਆਪਣੀ ਮਰਜ਼ੀ ਨਾਲ ਸਰਕਾਰੀ ਰੇਟ ’ਤੇ ਇਲਾਜ ਕਰਵਾ ਰਹੇ ਹਾਂ’ ਵੀ ਲਿਖਵਾ ਕੇ ਲਿਆ ਜਾ ਰਿਹਾ ਹੈ। ਮਰੀਜ਼ ਵੱਲੋਂ ਲਿਖਾਇਆ ਗਿਆ ਬਿਆਨ : ਸਾਡੇ ਮਰੀਜ਼ ਦਾ ਪੱਟ ਟੁੱਟ ਗਿਆ ਹੈ, ਸਾਨੂੰ ਡਾਕਟਰ ਸਾਹਿਬ ਜੀ ਨੇ ਦੱਸ ਦਿੱਤਾ ਹੈ ਕਿ ਸਰਕਾਰੀ ਹਸਪਤਾਲ ਬਰਨਾਲਾ ਵਿੱਚ 2/12/2025 ਤੋਂ ਕਾਰਡ (ਆਯੂMਮਾਨ ਕਾਰਡ) ਬੰਦ ਕੀਤਾ ਹੋਇਆ ਹੈ। ਸਾਨੂੰ ਡਾਕਟਰ ਨੇ ਇਹ ਵੀ ਦੱਸ ਦਿੱਤਾ ਹੈ ਕਿ ਜੇਕਰ ਤੁਸੀਂ ਕਾਰਡ ਦੇ ਉੱਪਰ ਇਲਾਜ ਕਰਵਾਉਣਾ ਹੈ ਤਾਂ ਅਸੀਂ ਕਿਸੇ ਹੋਰ ਵੱਡੇ ਹਸਪਤਾਲ ਸਰਕਾਰੀ ਵਿੱਚ ਰੈਫ਼ਰ ਕਰ ਸਕਦੇ ਹਾਂ। ਪਰ ਅਸੀ ਆਪਣੀ ਮਰਜ਼ੀ ਦੇ ਨਾਲ ਇੱਥੇ ਹੀ ਇਲਾਜ ਕਰਵਾਉਣਾ ਚਾਹੁੰਦੇ ਹਾਂ। ਸਰਕਾਰੀ ਰੇਟ ਦੇ ਉੱਪਰ ਹੀ ਇਲਾਜ ਕਰਵਾ ਰਹੇ ਹਾਂ। ਜਿਸ ਦੀ ਸਾਨੂੰ ਰਸੀਦ ਵੀ ਦਿੱਤੀ ਗਈ ਹੈ। 3 ਕਰੋੜ ਸਰਕਾਰ ਵੱਲ ਖੜ੍ਹਾ : ਐੱਸਐੱਮਓ ਡਾ. ਇੰਦੂ ਬਾਂਸਲ ਨੇ ਕਿਹਾ ਕਿ ਆਯੂਸ਼ਮਾਨ ਕਾਰਡ ਚੱਲ ਰਿਹਾ ਹੈ ਪਰ ਉਨ੍ਹਾਂ ਨੂੰ ਸੱਤ-ਅੱਠ ਮਹੀਨਿਆਂ ਤੋਂ ਪੈਸੇ ਨਹੀਂ ਆ ਰਹੇ। ਜਿਸ ਕਰ ਕੇ ਉਨ੍ਹਾਂ ਨੂੰ ਦਿੱਕਤ ਆ ਰਹੀ ਹੈ। ਉਨ੍ਹਾਂ ਕਿਹਾ ਕਿ ਆਯੂਸ਼ਮਾਨ ਕਾਰਡ ਦਾ 3 ਕਰੋੜ ਰੁਪਏ ਸਬੰਧਿਤ ਕੰਪਨੀ ਵੱਲ ਬਕਾਇਆ ਖੜ੍ਹਾ ਹੈ ਤੇ ਉਨ੍ਹਾਂ ਕੋਲ ਇਸ ਸਮੇਂ ਕੋਈ ਵੀ ਫੰਡ ਮੌਜੂਦ ਨਹੀਂ। ਅੱਗੋਂ ਫ਼ਰਮਾਂ ਵੱਲੋਂ ਉਨ੍ਹਾਂ ਨੂੰ ਸਾਮਾਨ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਤੌਰ ’ਤੇ ਉਨ੍ਹਾਂ ਨੂੰ ਯੂਜਰ ਚਾਰਜਸ ਨਹੀਂ ਮਿਲ ਰਹੇ।