ਅਮਨ ਕਾਨੂੰਨ ਦੀ ਮਾੜੀ ਸਥਿਤੀ

- ਐੱਸਪੀਡੀ ਅਸ਼ੋਕ ਸ਼ਰਮਾ ਵੱਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਸਮੂਹ ਵਪਾਰੀਆਂ ਨੇ ਚੁੱਕਿਆ ਧਰਨਾ
ਦੀਪਕ ਬਾਂਸਲ, ਪੰਜਾਬੀ ਜਾਗਰਣ
ਤਪਾ ਮੰਡੀ : ਇਲਾਕੇ ਅੰਦਰ ਨਿੱਤ ਵਾਪਰ ਰਹੀਆਂ ਚੋਰੀ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਲੈ ਕੇ ਇਕੱਠੇ ਹੋਏ ਸਮੂਹ ਵਪਾਰੀਆਂ ਨੇ ਆਪਣੇ ਕਾਰੋਬਾਰ ਬੰਦ ਕਰ ਕੇ ਤਪਾ ਦੀ ਅਗਰਵਾਲ ਧਰਮਸ਼ਾਲਾ ਵਿਖੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟ ਕੀਤਾ। ਇਸ ਮੌਕੇ ਵੱਖ-ਵੱਖ ਸਮਾਜਿਕ, ਧਾਰਮਿਕ, ਵਪਾਰਕ ਅਦਾਰਿਆਂ ਨਾਲ ਸਬੰਧਿਤ ਵਪਾਰੀਆਂ ਵਪਾਰ ਮੰਡਲ ਦੇ ਪ੍ਰਧਾਨ ਦੀਪਕ ਬਾਂਸਲ, ਚੇਅਰਮੈਨ ਸੰਦੀਪ ਕੁਮਾਰ ਵਿੱਕੀ, ਮਹਾਂਕਾਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ, ਸਾਬਕਾ ਕੌਂਸਲਰ ਗੁਰਮੀਤ ਸਿੰਘ ਰੋੜ, ਅਗਰਵਾਲ ਸਭਾ ਦੇ ਪ੍ਰਧਾਨ ਮਦਨ ਲਾਲ ਗਰਗ, ਬੁੱਧ ਰਾਮ ਕਾਲਾ, ਲਵਲੀ ਮਹਿਰਾਜ ਵਾਲੇ, ਲੁਭਾਸ਼ ਸਿੰਗਲਾ ਆਦਿ ਹੋਰ ਪਤਵੰਤਿਆਂ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਲਾਕੇ ਅੰਦਰ ਪਿਛਲੇ ਲੰਮੇ ਸਮੇਂ ਤੋਂ ਚੋਰੀ ਲੁੱਟ-ਖੋਹ ਦੀਆਂ ਵਾਰਦਾਤਾਂ ’ਚ ਵੱਡੇ ਪੱਧਰ ’ਤੇ ਵਾਧਾ ਹੋਇਆ ਹੈ, ਪਰ ਪੁਲਿਸ ਦੇ ਕੰਨਾਂ ’ਤੇ ਜੂੰ ਤਕ ਨਹੀਂ ਸਰਕ ਰਹੀ, ਜਿਸ ਕਾਰਨ ਲੁਟੇਰੇ ਵੱਡੀ ਪੱਧਰ ਤੇ ਪੁਲਿਸ ਦੇ ਬਿਨਾਂ ਕਿਸੇ ਡਰ ਤੋਂ ਵਪਾਰੀਆਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ, ਜਿਸ ਦੇ ਡਰੋਂ ਹੁਣ ਵਪਾਰੀ ਘਰਾਂ ’ਚ ਰਹਿਣ ਲਈ ਮਜਬੂਰ ਹਨ। ਉਨ੍ਹਾਂ ਆਖਿਆ ਕਿ ਵਾਰ-ਵਾਰ ਘਟਨਾਵਾਂ ਵਾਪਰਨ ਦੇ ਬਾਵਜੂਦ ਵੀ ਪੁਲਿਸ ਵੱਲੋਂ ਇਨ੍ਹਾਂ ਘਟਨਾਵਾਂ ਨੂੰ ਰੋਕਣ ਸਬੰਧੀ ਕੋਈ ਵੀ ਠੋਸ ਹੱਲ ਨਹੀਂ ਕੀਤਾ ਜਾ ਰਿਹਾ। ਇਨ੍ਹਾਂ ਲੁਟੇਰਿਆਂ ਕਾਰਨ ਸਵੇਰੇ ਸ਼ਾਮ ਸੈਰ ਕਰਨ ਵਾਲੀਆਂ ਔਰਤਾਂ, ਬਜ਼ੁਰਗ ਅਤੇ ਬੱਚੇ ਬਹੁਤ ਜ਼ਿਆਦਾ ਪਰੇਸ਼ਾਨ ਹਨ ਅਤੇ ਸਮਾਜ ਵਿਰੋਧੀ ਅਨਸਰ ਸ਼ਰੇਆਮ ਹਥਿਆਰਾਂ ਸਮੇਤ ਤਪਾ ਅਤੇ ਆਸ ਪਾਸ ਦੇ ਖੇਤਰਾਂ ’ਚ ਘੁੰਮਦੇ ਦੇਖੇ ਜਾ ਸਕਦੇ ਹਨ, ਜਿਨਾਂ ਨੂੰ ਕਿਸੇ ਵੀ ਕਿਸਮ ਦਾ ਕੋਈ ਡਰ ਨਹੀਂ ਹੈ।
ਇਸ ਮੌਕੇ ਅਗਰਵਾਲ ਧਰਮਸ਼ਾਲਾ ਵਿਖੇ ਵੱਡੀ ਗਿਣਤੀ 'ਚ ਵਪਾਰੀਆਂ ਦੇ ਹੋਏ ਇਕੱਠ ’ਚ ਘਟਨਾਵਾਂ ਦਾ ਸ਼ਿਕਾਰ ਹੋਏ ਕੁਝ ਵਪਾਰੀਆਂ ਨੇ ਵੀ ਪੁਲਿਸ ਨੂੰ ਆਪਣਾ ਦੁਖੜਾ ਸੁਣਾਇਆ ਅਤੇ ਇਲਾਕੇ ਅੰਦਰ ਹੁਣ ਤਕ ਦੀਆਂ ਹੋਈਆਂ ਚੋਰੀਆਂ ਤੇ ਤਪਾ ਪੁਲਿਸ ਦੀ ਨਾ-ਕਾਮਯਾਬੀ ਦੇ ਕਿੱਸੇ ਸੀਨੀਅਰ ਅਫਸਰਾਂ ਨੂੰ ਸੁਣਾਏ। ਇਸ ਮੌਕੇ ਵੱਖ-ਵੱਖ ਵਪਾਰਕ ਅਦਾਰੇ ਨਾਲ ਸਬੰਧਿਤ ਸਮੂਹ ਵਪਾਰੀਆਂ ਨੇ ਏਕੇ ਦਾ ਸਬੂਤ ਦਿੰਦੇ ਹੋਏ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਜਿੰਨਾ ਸਮਾਂ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਕੋਈ ਭਰੋਸਾ ਨਹੀਂ ਦਿੱਤਾ ਜਾਂਦਾ, ਉਨ੍ਹਾਂ ਵੱਲੋਂ ਸੰਪੂਰਨ ਤੌਰ ’ਤੇ ਬਾਜ਼ਾਰ ਬੰਦ ਕਰ ਕੇ ਆਪਣਾ ਰੋਸ ਜਾਰੀ ਰਹੇਗਾ। ਵਪਾਰੀਆਂ ਦੇ ਹੋਏ ਇਕੱਠ ਦਾ ਪਤਾ ਲੱਗਦੇ ਹੀ ਹਲਕਾ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਮੌਕੇ ਤੇ ਪੁੱਜੇ ਅਤੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਉਹ ਹਰ ਵਪਾਰੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ, ਕਿਸੇ ਵੀ ਵਪਾਰੀ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਧਰ ਦੂਜੇ ਪਾਸੇ ਵਪਾਰੀਆਂ ਵੱਲੋਂ ਦਿੱਤੇ ਗਏ ਧਰਨੇ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜਿਸ ਤੋਂ ਬਾਅਦ ਐੱਸਪੀਡੀ ਅਸ਼ੋਕ ਸ਼ਰਮਾ ਬਰਨਾਲਾ, ਡੀਐੱਸਪੀ ਤਪਾ ਗੁਰਪ੍ਰੀਤ ਸਿੰਘ ਸਿੱਧੂ, ਥਾਣਾ ਮੁਖੀ ਸ਼ਰੀਫ ਖਾਨ ਤੇ ਥਾਣਾ ਮੁਖੀ ਗੁਰਵਿੰਦਰ ਸਿੰਘ ਰੂੜੇਕੇ ਕਲਾਂ ਨੇ ਪੁਲਿਸ ਪਾਰਟੀ ਸਮੇਤ ਵਪਾਰੀਆਂ ਦੇ ਇਕੱਠ ’ਚ ਪਹੁੰਚੇ। ਜਿਨ੍ਹਾਂ ਸਮੂਹ ਵਪਾਰੀਆਂ ਦੀ ਗੱਲਬਾਤ ਸੁਣਨ ਉਪਰੰਤ ਭਰੋਸਾ ਦਿੱਤਾ ਕਿ ਸਮੂਹ ਵਪਾਰੀ ਉਨ੍ਹਾਂ ਨੂੰ 24 ਘੰਟਿਆਂ ਦਾ ਸਮਾਂ ਦੇਣ ਤਾਂ ਜੋ ਉਹ ਇਨ੍ਹਾਂ ਲੁਟੇਰਿਆਂ ਦੀ ਪੈੜ ਦੱਬ ਸਕਣ। ਉਨ੍ਹਾਂ ਆਖਿਆ ਕਿ ਸ਼ਹਿਰ ’ਚ ਅਮਨ ਕਾਨੂੰਨ ਦੀ ਸਥਿਤੀ ਹਰ ਹਾਲ ’ਚ ਬਹਾਲ ਰੱਖੀ ਜਾਵੇਗੀ। ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਸਿਰ ਚੁੱਕਣ ਨਹੀਂ ਦਿੱਤਾ ਜਾਵੇਗਾ। ਐੱਸਪੀਡੀ ਅਸ਼ੋਕ ਸ਼ਰਮਾ ਵੱਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਸਮੂਹ ਵਪਾਰੀਆਂ ਨੇ ਧਰਨਾ ਚੁੱਕ ਕੇ ਆਪੋ-ਆਪਣੇ ਕਾਰੋਬਾਰ ਖੋਲ ਦਿੱਤੇ। ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ’ਚ ਪੁਲਿਸ ਕੀ ਰਿਜ਼ਲਟ ਸਾਹਮਣੇ ਲਿਆਉਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਇਸ ਮੌਕੇ ਵੱਖ-ਵੱਖ ਵਪਾਰਕ ਅਦਾਰਿਆਂ ਨਾਲ ਸਬੰਧਿਤ ਨੁਮਾਇੰਦੇ ਡਾ. ਬਾਲ ਚੰਦ ਬਾਂਸਲ, ਤੇਲੂ ਰਾਮ ਤਾਜੋ, ਪਵਨ ਅਰੋੜਾ, ਮੋਹਨ ਲਾਲ ਗੋਗਾ, ਰਾਹੁਲ ਮਹਿਤਾ, ਤਰਲੋਕ ਚੰਦ ਤੋਤੀ, ਅੰਕਿਤ ਸਿੰਗਲਾ, ਮੁਨੀਸ਼ ਕੁਮਾਰ ਲੁਹਾਰੇ ਵਾਲੇ, ਅਸ਼ੋਕ ਗੁਪਤਾ, ਅਸ਼ੋਕ ਮਿੱਤਲ, ਜਵਾਹਰ ਲਾਲ ਕਾਂਸਲ, ਅਜੇਪਾਲ ਸੂਰੀਆ, ਮੱਖਣ ਮਾਰਵਾੜੀ, ਟੀਟੂ ਦੀਕਸ਼ਤ, ਪ੍ਰਦੀਪ ਗੁਪਤਾ, ਹਰੀਸ਼ ਚੰਦਰ ਗੋਸ਼ਾ, ਵਿਜੇ ਧੂਰਕੋਟੀਆ, ਸੰਦੀਪ ਭੈਣੀ, ਮੁਨੀਰ ਮਿੱਤਲ, ਅਮਨ ਵਰਮਾ, ਸੋਨੀ ਵਰਮਾ, ਪ੍ਰਦੀਪ ਮੌੜ, ਭਿੰਦੀ ਮੌੜ, ਗੋਪਾਲ ਜੈਨ ਆਦਿ ਹਾਜ਼ਰ ਸਨ।