ਕਾਂਗਰਸੀ ਵਿਧਾਇਕ ਕਾਲਾ ਢਿੱਲੋਂ ਨੇ ਆਪਣੇ 10 ਸਾਥੀਆਂ ਸਮੇਤ ਕੀਤੀ ਭੁੱਖ ਹੜਤਾਲ ਸ਼ੁਰੂ, ਮਾਮਲਾ ਕਾਂਗਰਸੀ ਆਗੂਆਂ ਤੇ ਵਰਕਰਾਂ 'ਤੇ ਪਰਚੇ ਦਰਜ ਕਰਨ ਦਾ
ਇਸ ਮੁਕੱਦਮੇ ਨੂੰ ਰੱਦ ਕਰਵਾਉਣ ਲਈ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਪੁਲਿਸ ਨੂੰ ਅਲਟੀਮੇਟਮ ਵੀ ਦਿੱਤਾ ਗਿਆ ਸੀ ਪਰ ਪੁਲਿਸ ਵਲੋਂ ਮੁਕੱਦਮਾ ਰੱਦ ਨਾ ਕੀਤੇ ਜਾਣ ਤੋਂ ਖ਼ਫ਼ਾ ਹੁੰਦਿਆਂ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ।
Publish Date: Wed, 06 May 2026 12:06 PM (IST)
Updated Date: Wed, 06 May 2026 12:08 PM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ: ਪਿਛਲੇ ਦਿਨੀਂ, ਬਰਨਾਲਾ ਪੁਲਿਸ ਕਲੋਂ ਕਾਂਗਰਸੀ ਪਾਰਟੀ ਵਲੋਂ ਸਥਾਨਕ ਕਚਹਿਰੀ ਚੌਂਕ 'ਚ ਕੀਤੇ ਪ੍ਰਦਰਸ਼ਨ ਤੋਂ ਬਾਅਦ ਵੱਡੀ ਗਿਣਤੀ 'ਚ ਕਾਂਗਰਸੀ ਆਗੂਆਂ ਤੇ ਵਰਕਰਾਂ ਖਿਲਾਫ਼ ਦਰਜ ਕੀਤੇ ਪਰਚਿਆਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਅਗਵਾਈ ਹੇਠ ਸਮੂਹ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਸਥਾਨਕ ਐਸਐਸਪੀ ਦਫ਼ਤਰ ਅੱਗੇ ਭੁੱਖ ਹੜਤਾਲ ਸ਼ੁਰੂ ਕਰਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਵਿਧਾਇਕ ਕਾਲਾ ਢਿੱਲੋਂ ਆਪਣੇ ਸਾਥੀਆਂ ਮਨਵੰਦਰ ਕੌਰ ਪੱਖੋ, ਮਲਕੀਤ ਕੌਰ ਸਹੋਤਾ, ਜ਼ਸਪ੍ਰੀਤ ਕੌਰ, ਮਹੇਸ਼ ਕੁਮਾਰ ਲੋਟਾ ਬਲਾਕ ਪ੍ਰਧਾਨ, ਕੈਪਟਨ ਭੁਪਿੰਦਰ ਸਿੰਘ ਝਲੂਰ, ਕਮਲਜੀਤ ਚੱਕ, ਕੁਲਵਿੰਦਰ ਸਿੰਘ ਬਲਾਕ ਪ੍ਰਧਾਨ, ਗੁਰਮੇਲ ਮੌੜ, ਬੀਬੀ ਸੁਰਿੰਦਰ ਕੌਰ ਬਾਲੀਆ ਤੇ ਸੁਖਜਿੰਦਰ ਸਿੰਘ ਯਥੂ ਆਗੂਆਂ ਸਮੇਤ ਭੁੱਖ ਹੜਤਾਲ 'ਤੇ ਬੈਠੇ। ਜ਼ਿਕਰਯੋਗ ਹੈ ਕਿ ਮਿਤੀ 14 ਮਾਰਚ ਨੁੰ ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਮਹਿਲਾਵਾਂ ਨੂੰ 48000 ਰੁਪਏ ਦੇਣ ਦੀ ਮੰਗ ਨੂੰ ਲੈ ਕੇ ਸਥਾਨਕ ਕਚਹਿਰੀ ਚੌਂਕ ਵਿਖੇ ਧਰਨਾ ਦਿੱਤਾ ਗਿਆ ਸੀ। ਥਾਣਾ ਸਿਟੀ 2 ਬਰਨਾਲਾ ਦੀ ਪੁਲਸਿ ਨੇ ਧਰਨੇ ਦੌਰਾਨ ਪੁਲਿਸ ਦੀ ਕਾਰਵਾਈ 'ਚ ਵਿਘਨ ਪਾਉਣ ਤੇ ਹੋਰ ਧਾਰਾਵਾਂ ਤਹਿਤ ਕਾਂਗਰਸੀ ਆਗੂਆਂ 'ਤੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਸੀ। ਇਸ ਮੁਕੱਦਮੇ ਨੂੰ ਰੱਦ ਕਰਵਾਉਣ ਲਈ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਪੁਲਿਸ ਨੂੰ ਅਲਟੀਮੇਟਮ ਵੀ ਦਿੱਤਾ ਗਿਆ ਸੀ ਪਰ ਪੁਲਿਸ ਵਲੋਂ ਮੁਕੱਦਮਾ ਰੱਦ ਨਾ ਕੀਤੇ ਜਾਣ ਤੋਂ ਖ਼ਫ਼ਾ ਹੁੰਦਿਆਂ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ।