ਸਕੂਟੀ ਸਵਾਰ ਨੂੰਹ-ਸਹੁਰੇ ਨੂੰ ਟਰੱਕ ਨੇ ਮਾਰੀ ਫੇਟ, ਨੂੰਹ ਦੀ ਦਰਦਨਾਕ ਮੌਤ; ਸਹੁਰਾ ਗੰਭੀਰ ਜ਼ਖ਼ਮੀ
ਜਦੋਂ ਉਹ ਸਿਵਲ ਹਸਪਤਾਲ ਤੋਂ ਥੋੜ੍ਹਾ ਅੱਗੇ ਪਹੁੰਚੇ, ਤਾਂ ਪਿੱਛੋਂ ਆ ਰਹੇ ਇੱਕ ਟਰੱਕ ਨੇ ਉਨ੍ਹਾਂ ਦੀ ਸਕੂਟੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਹਾਦਸੇ ਵਿੱਚ ਸਿਮਰਨਜੀਤ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਗੁਰਮੇਲ ਸਿੰਘ ਗੰਭੀਰ ਜ਼ਖ਼ਮੀ ਹੋ ਗਏ।
Publish Date: Tue, 21 Apr 2026 12:05 PM (IST)
Updated Date: Tue, 21 Apr 2026 12:07 PM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ। ਤਪਾ ਦੇ ਸਿਵਲ ਹਸਪਤਾਲ ਨੇੜੇ ਅੱਜ ਇੱਕ ਬੇਹੱਦ ਦਰਦਨਾਕ ਸੜਕੀ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਸਕੂਟੀ ਸਵਾਰ ਨੂੰਹ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦਾ ਸਹੁਰਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਇਹ ਹਾਦਸਾ ਇੱਕ ਤੇਜ਼ ਰਫ਼ਤਾਰ ਟਰੱਕ ਵੱਲੋਂ ਸਕੂਟੀ ਨੂੰ ਫੇਟ ਮਾਰਨ ਕਾਰਨ ਵਾਪਰਿਆ।
ਪ੍ਰਾਪਤ ਜਾਣਕਾਰੀ ਅਨੁਸਾਰ, ਬਜ਼ੁਰਗ ਗੁਰਮੇਲ ਸਿੰਘ ਆਪਣੀ ਨੂੰਹ ਸਿਮਰਨਜੀਤ ਕੌਰ (ਪਤਨੀ ਹਰਦੇਵ ਸਿੰਘ) ਵਾਸੀ ਲਸ਼ਕਰੀ ਪੱਤੀ ਢਿਲਵਾਂ ਨਾਲ ਸੁਵਿਧਾ ਕੇਂਦਰ ਤੋਂ ਕੰਮ ਨਿਪਟਾ ਕੇ ਵਾਪਸ ਆਪਣੇ ਪਿੰਡ ਢਿਲਵਾਂ ਪਰਤ ਰਹੇ ਸਨ। ਜਦੋਂ ਉਹ ਸਿਵਲ ਹਸਪਤਾਲ ਤੋਂ ਥੋੜ੍ਹਾ ਅੱਗੇ ਪਹੁੰਚੇ, ਤਾਂ ਪਿੱਛੋਂ ਆ ਰਹੇ ਇੱਕ ਟਰੱਕ ਨੇ ਉਨ੍ਹਾਂ ਦੀ ਸਕੂਟੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਹਾਦਸੇ ਵਿੱਚ ਸਿਮਰਨਜੀਤ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਗੁਰਮੇਲ ਸਿੰਘ ਗੰਭੀਰ ਜ਼ਖ਼ਮੀ ਹੋ ਗਏ।
ਰਾਹਤ ਕਾਰਜ ਅਤੇ ਪੁਲਿਸ ਕਾਰਵਾਈ
ਮੌਕੇ 'ਤੇ ਮੌਜੂਦ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਮਿੰਨੀ ਸਹਾਰਾ ਕਲੱਬ ਨੂੰ ਦਿੱਤੀ। ਕਲੱਬ ਦੇ ਵਲੰਟੀਅਰਾਂ ਨੇ ਮੌਕੇ 'ਤੇ ਪਹੁੰਚ ਕੇ ਜ਼ਖ਼ਮੀ ਬਜ਼ੁਰਗ ਨੂੰ ਸਿਵਲ ਹਸਪਤਾਲ ਤਪਾ ਵਿਖੇ ਦਾਖਲ ਕਰਵਾਇਆ। ਘਟਨਾ ਦੀ ਸੂਚਨਾ ਮਿਲਦੇ ਹੀ ਸਿਟੀ ਇੰਚਾਰਜ ਬਲਜੀਤ ਸਿੰਘ ਢਿੱਲੋਂ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਬਰਨਾਲਾ ਦੇ ਮੋਰਚਰੀ ਹਾਊਸ ਵਿੱਚ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿੰਡ ਵਿੱਚ ਸੋਗ ਦੀ ਲਹਿਰ
ਮ੍ਰਿਤਕਾ ਸਿਮਰਨਜੀਤ ਕੌਰ ਆਪਣੇ ਪਿੱਛੇ ਪਤੀ ਅਤੇ ਦੋ ਮਾਸੂਮ ਧੀਆਂ ਛੱਡ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਛੋਟੀ ਧੀ ਦੀ ਉਮਰ ਮਹਿਜ਼ ਤਿੰਨ ਮਹੀਨੇ ਹੈ। ਇਸ ਮੰਦਭਾਗੀ ਘਟਨਾ ਤੋਂ ਬਾਅਦ ਪਿੰਡ ਢਿਲਵਾਂ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।