ਅੰਮ੍ਰਿਤਸਰ 'ਚ ਤਿੰਨ ਰੋਜ਼ਾ ਸੂਫੀ ਫੈਸਟੀਵਲ ; ਪਹਿਲੇ ਦਿਨ ਰਾਣੀ ਰਣਦੀਪ, ਨੂਰਾਂ ਸਿਸਟਰ ਤੇ ਅਕੀਦਤ ਨੇ ਬੰਨ੍ਹਿਆ ਰੰਗ
ਸੈਰ ਸਪਾਟਾ ਵਿਭਾਗ ਭਾਰਤ ਸਰਕਾਰ, ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ 15 ਤੋਂ 17 ਮਾਰਚ ਤੱਕ ਕਰਵਾਏ ਜਾ ਰਹੇ ਤਿੰਨ ਰੋਜ਼ਾ ਸੂਫੀ ਫੈਸਟੀਵਲ ਦਾ ਅੱਜ ਕਿਲ੍ਹਾ ਗੋਬਿੰਦਗੜ੍ਹ ਵਿਖੇ ਆਗਾਜ਼ ਹੋ ਗਿਆ, ਜਿਸ ਵਿਚ ਪਹਿਲੇ ਦਿਨ ਨੂਰਾਂ ਸਿਸਟਰ, ਅਕੀਦਤ ਅਤੇ ਰਾਣੀ ਰਣਦੀਪ ਨੇ ਆਪਣੀ ਬਾਕਮਾਲ ਗਾਇਕੀ ਨਾਲ ਅੰਮ੍ਰਿਤਸਰੀਆਂ ਦਾ ਮਨੋਰੰਜਨ ਕੀਤਾ।
Publish Date: Wed, 15 Mar 2023 08:36 PM (IST)
Updated Date: Thu, 16 Mar 2023 12:10 AM (IST)
ਪੰਜਾਬੀ ਜਾਗਰਣ ਬਿਊਰੋ, ਅੰਮ੍ਰਿਤਸਰ : ਸੈਰ ਸਪਾਟਾ ਵਿਭਾਗ ਭਾਰਤ ਸਰਕਾਰ, ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ 15 ਤੋਂ 17 ਮਾਰਚ ਤੱਕ ਕਰਵਾਏ ਜਾ ਰਹੇ ਤਿੰਨ ਰੋਜ਼ਾ ਸੂਫੀ ਫੈਸਟੀਵਲ ਦਾ ਅੱਜ ਕਿਲ੍ਹਾ ਗੋਬਿੰਦਗੜ੍ਹ ਵਿਖੇ ਆਗਾਜ਼ ਹੋ ਗਿਆ, ਜਿਸ ਵਿਚ ਪਹਿਲੇ ਦਿਨ ਨੂਰਾਂ ਸਿਸਟਰ, ਅਕੀਦਤ ਅਤੇ ਰਾਣੀ ਰਣਦੀਪ ਨੇ ਆਪਣੀ ਬਾਕਮਾਲ ਗਾਇਕੀ ਨਾਲ ਅੰਮ੍ਰਿਤਸਰੀਆਂ ਦਾ ਮਨੋਰੰਜਨ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਹਰਭਜਨ ਸਿੰਘ ਈਟੀਓ ਅਤੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਸ਼ਮਾ ਜਗਾ ਕੇ ਮੇਲੇ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਧਾਲੀਵਾਲ ਨੇ ਕਿਹਾ ਕਿ ਜੇਕਰ ਅੰਮਿ੍ਤਸਰ ਵਾਸੀਆਂ ਨੇ ਕਲਾ ਨੂੰ ਪਿਆਰ ਦਿੱਤਾ ਤਾਂ ਕੋਸ਼ਿਸ਼ ਹੋਵੇਗੀ ਕਿ ਇਹ ਸਾਲਾਨਾ ਮੇਲਾ ਬਣ ਜਾਵੇ।
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿਚ ਇਸ ਤੋਂ ਪਹਿਲਾਂ ਇਹ ਫੈਸਟੀਵਲ ਕੋਰੋਨਾ ਤੋਂ ਪਹਿਲਾਂ ਕਰਵਾਇਆ ਗਿਆ ਸੀ ਅਤੇ ਹੁਣ ਮੇਰੀ ਇੱਛਾ ਇਸ ਸੂਫੀ ਫੈਸਟੀਵਲ ਨੂੰ ਸਾਲਾਨਾ ਮੇਲੇ ਵਿਚ ਬਦਲਣ ਦੀ ਹੈ। ਇਸ ਲਈ ਤੁਹਾਡਾ ਸਾਥ ਬਹੁਤ ਜ਼ਰੂਰੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਜਗਰੂਪ ਸਿੰਘ ਸੇਖਵਾਂ, ਵਿਧਾਇਕ ਜਸਬੀਰ ਸਿੰਘ ਸੰਧੂ, ਐੱਸਡੀਐੱਮ ਹਰਪ੍ਰੀਤ ਸਿੰਘ, ਐੱਸਡੀਐੱਮ ਡਾ ਹਰਨੂਰ ਕੌਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕੱਲ੍ਹ 16 ਮਾਰਚ ਨੂੰ ਫਿਰੋਜ ਖਾਨ, ਮਾਸ਼ਾ ਅਲੀ ਅਤੇ ਹਸ਼ਮਤ ਸੁਲਤਾਨਾ ਆਪਣੀ ਫਨ ਦਾ ਮੁਜ਼ਾਹਰਾ ਕਰਨਗੇ। ਦਾਖਲਾ ਆਮ ਲੋਕਾਂ ਲਈ ਖੁੱਲ੍ਹਾ ਰਹੇਗਾ, ਜਦਕਿ 17 ਮਾਰਚ ਨੂੰ ਕੇਵਲ ਜੀ-20 ਲਈ ਵਿਦੇਸ਼ਾਂ ਤੋਂ ਆਏ ਮਹਿਮਾਨ ਹੀ ਇਸ ਪ੍ਰੋਗਰਾਮ ਦਾ ਅਨੰਦ ਲੈਣਗੇ। ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਦਾ ਸਮਾਂ ਸ਼ਾਮ 6 ਵਜੇ ਤੋਂ 10 ਵਜੇ ਤੱਕ ਦਾ ਹੋਵੇਗਾ।