ਟੈਕਨੀਕਲ ਸਰਵਿਸਜ਼ ਯੂਨੀਅਨ ਨੇ ਮਈ ਦਿਵਸ ਨੂੰ ਸਾਮਰਾਜ ਵਿਰੋਧੀ ਦਿਵਸ ਵਜੋਂ ਮਨਾਇਆ
ਪੰਜਾਬੀ ਜਾਗਰਣ, ਕੁਲਦੀਪ ਸੰਤੂਨੰਗਲ, ਅਜਨਾਲਾ : ਟੈਕਨੀਕਲ ਸਰਵਿਸਜ ਯੂਨੀਅਨ ਦੇ ਸੂਬਾ ਕਮੇਟੀ ਦੇ ਫੈਸਲੇ ਮੁਤਾਬਕ ਸਬ ਡਵੀਜ਼ਨ ਹਰਸ਼ਾ ਛੀਨਾ ਵਿਖੇ ਕੌਮਾਂਤਰੀ ਮਜ਼ਦੂਰ ਦਿਹਾੜੇ ਮੌਕੇ ਜਥੇਬੰਦੀ ਦਾ ਝੰਡਾ ਲਹਿਰਾਇਆ ਗਿਆ ਅਤੇ ਮਈ ਦਿਵਸ ਦੇ ਸ਼ਹੀਦਾਂ ਨੂੰ ਦੋ ਮਿੰਟ
Publish Date: Fri, 01 May 2026 04:16 PM (IST)
Updated Date: Fri, 01 May 2026 04:20 PM (IST)

ਪੰਜਾਬੀ ਜਾਗਰਣ, ਕੁਲਦੀਪ ਸੰਤੂਨੰਗਲ, ਅਜਨਾਲਾ : ਟੈਕਨੀਕਲ ਸਰਵਿਸਜ ਯੂਨੀਅਨ ਦੇ ਸੂਬਾ ਕਮੇਟੀ ਦੇ ਫੈਸਲੇ ਮੁਤਾਬਕ ਸਬ ਡਵੀਜ਼ਨ ਹਰਸ਼ਾ ਛੀਨਾ ਵਿਖੇ ਕੌਮਾਂਤਰੀ ਮਜ਼ਦੂਰ ਦਿਹਾੜੇ ਮੌਕੇ ਜਥੇਬੰਦੀ ਦਾ ਝੰਡਾ ਲਹਿਰਾਇਆ ਗਿਆ ਅਤੇ ਮਈ ਦਿਵਸ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਇਸ ਨੂੰ ਸਾਮਰਾਜ ਵਿਰੋਧੀ ਦਿਵਸ ਵਜੋਂ ਮਨਾਇਆ। ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਸ਼ਿਕਾਗੋ ਦੇ ਸ਼ਹੀਦਾਂ ਵੱਲੋਂ 1886 ਵਿੱਚ ਸਾਮਰਾਜੀ ਹਾਕਮਾਂ ਵੱਲੋਂ ਮਜ਼ਦੂਰਾਂ ਦੀ ਕੀਤੀ ਜਾਂਦੀ ਲੁੱਟ ਅਤੇ ਗੈਰ ਮਨੁੱਖੀ ਵਰਤਾਰੇ ਵਿਰੁੱਧ ਕੰਮ ਦਿਹਾੜੀ ਅੱਠ ਘੰਟੇ ਕਰਨ ਦੀ ਮੁੱਖ ਮੰਗ ਨੂੰ ਲੈ ਕੇ ਲਾਮਿਸਾਲ ਸੰਘਰਸ਼ ਵਿੱਢਿਆ ਗਿਆ। ਜਿਸ ਤੋਂ ਸਾਮਰਾਜੀ ਕੰਪਨੀਆਂ ਅਤੇ ਹਾਕਮਾਂ ਦੇ ਗੱਠਜੋੜ ਵੱਲੋਂ ਆਪਣੇ ਬਲ ਦਾ ਪ੍ਰਯੋਗ ਕਰਦਿਆਂ ਅਨੇਕਾਂ ਆਗੂਆਂ ਨੂੰ ਸ਼ਹੀਦ ਕੀਤਾ ਤੇ ਅਨੇਕਾਂ ਨੂੰ ਗ੍ਰਿਫਤਾਰ ਕਰਕੇ ਫਾਂਸੀਆਂ ਦੇ ਤਖ਼ਤਿਆਂ ਤੇ ਚਾੜਿਆ ਗਿਆ। ਇਸ ਦੇ ਬਾਵਜੂਦ ਮਜ਼ਦੂਰਾਂ ਦਾ ਰੋਹ ਹੋਰ ਤਿੱਖਾ ਹੋਇਆ ਤਾਂ 1890 ਵਿੱਚ ਹਾਕਮਾਂ ਵੱਲੋਂ ਮਜ਼ਦੂਰ ਮੰਗਾਂ ਨੂੰ ਪ੍ਰਵਾਨ ਕਰਕੇ ਸਮੁੱਚੇ ਸੰਸਾਰ ਅੰਦਰ ਅੱਠ ਘੰਟੇ ਦੀ ਕੰਮ ਦਿਹਾੜੀ ਨੂੰ ਲਾਗੂ ਕਰਨਾ ਪਿਆ। ਪਰ ਅੱਜ ਦੇ ਸਮੇਂ ਲੋਟੂ ਕਾਰਪੋਰੇਟ ਕੰਪਨੀਆਂ ਨੂੰ ਕਿਰਤ ਦੀ ਲੁੱਟ ਕਰਨ ਲਈ ਇਹ ਅੱਠ ਘੰਟੇ ਦੀ ਕੰਮ ਦਿਹਾੜੀ ਵਾਲਾ ਕਾਨੂੰਨ ਰਾਸ ਨਾ ਬੈਠਣ ਕਾਰਨ ਮੁੜ ਸੰਸਾਰ ਅੰਦਰ ਹਾਕਮਾਂ ਰਾਹੀਂ ਕਾਨੂੰਨਾਂ ਦੀ ਭੰਨ ਤੋੜ ਕਰਕੇ ਕੰਮ ਦਿਹਾੜੀ 12 ਘੰਟੇ ਕਰਨ ਨੂੰ ਲਾਗੂ ਕਰਵਾਇਆ ਜਾ ਰਿਹਾ ਹੈ। ਜਿਸ ਦੀ ਮਿਸਾਲ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਕਿਰਤ ਕਾਨੂੰਨਾਂ ਦੀ ਸੋਧ ਕਰਕੇ ਇੱਕ ਅਪ੍ਰੈਲ ਤੋਂ ਇਸ ਨੂੰ ਲਾਗੂ ਕਰ ਦਿੱਤਾ ਗਿਆ ਹੈ। ਇਹ ਸਰਾਸਰ ਗੈਰ ਮਨੁੱਖੀ ਵਰਤਾਰਾ ਹੈ। ਇਹਨਾਂ ਲੇਬਰ ਕੋਡਾਂ ਰਾਹੀਂ ਮਜ਼ਦੂਰਾਂ ਨੂੰ ਜਥੇਬੰਦ ਹੋਣ ਅਤੇ ਸੰਘਰਸ਼ ਕਰਨ ਤੇ ਪਾਬੰਦੀਆਂ ਮੜੀਆਂ ਗਈਆਂ ਹਨ। ਇਹ ਸਰਕਾਰਾਂ ਅਤੇ ਕਾਰਪੋਰੇਟ ਲੋਟੂ ਕੰਪਨੀਆਂ ਵਿਰੁੱਧ ਲੜੇ ਜਾ ਰਹੇ ਸੰਘਰਸ਼ ਦੀ ਜੁਬਾਨਬੰਦੀ ਕਰਨ ਦਾ ਤਿੱਖਾ ਹੱਲਾ ਹੈ। ਆਗੂਆਂ ਨੇ ਸੰਬੋਧਨ ਕਰਦਿਆਂ ਬਿਜਲੀ ਵਿਭਾਗ ਅਤੇ ਵੱਖ ਵੱਖ ਮਹਿਕਮਿਆਂ ਦੇ ਕੀਤੇ ਜਾ ਰਹੇ ਨਿੱਜੀਕਰਨ ਵਿਰੁੱਧ, ਆਊਟਸੋਰਸਿੰਗ ਅਤੇ ਠੇਕੇਦਾਰੀ ਪ੍ਰਣਾਲੀ ਵਿਰੁੱਧ, ਵੱਖ ਵੱਖ ਦੇਸ਼ਾਂ ਨਾਲ ਕੀਤੇ ਜਾ ਰਹੇ ਮੁਕਤ ਵਪਾਰ ਸਮਝੌਤੇ ਵਿਰੁੱਧ, ਬਿਜਲੀ ਖੇਤਰ ਅਤੇ ਹੋਰ ਵਿਭਾਗਾਂ ਦੀਆਂ ਸਰਕਾਰੀ ਜਮੀਨਾਂ ਵੇਚਣ ਵਿਰੁੱਧ ਤਿੱਖੇ, ਸਿਰੜੀ, ਅਤੇ ਲਾਮਿਸਾਲ ਸੰਘਰਸ਼ ਕਰਨ ਦਾ ਸੱਦਾ ਦਿੱਤਾ ਗਿਆ। ਬੁਲਾਰਿਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਇਹ ਲੋਕ ਦੋਖੀ ਫੈਸਲੇ ਵਾਪਸ ਲਏ ਜਾਣ। ਇਕੱਠ ਨੂੰ ਸਰਕਲ ਪ੍ਰਧਾਨ ਮਲਕੀਅਤ ਸਿੰਘ ਸੈਂਸਰਾ, ਸਬ ਡਵੀਜ਼ਨ ਪ੍ਰਧਾਨ ਜੁਗਰਾਜ ਸਿੰਘ ਛੀਨਾ, ਪਰਮਿੰਦਰ ਸਿੰਘ ਅਦਲੀਵਾਲ, ਜਰਨੈਲ ਸਿੰਘ ਸੈਂਸਰਾ ਅਤੇ ਦਵਿੰਦਰ ਸਿੰਘ ਲੋਹਾਰਕਾ ਨੇ ਸੰਬੋਧਨ ਕੀਤਾ।