ਭਾਜਪਾ ਲੋਕ ਸਮੱਸਿਆਵਾਂ ਦੇ ਸਥਾਈ ਹੱਲ ਲਈ ਵਚਨਬੱਧ : ਚੁੱਘ
ਨਗਰ ਕੌਂਸਲ ਚੋਣਾਂ ’ਚ ਭਾਜਪਾ ਦੇ ਉਮੀਦਵਾਰਾਂ ਲਈ ਚੁੱਗ ਨੇ ਕੀਤਾ ਪ੍ਰਚਾਰ
Publish Date: Tue, 19 May 2026 04:50 PM (IST)
Updated Date: Wed, 20 May 2026 04:01 AM (IST)

ਨਗਰ ਕੌਂਸਲ ਚੋਣਾਂ ’ਚ ਭਾਜਪਾ ਦੇ ਉਮੀਦਵਾਰਾਂ ਲਈ ਚੁੱਗ ਨੇ ਕੀਤਾ ਪ੍ਰਚਾਰ ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ, ਮਜੀਠਾ : ਮਜੀਠਾ ਨਗਰ ਕੌਂਸਲ ਚੋਣਾਂ ਵਿਚ ਜਿੱਤ ਦਾ ਦਾਅਵਾ ਕਰਦਿਆਂ ਹੋਇਆ ਭਾਰਤੀ ਜਨਤਾ ਪਾਰਟੀ ਨੇ ਚੋਣ ਪ੍ਰਚਾਰ ਨੂੰ ਤੇਜ਼ ਕਰ ਦਿੱਤਾ ਹੈ। ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਵਿਸ਼ੇਸ਼ ਤੌਰ ’ਤੇ ਮਜੀਠਾ ਪਹੁੰਚੇ। ਉਨ੍ਹਾਂ ਵੱਲੋਂ ਪਾਰਟੀ ਦੇ ਹਲਕਾ ਇੰਚਾਰਜ ਪ੍ਰਦੀਪ ਸਿੰਘ ਭੁੱਲਰ ਦੀ ਅਗਵਾਈ ਵਾਲੀ ਟੀਮ ਨਾਲ ਮਿਲ ਕੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕੀਤਾ। ਮਜੀਠਾ ਸ਼ਹਿਰ ਦੇ ਵਾਰਡ ਨੰਬਰ 1 ਤੋਂ ਭਾਜਪਾ ਉਮੀਦਵਾਰ ਰਮਨਦੀਪ ਕੌਰ ਦੇ ਘਰ ਇਕੱਤਰ ਹੋਏ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਤਰੁਣ ਚੁੱਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਈਆਂ ਲੋਕ ਭਲਾਈ ਯੋਜਨਾਵਾਂ ਅਤੇ ਵਿਕਾਸ ਕਾਰਜਾਂ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਗਰੀਬ ਵਰਗ, ਕਿਸਾਨ ਅਤੇ ਮਹਿਲਾਵਾਂ ਲਈ ਇਤਿਹਾਸਕ ਯੋਜਨਾਵਾਂ ਚਲਾਈਆਂ ਹਨ, ਜਿਨ੍ਹਾਂ ਨੇ ਦੇਸ਼ ਭਰ ਵਿਚ ਲੱਖਾਂ ਲੋਕਾਂ ਦੀ ਜ਼ਿੰਦਗੀ ਬਦਲੀ ਹੈ। ਉਨ੍ਹਾਂ ਮਜੀਠਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵਿਕਾਸ ਦੀ ਇਸ ਲਹਿਰ ਨੂੰ ਆਪਣੇ ਸ਼ਹਿਰ ਵਿਚ ਵੀ ਲਿਆਉਣ ਲਈ ਭਾਜਪਾ ਉਮੀਦਵਾਰਾਂ ਨੂੰ ਆਪਣਿਆਂ ਕੀਮਤੀ ਵੋਟਾਂ ਦੇ ਕੇ ਜਿਤਾਉਣ। ਤਰੁਣ ਚੁੱਘ ਨੇ ਭਰੋਸਾ ਜਤਾਇਆ ਕਿ ਭਾਜਪਾ ਮਜੀਠਾ ਨਗਰ ਕੌਂਸਲ ਦੀਆਂ ਸਾਰੀਆਂ 13 ਵਾਰਡਾਂ ਵਿਚ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰੇਗੀ। ਉਨ੍ਹਾਂ ਕਿਹਾ ਕਿ ਭਾਜਪਾ ਦਾ ਮੁੱਖ ਫੋਕਸ ਸ਼ਹਿਰੀਆਂ ਦੀਆਂ ਰੋਜ਼ਾਨਾ ਸਮੱਸਿਆਵਾਂ ਨੂੰ ਹੱਲ ਕਰਨ ਤੇ ਹੈ, ਜਿਨ੍ਹਾਂ ਵਿਚ ਖਾਸ ਤੌਰ ਤੇ ਸਫਾਈ ਵਿਵਸਥਾ, ਸੜਕਾਂ ਤੇ ਲਾਈਟਾਂ, ਗੰਦੇ ਪਾਣੀ ਦਾ ਨਿਕਾਸ ਅਤੇ ਹਰ ਘਰ ਤੱਕ ਸ਼ੁੱਧ ਪੀਣ ਵਾਲਾ ਪਾਣੀ ਪਹੁੰਚਾਉਣਾ ਹੈ। ਇਸ ਲਈ ਪ੍ਰਧਾਨ ਮੰਤਰੀ ਜਲ ਜੀਵਨ ਮਿਸ਼ਨ ਤਹਿਤ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਪ੍ਰੈੱਸ ਕਾਨਫਰੰਸ ਦੌਰਾਨ ਤਰੁਣ ਚੁੱਗ ਨੇ ਆਪ ਸਰਕਾਰ ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਪੰਜਾਬ ਵਿਚ ਆਪ ਸਰਕਾਰ ਆਉਣ ਤੋਂ ਬਾਅਦ ਅਪਰਾਧ ਅਤੇ ਨਸ਼ਿਆਂ ਦੀ ਸਮੱਸਿਆ ਹੱਦੋਂ ਵੱਧ ਵਧੀ ਹੈ। ਨਸ਼ਾ ਖੁੱਲ੍ਹ ਕੇ ਵਿਕ ਰਿਹਾ ਹੈ ਅਤੇ ਨੌਜਵਾਨ ਇਸ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਲੋਕਾਂ ਦੀਆਂ ਇਨ੍ਹਾਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਸਮਝਦੀ ਹੈ ਤੇ ਉਨ੍ਹਾਂ ਦੇ ਸਥਾਈ ਹੱਲ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਮੌਕੇ ਵਾਰਡ ਨੰਬਰ ਇਕ ਤੋਂ ਊਮੀਦਵਾਰ ਰਮਨਦੀਪ ਕੌਰ, ਸਾਬਕਾ ਜਿਲਾ ਪ੍ਰਧਾਨ ਮਨਜੀਤ ਸਿੰਘ ਮੰਨਾ, ਰਾਕੇਸ਼ ਕੁਮਾਰ ਪੱਪਾ, ਹਰਦਿਆਲ ਸਿੰਘ ਇਲੈਕਸ਼ਨ ਇੰਚਾਰਜ, ਗੁਰਮੁਖ ਸਿੰਘ ਕਾਦਰਾਬਾਦ, ਦਵਿੰਦਰਪਾਲ ਸਿੰਘ ਮਾਹਲਾ, ਧਰਮਿੰਦਰ ਚੋਹਾਨ, ਗੋਲਡੀ ਚੋਹਾਨ, ਕ੍ਰਿਪਾਲ ਸਿੰਘ ਬਿੱਕਾ, ਜਗਦੀਪ ਸਿੰਘ, ਸਰਬਜੀਤ ਕੌਰ ਅਤੇ ਹੋਰ ਭਾਜਪਾ ਆਗੂ ਹਾਜ਼ਰ ਸਨ।